ਬਲਾਚੌਰ 'ਚ ਕੌਮੀ ਡੇਂਗੂ ਦਿਵਸ ਮਨਾਇਆ
ਬਲਾਚੌਰ 'ਚ ਕੌਮੀ ਡੇਂਗੂ ਦਿਵਸ ਮਨਾਇਆ
Publish Date: Thu, 21 May 2026 05:16 PM (IST)
Updated Date: Fri, 22 May 2026 04:07 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਦੀ ਅਗਵਾਈ ਹੇਠ ਲੈਫ. ਜਨਰਲ ਬਿਕਰਮ ਸਿੰਘ ਸਬ-ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ। ਜਿਸ ਦੌਰਾਨ ਮੈਡੀਕਲ ਅਫ਼ਸਰ ਡਾ. ਜਤਿੰਦਰ ਪਾਲ ਸਿੰਘ ਨੇ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਤੋਂ ਇਲਾਵਾ ਲੋਕਾਂ ਨੂੰ ਡੇਂਗੂ ਦੇ ਲਾਰਵੇ ਦੀ ਪਛਾਣ ਬਾਰੇ ਵੀ ਦੱਸਿਆ। ਉਨ੍ਹਾਂ ਆਮ ਲੋਕਾਂ ਨੂੰ ਹਫਤੇ ਚ ਇਕ ਵਾਰ ਗਮਲਿਆਂ, ਕੂਲਰਾਂ, ਫਰਿੱਜ ਦੀਆਂ ਟਰੇਆਂ, ਪੁਰਾਣੇ ਟਾਇਰਾਂ ਅਤੇ ਛੱਤਾਂ ਤੇ ਪਏ ਕਬਾੜ ਸਮਾਨ ਵਿਚ ਖੜ੍ਹੇ ਪਾਣੀ ਨੂੰ ਸਾਫ ਕਰਨ ਲਈ ਪ੍ਰੇਰਿਤ ਕੀਤਾ।।ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਣ ਦਾ ਇਕੋ-ਇਕ ਕਾਰਗਰ ਤਰੀਕਾ ਹੈ ਕਿ ਕਿਸੇ ਵੀ ਥਾਂ ਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਤੇ ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ ਮੁਹਿੰਮ ਤਹਿਤ ਲਾਰਵਾ ਖਤਮ ਕਰਨ ਲਈ ਘਰ-ਘਰ ਸਰਵੇ ਤੇ ਜਾਗਰੂਕਤਾ ਮੁਹਿੰਮ ਜ਼ੋਰਾਂ ਤੇ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਕੁੱਝ ਦਿਨਾਂ ਵਿਚ ਖ਼ਤਰਨਾਕ ਮੱਛਰ ਦਾ ਰੂਪ ਲੈ ਲੈਂਦਾ ਹੈ, ਜਿਹੜਾ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ। ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ਤੇ ਨੱਕ, ਮੂੰਹ ਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਹੋਣ ਦਾ ਕੋਈ ਪੱਕਾ ਮੌਸਮ ਨਹੀਂ, ਪਰ ਆਮ ਤੌਰ ਤੇ ਇਹ ਬੁਖ਼ਾਰ ਜੁਲਾਈ ਤੋਂ ਲੈ ਕੇ ਨਵੰਬਰ ਅਖ਼ੀਰ ਤੱਕ ਜ਼ਿਆਦਾ ਹੁੰਦਾ ਹੈ।। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਇਕ ਬੁਖ਼ਾਰ ਹੈ, ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਦਾ ਟੈਸਟ ਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਰਾਮ ਗੋਪਾਲ, ਸਤੀਸ਼ ਕੁਮਾਰ, ਅਮਨਦੀਪ ਸਿੰਘ, ਪ੍ਰਵੀਨ ਕੈਂਥ, ਸੁਰਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।