ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਅਧੀਨ ਆਉਂਦੇ ਨਵਾਂਸ਼ਹਿਰ-ਬਲਾਚੌਰ ਨੈਸ਼ਨਲ ਹਾਈਵੇ 'ਤੇ ਨਵਾਂਸ਼ਹਿਰ ਬਾਈਪਾਸ 'ਤੇ ਸਥਿਤ ਪਿੰਡ ਚੁਹੜਪੁਰ ਨੂੰ ਜਾਂਦੀ ਸੜਕ 'ਤੇ ਤਿੰਨ ਦਿਨ ਪਹਿਲਾ ਇਕ ਸ਼ਕੀ ਵਸਤੂ ਮਿਲਣ ਅਤੇ ਉਸ ਨੂੰ ਨੇਸਤੋਨਾਬੂਦ ਕਰਨ ਲਈ ਪੁਲਿਸ ਦੀਆਂ ਸਪੈਸ਼ਲ ਟੀਮਾਂ ਅਤੇ ਬੰਬ ਨਕਾਰਾ ਦਸਤੇ ਵੱਲੋਂ ਖਤਮ ਕਰ ਦਿੱਤਾ ਗਿਆ ਸੀ।
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਅਧੀਨ ਆਉਂਦੇ ਨਵਾਂਸ਼ਹਿਰ-ਬਲਾਚੌਰ ਨੈਸ਼ਨਲ ਹਾਈਵੇ 'ਤੇ ਨਵਾਂਸ਼ਹਿਰ ਬਾਈਪਾਸ 'ਤੇ ਸਥਿਤ ਪਿੰਡ ਚੁਹੜਪੁਰ ਨੂੰ ਜਾਂਦੀ ਸੜਕ 'ਤੇ ਤਿੰਨ ਦਿਨ ਪਹਿਲਾ ਇਕ ਸ਼ਕੀ ਵਸਤੂ ਮਿਲਣ ਅਤੇ ਉਸ ਨੂੰ ਨੇਸਤੋਨਾਬੂਦ ਕਰਨ ਲਈ ਪੁਲਿਸ ਦੀਆਂ ਸਪੈਸ਼ਲ ਟੀਮਾਂ ਅਤੇ ਬੰਬ ਨਕਾਰਾ ਦਸਤੇ ਵੱਲੋਂ ਖਤਮ ਕਰ ਦਿੱਤਾ ਗਿਆ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਜ਼ਿਲ੍ਹਾ ਪੁਲਿਸ, ਸੀਆਈਏ ਸਟਾਫ਼ ਅਤੇ ਮੁਹਾਲੀ ਪੁਲਿਸ ਵੱਲੋਂ ਢਾਈ ਕਿਲੋ ਆਰਡੀਐੱਸ, ਇਕ ਗਲੌਕ ਪਿਸਤੌਲ, 4 ਕਾਰਤੂਸਾਂ ਸਮੇਤ ਨਵਾਂਸ਼ਹਿਰ ਦੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦਾ ਖੁਲਾਸਾ ਸੋਸ਼ਲ ਮੀਡੀਆ ਵੱਲੋਂ ਕਰਨ ਤੋਂ ਬਾਅਦ ਜਦੋਂ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਅਤੇ ਡੀਐੱਸਪੀ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਲੇ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜਲਦੀ ਹੀ ਖੁਲਾਸੇ ਮੁਹਾਲੀ ਵਿਖੇ ਉੱਚ ਅਫ਼ਸਰਾਂ ਵੱਲੋਂ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾ ਪੁਲਿਸ ਨੇ ਪਿੰਡ ਚੁਹੜਪੁਰ ਵਿਖੇ ਸ਼ਕੀ ਵਸਤੂ ਮਿਲਣ ਦੇ ਮਾਮਲੇ ਵਿਚ ਕੀਤੀ ਗਈ ਜਾਂਚ ਦੌਰਾਨ ਨਵਾਂਸ਼ਹਿਰ ਦੇ ਦੋ ਨੌਜਵਾਨਾਂ ਮਹਾਵੀਰ ਉਰਫ ਕਾਕਾ ਅਤੇ ਮਨਪ੍ਰੀਤ ਉਰਫ ਮਨੀ ਨੂੰੰ ਕਾਬੂ ਕੀਤਾ ਗਿਆ ਹੈ। ਜਿਨਾਂ ਤੋਂ ਇਸ ਮਾਮਲੇ ਵਿਚ ਅਗਲੀ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ਤੇ ਚੱਲੀ ਖ਼ਬਰ ਤੋਂ ਬਾਅਦ ਲੋਕਾਂ 'ਚ ਇਹ ਚਰਚਾ ਹੈ ਕਿ ਜੇਕਰ ਇਸ ਆਰਡੀਐੱਸ ਰਾਹੀਂ ਕਿਸੇ ਜਨਤਕ ਥਾਂ, ਸਮਾਗਮ ਵਾਲੀ ਥਾਂ ਤੇ ਜੇਕਰ ਕੋਈ ਵਾਰਦਾਤ ਕਰ ਦਿੱਤੀ ਜਾਂਦੀ ਤਾਂ ਕਈ ਕੀਮਤੀ ਜਾਨਾਂ ਦਾ ਅਜਾਈਂ ਨੁਕਸਾਨ ਹੋ ਜਾਣਾ ਸੀ। ਪਰ ਪੁਲਿਸ ਨੇ ਸਮੇਂ ਰਹਿੰਦੇ ਇਸ ਵਾਰਦਾਤ ਨੂੰ ਹੋਣ ਤੋਂ ਪਹਿਲਾ ਰੋਕ ਕੇ ਆਪਣੀ ਚੌਕਸੀ ਸਾਬਤ ਕਰ ਦਿੱਤੀ ਹੈ। ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਵਿਦੇਸ਼ਾਂ ਵਿਚ ਬੈਠੇ ਗਰਮਖਿਆਲੀ ਜਾਂ ਅਸਮਾਜਿਕ ਤੱਤਾਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਅਤੇ ਪੈਸੇ ਦਾ ਲਾਲਚ ਦੇ ਕੇ ਮਾੜੇ ਕੰਮਾ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਪਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਕਰਨ ਨਾਲ ਉਹ ਆਪਣੇ ਦੇਸ਼ ਦੇ ਲੋਕਾਂ ਦਾ ਹੀ ਨੁਕਸਾਨ ਕਰ ਰਹੇ ਹਨ।
ਇਸ ਲਈ ਨੌਜਵਾਨਾਂ ਨੂੰ ਅਜਿਹੇ ਲੋਕਾਂ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ ਹੈ ਅਤੇ ਅਜਿਹੇ ਅਸਮਾਜਿਕ ਤੱਤਾਂ ਤੋਂ ਦੂਰੀ ਬਣਾਉਂਦੇ ਹੋਏ ਪੁਲਿਸ ਨੂੰ ਅਜਿਹੀ ਗਲਤ ਕਾਰਵਾਈਆਂ ਦੀ ਸੂਚਨਾ ਦੇਣੀ ਚਾਹੀਦੀ ਹੈ ਤਾਂ ਜੋ ਸਮੇਂ ਰਹਿੰਦੇ ਪੁਲਿਸ ਵੱਲੋਂ ਇਨ੍ਹਾਂ ਕਾਰਵਾਈਆਂ ਤੇ ਰੋਕ ਲਾਈ ਜਾ ਸਕੇ।