ਨੰਗਲ ਸ਼ਹਿਰ ਨੂੰ ਮਿਲੇਗੀ ਸਮਾਰਟ ਸੁਰੱਖਿਆ
ਨੰਗਲ ਸ਼ਹਿਰ ਨੂੰ ਮਿਲੇਗੀ ਸਮਾਰਟ ਸੁਰੱਖਿਆ
Publish Date: Sat, 09 May 2026 04:18 PM (IST)
Updated Date: Sat, 09 May 2026 04:20 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ :ਨੰਗਲ ਸ਼ਹਿਰ ਨੂੰ ਆਧੁਨਿਕ ਅਤੇ ਸੁਚੱਜਾ ਬਣਾਉਣ ਵੱਲ ਵੱਡੇ ਕਦਮ ਚੁੱਕੇ ਜਾ ਰਹੇ ਹਨ। ਸ਼੍ਰੀ ਅਨੰਦਪੁਰ ਸਾਹਿਬ ਦੀ ਤਰ੍ਹਾਂ ਹੁਣ ਨੰਗਲ ਨੂੰ ਵੀ ਸੀ.ਸੀ.ਟੀ.ਵੀ ਕੈਮਰਿਆਂ ਨਾਲ ਲੈੱਸ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੌਜੂਦਾ ਸਮੇਂ ਵਿੱਚ 135 ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਵਿੱਚੋਂ ਕੇਵਲ 30 ਹੀ ਚੱਲ ਰਹੇ ਹਨ। ਪ੍ਰਸ਼ਾਸਨ ਵੱਲੋਂ ਬਾਕੀ ਬੰਦ ਕੈਮਰਿਆਂ ਦੀ ਮੁਰੰਮਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਜਿੱਥੇ ਕੈਮਰੇ ਨਹੀਂ ਲੱਗੇ ਉੱਥੇ ਨਵੇਂ ਕੈਮਰੇ ਵੀ ਲਗਾਏ ਜਾਣਗੇ। ਇਹ ਜਾਣਕਾਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇੱਥੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਖ-ਵੱਖ ਇਲਾਕਿਆਂ ਵਿੱਚ ਨਵੇਂ ਬੋਰ ਕਰਵਾਏ ਜਾਣਗੇ। ਇਹ ਕਦਮ ਲੋਕਾਂ ਨੂੰ ਸਾਫ਼ ਅਤੇ ਲਗਾਤਾਰ ਪਾਣੀ ਮੁਹੱਈਆ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਦੇ ਨਾਲ ਹੀ, ਬਰਸਾਤ ਦੇ ਮੌਸਮ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਣ ਲਈ ਸ਼ਹਿਰ ਦੇ ਪੂਰੇ ਸੀਵਰੇਜ ਸਿਸਟਮ ਦੀ ਸਫਾਈ ਕਰਨ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ। ਨੰਗਲ ਨੂੰ ‘ਜ਼ੀਰੋ ਡਾਰਕ ਜੋਨ’ ਬਣਾਉਣ ਲਈ ਵੱਡੇ ਪੱਧਰ ‘ਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਸ਼ਹਿਰ ਦੇ ਹਰ ਕੋਨੇ ਵਿੱਚ ਰੌਸ਼ਨੀ ਪਹੁੰਚਾਉਣ ਲਈ ਮੌਜੂਦਾ ਸਟਰੀਟ ਲਾਈਟਾਂ ਅਤੇ ਮਾਸਕ ਲਾਈਟਾਂ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਜਿੱਥੇ ਲੋੜ ਹੋਵੇਗੀ ਉੱਥੇ ਨਵੀਆਂ ਲਾਈਟਾਂ ਵੀ ਲਗਾਈਆਂ ਜਾਣਗੀਆਂ। ਇਸ ਨਾਲ ਰਾਤ ਦੇ ਸਮੇਂ ਸੁਰੱਖਿਆ ਵਿੱਚ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇਗੀ। ਸੁੰਦਰਤਾ ਵਧਾਉਣ ਲਈ ਵੀ ਨੰਗਲ ਵਿੱਚ ਕਈ ਉਪਰਾਲੇ ਕੀਤੇ ਜਾਣਗੇ। ਨਹਿਰ ਦੇ ਨਾਲ ਲੱਗੀਆਂ ਰੈਲਿੰਗਾਂ ‘ਤੇ ਬੋਗਨਵਿਲੀਆ ਦੇ ਪੌਦੇ ਲਗਾਏ ਜਾਣਗੇ ਅਤੇ ਨਹਿਰ ‘ਤੇ ਬਣੇ ਪੁੱਲਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਾਲ ਆਰਟ ਬਣਾਈ ਜਾਵੇਗੀ ਅਤੇ ਸਾਰੇ ਪਾਰਕਾਂ ਦਾ ਨਵੀਨੀਕਰਨ ਕਰਕੇ ਉਨ੍ਹਾਂ ਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਨੰਗਲ ਸ਼ਹਿਰ ਦੀਆਂ ਸੜਕਾਂ ਦਾ ਪੂਰੀ ਤਰ੍ਹਾਂ ਨਵੀਨੀਕਰਨ ਕੀਤਾ ਜਾਵੇਗਾ ਤਾਂ ਜੋ ਆਵਾਜਾਈ ਸੁਚੱਜੀ ਬਣੇ। ਨੰਗਲ ਡੈਮ ਵਾਲੇ ਪੁੱਲ ‘ਤੇ ਸੁੰਦਰ ਫੁੱਲਾਂ ਦੇ ਗਮਲੇ ਵੀ ਲਗਾਏ ਜਾਣਗੇ, ਜਿਸ ਨਾਲ ਇਲਾਕੇ ਦੀ ਖੂਬਸੂਰਤੀ ਵਿੱਚ ਵਾਧਾ ਹੋਵੇਗਾ। ਕੁੱਲ ਮਿਲਾ ਕੇ, ਇਹ ਸਾਰੇ ਉਪਰਾਲੇ ਨੰਗਲ ਨੂੰ ਇੱਕ ਆਧੁਨਿਕ, ਸੁੰਦਰ ਅਤੇ ਸੁਰੱਖਿਅਤ ਸ਼ਹਿਰ ਬਣਾਉਣ ਵੱਲ ਇੱਕ ਵੱਡਾ ਕਦਮ ਸਾਬਤ ਹੋਣਗੇ।