ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਹਿਮਾਚਲ ਐਂਟਰੀ ਟੈਕਸ ਵਾਧੇ ਦਾ ਵਿਰੋਧ
ਹਿਮਾਚਲ ਪ੍ਰਦੇਸ਼ ਐਂਟਰੀ ਟੈਕਸ ਵਾਧੇ ਦੇ ਵਿਰੋਧ ਨਗਰ ਪੰਚਾਇਤ ਕੀਰਤਪੁਰ ਸਾਹਿਬ
Publish Date: Mon, 16 Mar 2026 05:32 PM (IST)
Updated Date: Mon, 16 Mar 2026 05:34 PM (IST)

ਐਚਪੀ ਨੰਬਰ ਵਾਲੇ ਵਾਹਨਾਂ ਤੋਂ ਪੰਜਾਬ ਐਂਟਰੀ ਟੈਕਸ ਵਸੂਲਣ ਲਈ ਪੇਸ਼ ਕੀਤਾ ਜਾਵੇਗਾ ਪ੍ਰਸਤਾਵ : ਪ੍ਰਧਾਨ ਕੌੜਾ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਕੀਰਤਪੁਰ ਸਾਹਿਬ : ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵੱਲੋਂ ਬਾਹਰੀ ਰਾਜਾਂ ਦੇ ਵਾਹਨਾਂ ‘ਤੇ ਲੱਗਣ ਵਾਲੇ ਹਿਮਾਚਲ ਐਂਟਰੀ ਟੈਕਸ ਵਿਚ ਆਉਣ ਵਾਲੀ 1 ਅਪ੍ਰੈਲ ਤੋਂ ਭਾਰੀ ਵਾਧਾ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਿੱਥੇ ਪੰਜਾਬ ਭਰ ਵਿਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਚੁੱਕੇ ਹਨ, ਉੱਥੇ ਹੀ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੀ ਹਿਮਾਚਲ ਪ੍ਰਦੇਸ਼ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਉਤਰ ਆਈ ਹੈ। ਇਸ ਸੰਬੰਧੀ ਅੱਜ ਸਾਬਕਾ ਸਪੀਕਰ ਰਾਣਾ ਕਮਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਸੁਰਿੰਦਰ ਪਾਲ ਕੋੜਾ ਦੀ ਅਗਵਾਈ ਹੇਠ ਸਾਰੇ ਕਾਂਗਰਸੀ ਕੌਂਸਲਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਦੌਰਾਨ ਹਿਮਾਚਲ ਪ੍ਰਦੇਸ਼ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿਚ ਹਿਮਾਚਲ ਪ੍ਰਦੇਸ਼ ਦੇ ਵਾਹਨਾਂ ‘ਤੇ ਪੰਜਾਬ ਵਿਚ ਐਂਟਰੀ ਟੈਕਸ ਲਗਾਉਣ ਲਈ ਨਗਰ ਪੰਚਾਇਤ ਵਿਚ ਇੱਕ ਮਤਾ ਪਾਸ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਰਿੰਦਰ ਪਾਲ ਕੋੜਾ ਅਤੇ ਕੌਂਸਲਰ ਹਿਮਾਂਸ਼ੂ ਟੰਡਨ ਨੇ ਦੱਸਿਆ ਕਿ ਸਾਬਕਾ ਹਲਕਾ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਊਂਸਿਪਲ ਕੌਂਸਲ ਨੰਗਲ ਦੀ ਤਰਜ਼ ‘ਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਵੀ ਇੱਕ ਮਤਾ ਪਾਸ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮਤੇ ਨੂੰ ਮਨਜ਼ੂਰੀ ਲਈ ਪ੍ਰਦੇਸ਼ ਸਰਕਾਰ ਅਤੇ ਡਾਇਰੈਕਟਰ ਕੋਲ ਭੇਜਿਆ ਜਾਵੇਗਾ। ਮਨਜ਼ੂਰੀ ਮਿਲਣ ਤੋਂ ਬਾਅਦ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਖੇਤਰ ਵਿਚ ਦਾਖਲ ਹੋਣ ‘ਤੇ ਐਚਪੀ ਨੰਬਰ ਵਾਲੇ ਵਾਹਨਾਂ ‘ਤੇ ਪੰਜਾਬ ਐਂਟਰੀ ਟੈਕਸ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਹਿਮਾਚਲ ਐਂਟਰੀ ਟੈਕਸ ਵਿੱਚ ਲਗਭਗ ਚਾਰ ਗੁਣਾ ਵਾਧਾ ਕੀਤਾ ਗਿਆ ਹੈ। ਇਸ ਨਾਲ ਜਿੱਥੇ ਪੰਜਾਬ ਦੇ ਟਰਾਂਸਪੋਰਟਰਾਂ ਦੇ ਨਾਲ-ਨਾਲ ਆਮ ਲੋਕਾਂ ‘ਤੇ ਵੀ ਵਾਧੂ ਆਰਥਿਕ ਬੋਝ ਪਵੇਗਾ, ਉੱਥੇ ਹੀ ਇਸ ਦਾ ਅਸਰ ਦੋਵੇਂ ਰਾਜਾਂ ਦੇ ਆਪਸੀ ਰਿਸ਼ਤਿਆਂ ‘ਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਸਾਡਾ ਇਲਾਕਾ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਬਹੁਤ ਨੇੜੇ ਹੈ ਅਤੇ ਲੋਕਾਂ ਦੀਆਂ ਜ਼ਿਆਦਾਤਰ ਰਿਸ਼ਤੇਦਾਰੀਆਂ ਹਿਮਾਚਲ ਪ੍ਰਦੇਸ਼ ਵਿਚ ਹਨ। ਇਸ ਕਰਕੇ ਲੋਕਾਂ ਦਾ ਅਕਸਰ ਹਿਮਾਚਲ ਪ੍ਰਦੇਸ਼ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਅਜਿਹੇ ਵਿਚ ਲੋਕਾਂ ਲਈ ਆਪਣੇ ਰਿਸ਼ਤੇਦਾਰਾਂ ਕੋਲ ਸੁੱਖ-ਦੁੱਖ ਵਿਚ ਜਾਣਾ ਵੀ ਮਹਿੰਗਾ ਹੋ ਜਾਵੇਗਾ। ਇਸ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਆਪਣੇ ਇਸ ਫੈਸਲੇ ‘ਤੇ ਦੁਬਾਰਾ ਵਿਚਾਰ ਕਰਦੇ ਹੋਏ ਇਸਨੂੰ ਵਾਪਸ ਲੈਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਤੇਜਵੀਰ ਸਿੰਘ ਜਗੀਰਦਾਰ ਅਤੇ ਵਾਈਸ ਪ੍ਰਧਾਨ ਅਮਨਪ੍ਰੀਤ ਕੌਰ ਵੀ ਮੌਜੂਦ ਸਨ।