ਪਿੰਡ ਮਵਾ ਦੀ ਪੰਚਾਇਤ ਵੱਲੋਂ ਪ੍ਰਵਾਸੀਆਂ ’ਤੇ ਲਾਗੂ ਕੀਤੇ ਨਵੇਂ ਨਿਯਮ
ਪਿੰਡ ਮਵਾ ਪੰਚਾਇਤ ਵੱਲੋਂ ਸਖ਼ਤ ਫ਼ੈਸਲੇ ਪ੍ਰਵਾਸੀਆਂ ‘ਤੇ ਲਾਗੂ ਕੀਤੇ ਨਵੇਂ ਨਿਯਮ
Publish Date: Thu, 18 Sep 2025 06:16 PM (IST)
Updated Date: Thu, 18 Sep 2025 06:17 PM (IST)

ਹੁਸ਼ਿਆਰਪੁਰ ਵਿਚ ਪ੍ਰਵਾਸੀ ਵੱਲੋਂ ਬੱਚੇ ਨਾਲ ਕੀਤੀ ਗਈ ਦਰਿੰਦਗੀ ਦੀ ਕੀਤੀ ਸਖਤ ਨਿੰਦਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪਿੰਡ ਮਵਾ ਵਿਚ ਆਮ ਇਜਲਾਸ ਦੌਰਾਨ ਪੰਚਾਇਤ ਨੇ ਮਹੱਤਵਪੂਰਨ ਅਤੇ ਸਖ਼ਤ ਫ਼ੈਸਲੇ ਲੈਂਦੇ ਹੋਏ ਪ੍ਰਵਾਸੀਆਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ। ਇਜਲਾਸ ਦੀ ਸ਼ੁਰੂਆਤ ਹੁਸ਼ਿਆਰਪੁਰ ਵਿਚ ਇੱਕ ਪ੍ਰਵਾਸੀ ਵੱਲੋਂ ਪੰਜ ਸਾਲਾ ਬੱਚੇ ਨਾਲ ਹੋਈ ਦਰਿੰਦਗੀ ਅਤੇ ਉਸ ਦੀ ਮੌਤ ‘ਤੇ ਗਹਿਰੇ ਦੁੱਖ ਪ੍ਰਗਟਾਉਣ ਨਾਲ ਕੀਤੀ ਗਈ। ਸਰਪੰਚ ਸੰਜੀਵ ਕੁਮਾਰ ਨੇ ਇਜਲਾਸ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਪਿੰਡ ਦੇ ਅੰਦਰ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਨਹੀਂ ਬਣਾਇਆ ਜਾਵੇਗਾ ਅਤੇ ਜਿਨ੍ਹਾਂ ਦਾ ਪਹਿਲਾਂ ਤੋਂ ਬਣਿਆ ਹੈ ਉਹਨਾਂ ਨੂੰ ਕੈਂਸਲ ਕਰਵਾਉਣ ਲਈ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਕੋਈ ਵੀ ਪਿੰਡ ਵਾਸੀ ਆਪਣਾ ਘਰ ਕਿਰਾਏ ‘ਤੇ ਪ੍ਰਵਾਸੀਆਂ ਨੂੰ ਨਹੀਂ ਦੇਵੇਗਾ।ਇਜਲਾਸ ਦੌਰਾਨ ਮਜ਼ਦੂਰਾਂ ਦੀ ਮਜ਼ਦੂਰੀ ਦਰ ਵੀ ਨਿਰਧਾਰਤ ਕੀਤੀ ਗਈ। ਪੰਚਾਇਤ ਵੱਲੋਂ ਲਏ ਫ਼ੈਸਲਿਆਂ ਦੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ‘ਤੇ ਪੰਚਾਂ ਬਲਜੀਤ ਕੌਰ, ਰਾਣੋ ਦੇਵੀ, ਦੀਪਕ ਕੁਮਾਰ, ਨਿਰਮਲ ਸਿੰਘ, ਗੁਰਮੁਖ ਸਿੰਘ ਸਮੇਤ ਮੋਹਤਬਰ ਵਿਅਕਤੀ ਅਤੇ ਸਾਬਕਾ ਸਰਪੰਚ ਹਰਪਾਲ ਸਿੰਘ, ਪ੍ਰੀਤਮ ਸਿੰਘ, ਸ਼ਿਵ ਕੁਮਾਰ, ਅਮਰੀਕ ਸਿੰਘ, ਨੀਰਜ ਕੁਮਾਰ, ਸਿਕੰਦਰ ਸਿੰਘ, ਰਾਮਪਾਲ, ਪ੍ਰੇਮ ਸਿੰਘ, ਰਾਜ ਕੁਮਾਰ, ਸੋਮਨਾਥ, ਕੁਲਦੀਪ ਸਿੰਘ, ਪਰਵਿੰਦਰ ਸਿੰਘ, ਪਿਆਰਾ ਸਿੰਘ, ਸੋਨੀ, ਓਮ ਪ੍ਰਕਾਸ਼, ਮੋਹਣ ਲਾਲ ਆਦਿ ਹਾਜ਼ਰ ਸਨ। ਬਾਕਸ ਇਨ: ਪਿੰਡ ਮਵਾ ਪੰਚਾਇਤ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਜਿਸ ਅਨੁਸਾਰ ਪਿੰਡ ਦੇ ਅੰਦਰ ਪ੍ਰਵਾਸੀਆਂ ਦੇ ਆਧਾਰ ਕਾਰਡ ਨਹੀਂ ਬਣਣਗੇ, ਪੁਰਾਣੇ ਕੈਂਸਲ ਕਰਵਾਏ ਜਾਣਗੇ। ਕੋਈ ਵੀ ਘਰ ਕਿਰਾਏ ‘ਤੇ ਪ੍ਰਵਾਸੀਆਂ ਨੂੰ ਨਹੀਂ ਦਿੱਤਾ ਜਾਵੇਗਾ। ਜਿਨ੍ਹਾਂ ਮੋਟਰਾਂ ‘ਤੇ ਪ੍ਰਵਾਸੀ ਰਹਿੰਦੇ ਹਨ, ਮਾਲਕ ਨੂੰ ਦੋ ਫੋਟੋਆਂ ਤੇ ਆਧਾਰ ਕਾਰਡ ਦੀ ਕਾਪੀ ਸਰਪੰਚ ਕੋਲ ਜਮ੍ਹਾ ਕਰਵਾਉਣੀ ਹੋਵੇਗੀ। ਮਜ਼ਦੂਰਾਂ ਦੀ ਮਜ਼ਦੂਰੀ ਨਿਰਧਾਰਤ ਕਰਦੀਆਂ ਹੋਇਆ ਮਜ਼ਦੂਰ ਨੂੰ ਰੋਟੀ ਸਮੇਤ 400 ਰੁਪਏ ਤੇ ਬਿਨਾਂ ਰੋਟੀ ਤੋਂ ਸੁੱਕੀ-ਪੱਕੀ 450 ਦਿਹਾੜੀ ਦਿੱਤੀ ਜਾਵੇਗੀ। ਪਿੰਡ ਵਿੱਚ ਸਪੀਕਰ ਲਗਾ ਕੇ ਸਬਜ਼ੀਆਂ ਜਾਂ ਸਮਾਨ ਵੇਚਣ ‘ਤੇ ਪਾਬੰਦੀ। ਮਹੰਤਾਂ ਨੂੰ ਵਧਾਈ ਦੇ ਤੌਰ ‘ਤੇ 2100 ਤੋਂ ਵੱਧ ਨਹੀਂ ਦਿੱਤੇ ਜਾਣਗੇ। ਰਸਦ ਇਕੱਠੀ ਕਰਨ ਵਾਲੇ ਵਿਅਕਤੀ ਸਿਰਫ਼ ਗੁਰਦੁਆਰੇ ਜਾਂ ਮੰਦਰ ਵਿੱਚ ਐਲਾਨ ਕਰ ਸਕਣਗੇ, ਘਰ-ਘਰ ਨਹੀਂ ਫਿਰ ਸਕਣਗੇ। ਸੜਕ ‘ਤੇ ਕਬਜ਼ਾ ਕਰਕੇ ਰੈਂਪ ਨਹੀਂ ਬਣੇਗਾ, 22 ਫੁੱਟ ਸੜਕ ਛੱਡ ਕੇ ਜ਼ਮੀਨ ਅੰਦਰ ਰੈਂਪ ਬਣਾਇਆ ਜਾਵੇਗਾ।