ਵਿਦੇਸ਼ ਭੇਜਣ ਦੇ ਨਾਮ ’ਤੇ ਨੌਜਵਾਨਾਂ ਨਾਲ ਧੋਖਾਧੜੀ
ਵਿਦੇਸ਼ ਭੇਜਣ ਦੇ ਨਾਮ ’ਤੇ ਨੌਜਵਾਨਾਂ ਨਾਲ ਨਹੀਂ ਰੁਕ ਰਹੀ ਧੋਖਾਧੜੀ
Publish Date: Sat, 18 Oct 2025 07:04 PM (IST)
Updated Date: Sat, 18 Oct 2025 07:05 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਵਿਦੇਸ਼ਾਂ ਵਿਚ ਚੰਗੀ ਰੋਜ਼ੀ-ਰੋਟੀ ਦੀ ਉਮੀਦ ਨਾਲ ਗਏ ਪੰਜਾਬ ਦੇ ਨੌਜਵਾਨਾਂ ਨਾਲ ਧੋਖਾਧੜੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਨੂਰਪੁਰ ਬੇਦੀ ਦੇ ਪਿੰਡ ਬੈਂਸ ਸਮੇਤ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਨਾਲ ਜੁੜਿਆ ਸਾਹਮਣੇ ਆਇਆ ਹੈ, ਜਿੱਥੇ ਪਿੰਡ ਬੈਂਸ ਦੇ ਨੌਜਵਾਨ ਹਰਵਿੰਦਰ ਸਿੰਘ ਸਮੇਤ ਕੁੱਲ ਸੱਤ ਨੌਜਵਾਨਾਂ ਜਿਨ੍ਹਾਂ ਵਿਚ ਮਨਜੀਤ ਸਿੰਘ ਘਨੋਲੀ, ਅਮਰਜੀਤ ਸਿੰਘ ਪਿੰਡ ਬ੍ਰਹਮਪੁਰ, ਹਰਦੀਪ ਸਿੰਘ ਪਿੰਡ ਪੱਤੀ, ਹਰਵਿੰਦਰ ਸਿੰਘ ਪਿੰਡ ਮੌੜਾ, ਅਵਤਾਰ ਸਿੰਘ ਪਿੰਡ ਢੇਰ ਅਤੇ ਗੁਰਪ੍ਰੀਤ ਸਿੰਘ ਨੂੰ ਤਜਾਕਿਸਤਾਨ ਵਿਚ ਧੋਖੇ ਨਾਲ ਫਸਾ ਦਿੱਤਾ ਗਿਆ ਹੈ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਨਾਂ ਨੂੰ ਨੰਗਲ ਦੇ ਇੱਕ ਏਜੰਟ ਨੇ “ਡਰਾਈਵਰੀ ਦੀ ਨੌਕਰੀ” ਦੇ ਨਾਂ ’ਤੇ ਵਿਦੇਸ਼ ਭੇਜਿਆ ਸੀ। ਏਜੰਟ ਨੇ ਉਨ੍ਹਾਂ ਨੂੰ ਸੁਹਾਵਣੇ ਸੁਪਨੇ ਵਿਖਾ ਕੇ ਕਿਹਾ ਸੀ ਕਿ ਉਥੇ ਵਧੀਆ ਤਨਖਾਹ ਵਾਲੀ ਨੌਕਰੀ ਮਿਲੇਗੀ ਅਤੇ ਰਹਿਣ-ਖਾਣ ਦੀ ਵੀ ਸੁਵਿਧਾ ਹੋਵੇਗੀ। ਪਰ ਜਦੋਂ ਉਹ ਤਜਾਕਿਸਤਾਨ ਪਹੁੰਚੇ ਤਾਂ ਹਕੀਕਤ ਬਿਲਕੁਲ ਉਲਟ ਨਿਕਲੀ। ਹਰਵਿੰਦਰ ਸਿੰਘ ਨੇ ਤਜਾਕਿਸਤਾਨ ਤੋਂ ਆਪਣੇ ਮੋਬਾਈਲ ਤੋਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਥੇ ਪਹੁੰਚਣ ਤੋਂ ਬਾਅਦ ਉਨਾਂ ਤੋਂ ਜਬਰਦਸਤੀ ਲੇਬਰ ਦੇ ਕੰਮ ਕਰਵਾਏ ਜਾ ਰਹੇ ਹਨ, ਜੋ ਉਨਾਂ ਦੀ ਸਮਰੱਥਾ ਤੋਂ ਬਾਹਰ ਹਨ। ਡਰਾਈਵਰੀ ਦੇ ਨਾਂ ’ਤੇ ਗਏ ਨੌਜਵਾਨਾਂ ਨੂੰ ਇੱਟਾਂ ਢੋਣ, ਸਮਾਨ ਚੁੱਕਣ ਅਤੇ ਹੋਰ ਕਠਿਨ ਮਜ਼ਦੂਰੀ ਕਰਨੀ ਪੈ ਰਹੀ ਹੈ। ਉਪਰੋਂ ਉਨ੍ਹਾਂ ਦੇ ਪਾਸਪੋਰਟ ਵੀ ਜਬਤ ਕਰ ਲਏ ਗਏ ਹਨ, ਜਿਸ ਕਾਰਨ ਉਹ ਵਾਪਸ ਆਉਣ ਦੇ ਯੋਗ ਨਹੀਂ ਰਹੇ। ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਹ ਭਾਰਤ ਵਾਪਸ ਜਾਣ ਲਈ ਕਹਿੰਦੇ ਹਨ ਤਾਂ ਉਨ੍ਹਾਂ ਤੋਂ 50 ਹਜਾਰ ਰੁਪਏ ਪ੍ਰਤੀ ਨੌਜਵਾਨ ਮੰਗੇ ਜਾ ਰਹੇ ਹਨ ਅਤੇ ਇੰਨੇ ਪੈਸੇ ਉਹ ਹੁਣ ਦੇਣ ਤੋਂ ਅਸਮਰਥ ਹਨ। ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਭਾਰਤ ਵਾਪਸੀ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਉਨਾਂ ਇਹ ਵੀ ਮੰਗ ਕੀਤੀ ਹੈ ਕਿ ਨੰਗਲ ਦੇ ਉਕਤ ਏਜੰਟ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਸ ਤੋਂ ਉਨ੍ਹਾਂ ਦੇ ਲਏ ਗਏ ਪੈਸੇ ਵਾਪਸ ਦਿਵਾਏ ਜਾਣ।ਪਰਿਵਾਰਾਂ ਦਾ ਕਹਿਣਾ ਹੈ ਕਿ ਉਨਾਂ ਨੇ ਆਪਣੀ ਜਾਇਦਾਦ ਵੇਚ ਕੇ ਜਾਂ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਸੀ, ਪਰ ਹੁਣ ਉਹ ਧੋਖੇ ਦਾ ਸ਼ਿਕਾਰ ਹੋ ਚੁੱਕੇ ਹਨ। ਉਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਜਾਕਿਸਤਾਨ ਵਿਚ ਫਸੇ ਇਨ੍ਹਾਂ ਨੌਜਵਾਨਾਂ ਦੀ ਜ਼ਿੰਦਗੀ ਬਚਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਵਿਦੇਸ਼ ਰੋਜ਼ਗਾਰ ਦੇ ਨਾਂ ’ਤੇ ਨੌਜਵਾਨਾਂ ਨਾਲ ਹੋ ਰਹੀ ਧੋਖਾਧੜੀ ’ਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਹੋਰ ਮਾਸੂਮ ਇਸ ਜਾਲ ਵਿਚ ਨਾ ਫਸੇ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਵਿਦੇਸ਼ ਜਾਣ ਤੋਂ ਪਹਿਲਾਂ ਨੌਜਵਾਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਉਨਾਂ ਪੰਜਾਬ ਸਰਕਾਰ ਤੋਂ ਅਜਿਹੇ ਧੋਖੇਬਾਜ਼ ਏਜੰਟਾਂ ਵਿਰੁੱਧ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ।