ਗਰੀਬਾਂ ਦਾ ਮਸੀਹਾ ਭਾਈ ਜੈਤਾ ਜੀ ਸਰਕਾਰੀ ਹਸਪਤਾਲ
ਗਰੀਬਾਂ ਲਈ ਮਸੀਹਾ: ਭਾਈ ਜੈਤਾ ਜੀ ਸਰਕਾਰੀ ਹਸਪਤਾਲ
Publish Date: Thu, 16 Oct 2025 04:52 PM (IST)
Updated Date: Thu, 16 Oct 2025 04:53 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਆਮ ਤੌਰ ‘ਤੇ ਜਦੋਂ ਸਰਕਾਰੀ ਹਸਪਤਾਲਾਂ ਦਾ ਜ਼ਿਕਰ ਹੁੰਦਾ ਹੈ, ਤਾਂ ਲੋਕਾਂ ਦੇ ਮਨ ਵਿਚ ਸਭ ਤੋਂ ਪਹਿਲਾਂ ਗੰਦਗੀ, ਲਾਪਰਵਾਹੀ ਅਤੇ ਬੇ-ਧਿਆਨੀ ਦੀ ਤਸਵੀਰ ਉਭਰਦੀ ਹੈ। ਪਰ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦਾ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਇਸ ਸੋਚ ਨੂੰ ਬਦਲ ਰਿਹਾ ਹੈ। ਇਹ ਹਸਪਤਾਲ ਅੱਜ ਗਰੀਬਾਂ ਲਈ ਸੱਚੇ ਮਸੀਹੇ ਵਾਂਗ ਸਾਬਤ ਹੋ ਰਿਹਾ ਹੈ। ਸਵੇਰੇ ਅੱਠ ਵਜੇ ਤੋਂ ਪਹਿਲਾਂ ਹੀ ਇਲਾਜ ਲਈ ਆਏ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਇਸ ਗੱਲ ਦਾ ਸਬੂਤ ਹਨ ਕਿ ਲੋਕਾਂ ਦਾ ਇਸ ਹਸਪਤਾਲ ਤੇ ਕਿੰਨਾ ਵਿਸ਼ਵਾਸ ਹੈ। ਦਸ ਰੁਪਏ ਦੀ ਪਰਚੀ ਕਟਵਾ ਕੇ 250 ਤੋਂ 300 ਦੇ ਕਰੀਬ ਮਰੀਜ਼ ਹਰ ਰੋਜ਼ ਡਾਕਟਰਾਂ ਕੋਲ ਚੈੱਕਅਪ ਕਰਾਉਂਦੇ ਹਨ। ਬਾਹਰ ਪ੍ਰਾਈਵੇਟ ਕਲੀਨਿਕਾਂ ਵਿਚ ਜਿੱਥੇ ਛੋਟਾ ਜਿਹਾ ਚੈੱਕਅਪ ਵੀ ਸੈਂਕੜਿਆਂ ਰੁਪਏ ਦਾ ਹੁੰਦਾ ਹੈ, ਉਥੇ ਇਸ ਹਸਪਤਾਲ ਵਿਚ ਲੋਕਾਂ ਨੂੰ ਸਸਤੀ ਅਤੇ ਸਹੂਲਤ ਭਰੀ ਸਿਹਤ ਸੇਵਾ ਮਿਲ ਰਹੀ ਹੈ। ਇੱਥੋਂ ਦੇ ਡਾਕਟਰਾਂ ਵਿਚੋਂ ਖ਼ਾਸ ਕਰ ਡਾ. ਰਣਬੀਰ ਸਿੰਘ ਦਾ ਨਾਂ ਲੋਕਾਂ ਦੀ ਜ਼ਬਾਨ ਤੇ ਹੈ। ਮਰੀਜ਼ ਉਹਨਾਂ ਨੂੰ ਇਲਾਕੇ ਦਾ ਮਸੀਹਾ ਕਹਿੰਦੇ ਹਨ ਕਿਉਂਕਿ ਉਹ ਆਪਣੀ ਡਿਊਟੀ ਸਮੇਂ ਤੋਂ ਕਾਫ਼ੀ ਵੱਧ ਘੰਟੇ ਹਸਪਤਾਲ ਵਿਚ ਬਿਤਾਉਂਦੇ ਹਨ। ਮਰੀਜ਼ਾਂ ਨਾਲ ਨਰਮ ਸੁਭਾਉ, ਸਬਰ ਅਤੇ ਸੇਵਾ ਭਾਵ ਨਾਲ ਭਰਪੂਰ ਵਿਵਹਾਰ ਨੇ ਉਹਨਾਂ ਨੂੰ ਲੋਕਾਂ ਦੇ ਦਿਲਾਂ ਵਿਚ ਵੱਖਰੀ ਥਾਂ ਦਿੱਤੀ ਹੈ। ਇੱਥੇ ਹੋਰ ਸਾਰੇ ਡਾਕਟਰ ਅਤੇ ਨਰਸਾਂ ਵੀ ਆਪਣੇ ਫਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਰਾਤ ਦੇ ਸਮੇਂ ਜਦੋਂ ਕਿਤੇ ਐਕਸੀਡੈਂਟ ਹੋ ਜਾਵੇ ਜਾਂ ਕਿਸੇ ਦੀ ਅਚਾਨਕ ਤਬੀਅਤ ਖ਼ਰਾਬ ਹੋਵੇ, ਤਾਂ ਇਹ ਹਸਪਤਾਲ ਹੀ ਸਭ ਤੋਂ ਪਹਿਲਾਂ ਮਦਦ ਲਈ ਖੜ੍ਹਾ ਮਿਲਦਾ ਹੈ। 24 ਘੰਟੇ ਡਿਊਟੀ ‘ਤੇ ਤੈਨਾਤ ਸਟਾਫ ਅਤੇ ਡਾਕਟਰਾਂ ਦੀ ਇਹ ਟੀਮ ਬਿਨ੍ਹਾਂ ਰੁਕੇ ਮਰੀਜ਼ਾਂ ਦੀ ਸੇਵਾ ਕਰਦੀ ਹੈ। ਕਈ ਵਾਰ ਹੋਰ ਥਾਵਾਂ ’ਤੇ ਜਿੱਥੇ ਐਮਰਜੈਂਸੀ ਸਹੂਲਤ ਨਹੀਂ ਹੁੰਦੀ, ਉਥੇ ਲੋਕਾਂ ਲਈ ਭਾਈ ਜੈਤਾ ਜੀ ਹਸਪਤਾਲ ਜੀਵਨ ਦਾਤਾ ਸਾਬਤ ਹੁੰਦਾ ਹੈ। ਹਸਪਤਾਲ ਵਿਚ ਉਪਲਬਧ ਮਸ਼ੀਨਰੀ ਅਤੇ ਸਟਾਫ ਦੀ ਗਿਣਤੀ ਸੀਮਤ ਹੋਣ ਦੇ ਬਾਵਜੂਦ ਡਾਕਟਰਾਂ ਦੀ ਲਗਨ ਇਸ ਘਾਟ ਨੂੰ ਕਾਫ਼ੀ ਹੱਦ ਤੱਕ ਪੂਰਾ ਕਰ ਰਹੀ ਹੈ। ਜ਼ਿਆਦਾਤਰ ਦਵਾਈਆਂ ਇੱਥੇ ਮੁਫ਼ਤ ਮਿਲਦੀਆਂ ਹਨ ਅਤੇ ਕਈ ਟੈਸਟ ਜਾਂ ਤਾਂ ਮੁਫ਼ਤ ਜਾਂ ਨਾ ਮਾਤਰ ਫੀਸ ਤੇ ਕੀਤੇ ਜਾਂਦੇ ਹਨ। ਹਾਲਾਂਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਕਮੀ ਹਾਲੇ ਵੀ ਵੱਡੀ ਚੁਣੌਤੀ ਹੈ। ਕੁਝ ਲੈਬ ਮਸ਼ੀਨਾਂ ਪੁਰਾਣੀਆਂ ਹੋ ਚੁੱਕੀਆਂ ਹਨ ਅਤੇ ਨਵੀਆਂ ਮਸ਼ੀਨਾਂ ਦੀ ਤੁਰੰਤ ਲੋੜ ਹੈ। ਇਹ ਹਸਪਤਾਲ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਅਧੀਨ ਹੈ, ਪਰ ਸੱਚਾਈ ਇਹ ਹੈ ਕਿ ਸਰਕਾਰ ਵੱਲੋਂ ਮਿਲਣ ਵਾਲੀ ਆਰਥਿਕ ਸਹਾਇਤਾ ਬਹੁਤ ਘੱਟ ਹੈ। ਇਸ ਕਰਕੇ ਕਈ ਵਾਰ ਮਰੀਜ਼ਾਂ ਨੂੰ ਵਡੇ ਟੈਸਟ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਹੈ। ਜੇਕਰ ਸਰਕਾਰ ਆਪਣਾ ਧਿਆਨ ਵਧਾਏ ਅਤੇ ਸਟਾਫ ਦੀ ਭਰਤੀ ਅਤੇ ਮਸ਼ੀਨਾਂ ਦੀ ਨਵੀਨੀਕਰਣ ’ਤੇ ਫੰਡ ਜਾਰੀ ਕਰੇ, ਤਾਂ ਇਹ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਅੱਗੇ ਨਿਕਲ ਸਕਦਾ ਹੈ। ਇਸ ਹਸਪਤਾਲ ਨੂੰ ਕੇਵਲ ਸਰਕਾਰ ਦੇ ਸਹਾਰੇ ਹੀ ਨਹੀਂ ਛੱਡਣਾ ਚਾਹੀਦਾ ਸਗੋਂ ਸਥਾਨਕ ਲੋਕਾਂ ਦੀ ਭੂਮਿਕਾ ਵੀ ਬਹੁਤ ਅਹਿਮ ਹੈ। ਗੁਰੂ ਸਾਹਿਬਾਂ ਨੇ ਫਰਮਾਇਆ ਹੈ “ਗਰੀਬ ਦਾ ਮੂੰਹ ਗੁਰੂ ਦੀ ਗੋਲਕ”, ਇਸ ਕਰਕੇ ਜੇ ਅਸੀਂ ਆਪਣੇ ਦਸਵੰਧ ਜਾਂ ਸੇਵਾ ਰਾਹੀਂ ਹਸਪਤਾਲ ਦੀਆਂ ਲੋੜਾਂ ਪੂਰੀਆਂ ਕਰੀਏ, ਤਾਂ ਇਹ ਸੇਵਾ ਸਭ ਤੋਂ ਵੱਡੀ ਧਾਰਮਿਕ ਸੇਵਾ ਹੋਵੇਗੀ। ਇਲਾਕੇ ਦੇ ਸੇਵਾ ਪ੍ਰੇਮੀ ਲੋਕ, ਸਮਾਜਿਕ ਸੰਗਠਨ ਜੇਕਰ ਇਸ ਮਿਸ਼ਨ ਵਿਚ ਹਿੱਸਾ ਲੈਣ, ਤਾਂ ਇਹ ਹਸਪਤਾਲ ਗੁਰੂ ਨਗਰੀ ਦੀ ਮਾਣ ਵਧਾ ਸਕਦਾ ਹੈ। ਭਾਈ ਜੈਤਾ ਜੀ ਹਸਪਤਾਲ ਦਾ ਇਹ ਸਫ਼ਰ ਸਾਬਤ ਕਰਦਾ ਹੈ ਕਿ ਜੇ ਮਨੁੱਖੀ ਸੇਵਾ ਤੇ ਸੱਚੇ ਜਜ਼ਬੇ ਨਾਲ ਕੰਮ ਕੀਤਾ ਜਾਵੇ ਤਾਂ ਸਰਕਾਰੀ ਹਸਪਤਾਲ ਵੀ ਲੋਕਾਂ ਦੇ ਵਿਸ਼ਵਾਸ ਦਾ ਕੇਂਦਰ ਬਣ ਸਕਦੇ ਹਨ। ਅੱਜ ਜਦੋਂ ਹਰ ਚੀਜ਼ ਦਾ ਵਪਾਰ ਹੋ ਗਿਆ ਹੈ, ਉਥੇ ਇਹ ਹਸਪਤਾਲ ਗਰੀਬਾਂ ਲਈ ਆਸ ਦੀ ਕਿਰਣ ਬਣਿਆ ਹੋਇਆ ਹੈ। ਆਓ ਅਸੀਂ ਇਸ ਹਸਪਤਾਲ ਦੀ ਸੰਭਾਲ ਵਿਚ ਆਪਣਾ ਹਿੱਸਾ ਪਾਈਏ, ਕਿਉਂਕਿ ਗੁਰੂ ਨਗਰੀ ਦੇ ਇਹ ਸਿਹਤ ਮੰਦਰ ਹੀ ਸਾਡੇ ਸਮਾਜ ਦੀ ਤੰਦਰੁਸਤੀ ਦਾ ਅਸਲ ਆਧਾਰ ਹਨ।