Nawanshahr News : ਪਸ਼ੂਆਂ ਦੇ ਵਾੜੇ 'ਚ ਕੰਮ ਕਰਨ ਵਾਲੇ ਵਿਅਕਤੀ ਦਾ ਅਣਪਛਾਤਿਆਂ ਵੱਲੋਂ ਕਤਲ
ਬੰਗਾ ਦੇ ਮੁਹੱਲਾ ਪੱਟੀ ਮਸੰਦਾ ਵਿਖੇ ਸ਼ੀਤਲਾ ਮਾਤਾ ਮੰਦਰ ਦੇ ਪਿੱਛੇ ਪੈਂਦੇ ਪਸ਼ੂਆਂ ਦੇ ਵਾੜੇ ’ਚ ਕੰਮ ਕਰਨ ਵਾਲੇ ਇਕ ਵਿਅਕਤੀ ਦਾ ਅਣਪਛਾਤਿਆਂ ਵੱਲੋਂ ਬੇਰਹਿਮੀ ਨਾਲ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਹੈ।
Publish Date: Wed, 13 May 2026 07:07 PM (IST)
Updated Date: Wed, 13 May 2026 07:10 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਬੰਗਾ ਦੇ ਮੁਹੱਲਾ ਪੱਟੀ ਮਸੰਦਾ ਵਿਖੇ ਸ਼ੀਤਲਾ ਮਾਤਾ ਮੰਦਰ ਦੇ ਪਿੱਛੇ ਪੈਂਦੇ ਪਸ਼ੂਆਂ ਦੇ ਵਾੜੇ ’ਚ ਕੰਮ ਕਰਨ ਵਾਲੇ ਇਕ ਵਿਅਕਤੀ ਦਾ ਅਣਪਛਾਤਿਆਂ ਵੱਲੋਂ ਬੇਰਹਿਮੀ ਨਾਲ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਹੈ। ਵਾੜੇ ਦੇ ਮਾਲਕ ਸਤਿੰਦਰਜੀਤ ਸਿੰਘ ਮਾਨ ਪੁੱਤਰ ਹਰਦੇਵ ਸਿੰਘ ਮਾਨ ਨਿਵਾਸੀ ਬੰਗਾ ਦੇਰ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਆਪਣੇ ਵਾੜੇ ’ਚ ਆਇਆ ਤਾਂ ਉਸਨੇ ਜਿਵੇਂ ਹੀ ਬਾੜੇ ਦਾ ਗੇਟ ਖੋਲ੍ਹਿਆ ਤਾਂ ਅੱਗੇ ਵਾੜੇ ’ਚ ਕੰਮ ਕਰਨ ਵਾਲੇ ਜਗਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਰੀਲਾ ਸੈਲਾ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕੀਤਾ ਹੋਇਆ ਸੀ। ਉਨ੍ਹਾਂ ਇਹ ਜਾਣਕਾਰੀ ਫੋਨ ਰਾਹੀਂ ਪੁਲਿਸ ਥਾਣਾ ਸਿਟੀ ਬੰਗਾ ਨੂੰ ਦਿੱਤੀ।
ਐੱਸਐੱਚਓ ਜਸਵਿੰਦਰ ਸਿੰਘ ਨੇ ਸਣੇ ਪੁਲਿਸ ਪਾਰਟੀ ਮੌਕੇ ’ਤੇ ਪੁੱਜੇ। ਉਪਰੰਤ ਐੱਸਐੱਸਪੀ ਤੁਸ਼ਾਰ ਗੁਪਤਾ, ਐੱਸਪੀ (ਡੀ) ਸਰਬਜੀਤ ਸਿੰਘ ਬਾਹੀਆ, ਡੀਐੱਸਪੀ (ਡੀ) ਜਤਿੰਦਰ ਸਿੰਘ ਚੌਹਾਨ ਅਤੇ ਡੀਐੱਸਪੀ ਬੰਗਾ ਹਰਜੀਤ ਸਿੰਘ ਰੰਧਾਵਾ ਅਤੇ ਫੋਰੈਂਸਿਕ ਟੀਮ ਸਮੇਤ ਸੀਆਈਏ ਸਟਾਫ ਦੀਆਂ ਟੀਮਾਂ ਵੀ ਪੁੱਜ ਗਈਆਂ। ਕਤਲ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਜਗਤਾਰ ਸਿੰਘ ਦਾ ਭਰਾ ਕੁਲਵੀਰ ਸਿੰਘ, ਸਾਲਾ ਜਸਵੰਤ ਸਿੰਘ ਤੇ ਹੋਰ ਪਰਿਵਾਰਿਕ ਮੈਂਬਰ ਵੀ ਆ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਪਿਛਲੇ ਦੋ ਸਾਲ ਤੋਂ ਉਕਤ ਵਾੜੇ ’ਚ ਪਸ਼ੂਆਂ ਦੀ ਸਾਂਭ-ਸੰਭਾਲ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਦਾ ਕਿਸੇ ਵੀ ਵਿਅਕਤੀ ਨਾਲ ਕੋਈ ਲੜਾਈ ਝਗੜਾ ਨਹੀਂ ਸੀ। ਐੱਸਐੱਚਓ ਨੇ ਦੱਸਿਆ ਕਿ ਵੱਖ-ਵੱਖ ਪੁਲਿਸ ਦੀਆਂ ਟੀਮਾਂ ਕਤਲ ਸੰਬੰਧੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।