ਸਖਤ ਸੁਰੱਖਿਆ ਪ੍ਰਬੰਧਾਂ ਨਾਲ ਅੱਜ ਐਲਾਨੇ ਜਾਣਗੇ ਨਗਰ ਪੰਚਾਇਤ ਦੇ ਨਤੀਜੇ
ਸਖਤ ਸੁਰੱਖਿਆ ਪ੍ਰਬੰਧਾਂ ਨਾਲ ਅੱਜ ਐਲਾਨੇ ਜਾਣਗੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਨਤੀਜੇ
Publish Date: Thu, 28 May 2026 05:52 PM (IST)
Updated Date: Thu, 28 May 2026 05:55 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀਆਂ ਚੋਣਾਂ 26 ਮਈ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋ ਗਈਆਂ ਹਨ ਅਤੇ ਅੱਜ 29 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਚੋਣਾਂ ਤੋਂ ਬਾਅਦ ਬੈਲਟ ਪੇਪਰਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਿਹਾ ਹੈ। ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਵਿੱਚ 11 ਵਾਰਡਾਂ ਦੇ ਬੈਲਟ ਪੇਪਰ ਸੁਰੱਖਿਅਤ ਰੱਖੇ ਗਏ ਹਨ। ਇਸ ਲਈ ਖ਼ਾਸ ਕਮਰੇ ਅਤੇ ਗੈਲਰੀਆਂ ਤਿਆਰ ਕਰਕੇ ਉਨ੍ਹਾਂ ਨੂੰ ਸਟਰਾਂਗ ਰੂਮ ਦਾ ਰੂਪ ਦਿੱਤਾ ਗਿਆ ਹੈ। ਪੂਰੇ ਪਰਿਸਰ ਵਿੱਚ 6 ਸੀ,ਸੀ,ਟੀਵੀ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਹਰ ਗਤੀਵਿਧੀ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਗੱਲ ਜੇਕਰ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀ ਕਰੀਏ ਤਾਂ ਮੈਦਾਨ ਵਿੱਚ 30 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚੋਂ ਨੌ ਉਮੀਦਵਾਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ, ਤਿੰਨ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਅਤੇ 20 ਉਮੀਦਵਾਰ ਆਜ਼ਾਦ ਤੌਰ ’ਤੇ ਚੋਣ ਲੜ ਰਹੇ ਹਨ ਜਿਨ੍ਹਾਂ ਦੀ ਕਿਸਮਤ ਡੱਬਿਆਂ ਵਿੱਚ ਬੰਦ ਪਈ ਹੈ, ਵੋਟਾਂ ਦੀ ਗਿਣਤੀ ਸਵੇਰੇ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ 8 ਵਜੇ ਸ਼ੁਰੂ ਹੋਵੇਗੀ ਅਤੇ ਨਾਲ ਦੀ ਨਾਲ ਨਤੀਜੇ ਐਲਾਨੇ ਜਾਣਗੇ। ਥਾਣਾ ਮੁੱਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਬੈਲਟ ਪੇਪਰਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁੱਲ 8 ਪੁਲਿਸ ਕਰਮਚਾਰੀ ਦਿਨ-ਰਾਤ ਡਿਊਟੀ ‘ਤੇ ਤੈਨਾਤ ਹਨ ਅਤੇ ਪੂਰੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਸੀ,ਸੀ,ਟੀਵੀ ਕੈਮਰਿਆਂ ਰਾਹੀਂ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਅਵਿਵਸਥਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਐਸ,ਡੀ,ਐਮ ਸ੍ਰੀ ਅਨੰਦਪੁਰ ਸਾਹਿਬ ਦਫ਼ਤਰ ਵੱਲੋਂ ਇੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੋਂ ਪੂਰੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਬੈਲਟ ਪੇਪਰਾਂ ਦੀ ਨਿਗਰਾਨੀ ਸਬੰਧੀ ਕੇਵਲ ਉਮੀਦਵਾਰਾਂ, ਪੋਲਿੰਗ ਏਜੰਟਾਂ ਅਤੇ ਅਧਿਕ੍ਰਿਤ ਅਧਿਕਾਰੀਆਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੈ, ਜਦਕਿ ਆਮ ਲੋਕਾਂ ਦੇ ਦਾਖਲੇ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਤੀਜਿਆਂ ’ਤੇ ਐਲਾਨ, ਮਤਗਣਨਾ ਤੱਕ ਸੁਰੱਖਿਆ ਪ੍ਰਬੰਧ ਇਸੇ ਤਰ੍ਹਾਂ ਸਖ਼ਤ ਰੱਖੇ ਜਾਣਗੇ ਤਾਂ ਜੋ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਬਣੀ ਰਹੇ।