ਹਿਮਾਚਲ ਵਲੋਂ ਵਧਾਈ ਐਂਟਰੀ ਫੀਸ ਦਾ ਟਰੱਕ ਯੂਨੀਅਨ ਵੱਲੋਂ ਵਿਰੋਧ
ਹਿਮਾਚਲ ਪ੍ਰਦੇਸ਼ ਵਲੋਂ ਵਧਾਏ ਜਾ ਰਹੇ ਐਂਟਰੀ ਫੀਸ ਦਾ ਸਰਹੱਦੀ ਇਲਾਕੇ ਅਤੇ ਟਰੱਕ ਯੂਨੀਅਨ ਵੱਲੋਂ ਵਿਰੋਧ
Publish Date: Thu, 19 Feb 2026 06:55 PM (IST)
Updated Date: Thu, 19 Feb 2026 06:57 PM (IST)

ਨਿਯਮਾਂ ਅਨੁਸਾਰ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਟੋਲ ਤੋਂ ਛੋਟ ਮਿਲਣੀ ਚਾਹੀਦੀ ਹੈ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਗਰਾਂ ਮੋੜਾ ’ਤੇ ਹਿਮਾਚਲ ਪ੍ਰਦੇਸ਼ ਵੱਲੋਂ ਲਗਾਏ ਗਏ ਟੋਲ ਟੈਕਸ ਬੈਰੀਅਰ ਦੇ ਰੇਟ ਆਉਣ ਵਾਲੀ ਇਕ ਅਪ੍ਰੈਲ ਤੋਂ ਵਧਾਏ ਜਾ ਰਹੇ ਹਨ ਜਿਸ ਕਾਰਨ ਪੂਰੇ ਚੰਗਰ ਇਲਾਕੇ ਅਤੇ ਟਰੱਕ ਯੂਨੀਅਨ ਕੀਰਤਪੁਰ ਸਾਹਿਬ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀ ਕੀਰਤਪੁਰ ਸਾਹਿਬ ਟਰੱਕ ਆਪਰੇਟਰ ਟਰਾਂਸਪੋਰਟ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਦੁਆਰ ਤੇ ਹਿਮਾਚਲ ਪ੍ਰਦੇਸ਼ ਵੱਲੋਂ ਲਗਾਏ ਗਏ ਐਂਟਰੀ ਫੀਸ ਵਿਚ ਬੇਤਹਾਸ਼ਾ ਵਾਧਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਚੰਗਰ ਇਲਾਕੇ ਵਿਚ ਰਹਿੰਦੇ ਲੋਕਾਂ ਦੀਆਂ ਸੋ ਰਿਸ਼ਤੇਦਾਰੀਆ ਹਿਮਾਚਲ ਪ੍ਰਦੇਸ਼ ਵਿਚ ਹਨ ਅਤੇ ਉਹਨਾਂ ਨੂੰ ਰੋਜਾਨਾ ਆਪਣੇ ਰਿਸ਼ਤੇਦਾਰੀ ਵਿਚ ਵਿਆਹ ਸਮਾਗਮ ਭੋਗ ਅਤੇ ਹੋਰ ਨਿੱਜੀ ਕੰਮਾਂ ਕਰਕੇ ਹਿਮਾਚਲ ਪ੍ਰਦੇਸ਼ ਜਾਣਾ ਪੈਂਦਾ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਗਰਾਂ ਮੋੜਾ ਟੋਲ ਪਲਾਜ਼ਾ ਲੱਗਿਆ ਹੋਇਆ ਜੋ ਕਿ ਬਹੁਤ ਮਹਿੰਗਾ ਹੈ, ਉਸ ਤੋਂ ਇੱਕ ਡੇਢ ਕਿਲੋਮੀਟਰ ਅੱਗੇ ਹਿਮਾਚਲ ਪ੍ਰਦੇਸ਼ ਦਾ ਐਂਟਰੀ ਟੋਲ ਟੈਕਸ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਾਰ ਦਾ 30 ਰੁਪਏ ਦਾ ਟੈਕਸ ਕੱਟਿਆ ਜਾਂਦਾ ਸੀ ਜੋ ਹੁਣ ਵਧਾ ਕੇ 70 ਰੁਪਏ ਕੀਤਾ ਗਿਆ ਸੀ ਅਤੇ ਹੁਣ ਆਉਣ ਵਾਲੇ ਇਕ ਅਪ੍ਰੈਲ ਤੋਂ ਟੋਲ ਟੈਕਸ ਵਧਾ ਕੇ ਪੰਜ ਸੀਟਾ ਵਾਲੀ ਕਾਰ ’ਤੇ 130 ਰੁਪਏ ਇਨੋਵਾ, ਥਾਰ, ਵੈਨ ਦੇ 170 ਬੱਸ ਦਾ ਹਿਮਾਚਲ ਪ੍ਰਵੇਸ਼ ਟੈਕਸ 570 ਰੁਪਏ ਅਤੇ ਹੈਵੀ ਟਰੱਕ ਦਾ 900 ਕੀਤਾ ਜਾ ਰਿਹਾ ਹੈ ਜੋ ਕਿ ਇਕਦਮ ਦੁਗਣੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਟਰਾਂਸਪੋਰਟ ਦਾ ਧੰਦਾ ਪਹਿਲਾਂ ਹੀ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉਤੋਂ ਸਰਕਾਰਾਂ ਇਸ ਧੰਦੇ ਨੂੰ ਖਤਮ ਕਰਨ ਵਿਚ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਰਹੱਦੀ ਇਲਾਕੇ ਕਰਕੇ ਚੰਗਰ ਵਾਸੀਆਂ ਨੂੰ ਰੋਜਾਨਾ ਹਿਮਾਚਲ ਪੰਜਾਬ ਜਾਣਾ ਪੈਂਦਾ ਹੈ। ਉਹਨਾਂ ਕਿਹਾ ਕਿ ਨਿਯਮਾਂ ਅਨੁਸਾਰ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਟੋਲ ਤੋਂ ਛੋਟ ਮਿਲਣੀ ਚਾਹੀਦੀ ਹੈ, ਪਰ ਟੋਲ ਕਰਮਚਾਰੀ ਬਦਮਾਸ਼ੀ ਕਰਕੇ ਧੱਕੇ ਨਾਲ ਟੋਲ ਕਟਦੇ ਹਨ। ਉਹਨਾਂ ਕਿਹਾ ਕਿ ਪਹਿਲਾਂ ਹੀ ਟੋਲ ਗਲਤ ਜਗ੍ਹਾ ’ਤੇ ਲੱਗਿਆ ਹੋਇਆ ਹੈ ਇਸ ਜਗ੍ਹਾਂ ’ਤੇ ਚੜਾਈ ਹੋਣ ਕਰਕੇ ਕਈ ਵਾਰ ਟਰੱਕਾਂ ਦਾ ਨੁਕਸਾਨ ਵੀ ਹੋਇਆ ਹੈ, ਅਤੇ ਗਰਮੀਆਂ ਦੇ ਸੀਜਨ ਵਿਚ ਇਸ ਜਗ੍ਹਾ ’ਤੇ ਲੰਬਾ ਜਾਮ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸੈਲਾਨੀਆਂ ਤੇ ਵੀ ਇਸ ਦਾ ਪ੍ਰਭਾਵ ਪਵੇਗਾ। ਪਹਿਲਾਂ ਹੀ ਤਾਂ ਇਹ ਟੋਲ ਪਲਾਜ਼ਾ ਇਸ ਜਗ੍ਹਾ ਤੋਂ ਬਦਲ ਕੇ ਹੋਰ ਜਗ੍ਹਾ ਲਗਾਉਣ ਲਈ ਟਰੱਕ ਆਪਰੇਟਰਾਂ ਵੱਲੋਂ ਕਈ ਵਾਰ ਸੰਘਰਸ਼ ਵੀ ਕੀਤਾ ਗਿਆ ਅਤੇ ਟਰਾਂਸਪੋਰਟਰਾਂ ਵੱਲੋਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਸੀ। ਬਲਵੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਇੱਕ ਵਾਰ ਫਿਰ ਸੋਚ ਕੇ ਟੋਲ ਟੈਕਸ ਵਾਧੇ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਦੇ ਜ਼ਿਆਦਾਤਰ ਲੋਕ ਇਲਾਜ ਕਰਵਾਉਣ ਲਈ ਏਮਜ ਹਸਪਤਾਲ ਬਿਲਾਸਪੁਰ ਜਾਂਦੇ ਹਨ, ਇਹ ਵਧੇ ਹੋਏ ਰੇਟ ਮਰੀਜ਼ਾਂ ਲਈ ਵੀ ਮੁਸ਼ਕਲ ਖੜ੍ਹੀ ਕਰਨਗੇ। ਬਲਬੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਵੱਲੋਂ ਕੀਤੇ ਇਸ ਟੋਲ ਟੈਕਸ ਵਾਧੇ ਨੂੰ ਤੁਰੰਤ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਪੂਰੇ ਚੰਗਰ ਇਲਾਕੇ ਅਤੇ ਸਰਹੱਦੀ ਇਲਾਕੇ ਦੇ ਪਿੰਡਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਪੂਰਨ ਤੌਰ ’ਤੇ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।