ਮਿਊਸੀਪਲ ਕੌਂਸਲ ਦੇ ਕਰਮਚਾਰੀਆਂ ਦੀ ਹੜਤਾਲ ਦੂਸਰੇ ਦਿਨ ਵਿੱਚ ਹੋਈ ਸ਼ਾਮਿਲ
ਮਿਊਸੀਪਲ ਕੌਂਸਲ ਦੇ ਕਰਮਚਾਰੀਆਂ ਦੀ ਹੜਤਾਲ ਦੂਸਰੇ ਦਿਨ ਵਿੱਚ ਹੋਈ ਸ਼ਾਮਿਲ
Publish Date: Thu, 07 May 2026 05:00 PM (IST)
Updated Date: Thu, 07 May 2026 05:02 PM (IST)

ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਜਾਰੀ ਰੱਖਣ ਦਾ ਲਿਆ ਅਹਿਦ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਮਿਊਂਸੀਪਲ ਸਫ਼ਾਈ ਸੇਵਕ ਯੂਨੀਅਨ ਅਤੇ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿੱਢੀ ਗਈ ਹੜਤਾਲ ਦੂਜੇ ਦਿਨ ਵਿੱਚ ਦਾਖ਼ਲ ਹੋ ਗਈ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਠੋਸ ਧਿਆਨ ਨਾ ਦੇਣ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੂਜੇ ਦਿਨ ਵੀ ਸਫ਼ਾਈ ਸੇਵਕਾਂ ਨੇ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੜਤਾਲ ਦੇ ਦੂਜੇ ਦਿਨ ਵੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਬੀਤੀ 6 ਮਈ ਨੂੰ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਸੀ, ਪਰ ਹੁਣ ਤੱਕ ਕੋਈ ਸਕਾਰਾਤਮਕ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿਰਫ਼ ਗੱਲਾਂ ਨਾਲ ਡੰਗ ਟਪਾ ਰਹੀ ਹੈ, ਜਿਸ ਕਾਰਨ ਮੁਲਾਜ਼ਮ ਸੜਕਾਂ ਤੇ ਉਤਰਨ ਲਈ ਮਜਬੂਰ ਹੋਏ ਹਨ। ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗਦੇ ਹਨ ਜਾਂ ਜਨਤਾ ਨੂੰ ਕੋਈ ਦਿੱਕਤ ਆਉਂਦੀ ਹੈ, ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੇ ਅਤੇ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਂਦਾ, ਹੜਤਾਲ ਜਾਰੀ ਰਹੇਗੀ। ਹੜਤਾਲ ਦੇ ਦੂਜੇ ਦਿਨ ਰੋਸ਼ਨ ਕੁਮਾਰ (ਪ੍ਰਧਾਨ), ਸਤਪਾਲ (ਚੇਅਰਮੈਨ), ਰਮੇਸ਼ ਕੁਮਾਰ, ਰਾਜ ਕੁਮਾਰ, ਅਸ਼ੀਸ਼ ਕੁਮਾਰ, ਧਰਮਪਾਲ, ਮਨੋਜ ਕੁਮਾਰ, ਵਰਿੰਦਰ ਕੁਮਾਰ, ਮਨਜੀਤ ਕੁਮਾਰ, ਪ੍ਰਦੀਪ ਕੁਮਾਰ, ਸੁਨੀਲ ਕੁਮਾਰ ਅਤੇ ਮਹਿਲਾ ਆਗੂਆਂ ਵਿੱਚ ਸ਼ਾਂਤੀ ਦੇਵੀ, ਮਾਇਆ, ਮਨੀਸ਼ਾ, ਪੂਜਾ, ਦੀਪਮਾਲਾ ਸਮੇਤ ਵੱਡੀ ਗਿਣਤੀ ਵਿੱਚ ਸਫ਼ਾਈ ਸੇਵਕ ਮੌਜੂਦ ਸਨ। ਥਾਂ ਥਾਂ ਤੇ ਲੱਗੇ ਗੰਦਗੀ ਦੇ ਢੇਰ ਮਿਊਂਸੀਪਲ ਕੌਂਸਲੰ ਨੰਗਲ ਦੇ ਕਰਮਚਾਰੀਆਂ ਵੱਲੋਂ ਆਪਣੀ ਹੱਕੀ ਮੰਗਾਂ ਦੇ ਲਈ ਅਣਮਿੱਥੇ ਸਮੇਂ ਲਈ ਕੀਤੀ ਗਈ ਹੜਤਾਲ ਦੇ ਅੱਜ ਦੂਸਰੇ ਦਿਨ ਹੀ ਨੰਗਲ ਸ਼ਹਿਰ ਦੇ ਵੱਖ-ਵੱਖ ਕੋਨਿਆਂ ਵਿੱਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ, ਇੱਥੇ ਹੀ ਬਸ ਨਹੀਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਕੂੜੇ ਨੂੰ ਨਹਿਰਾਂ ਦੇ ਵਿੱਚ ਸੁੱਟ ਕੇ ਨਹਿਰਾਂ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਕਈ ਸਮਾਜ ਸੇਵੀ ਲੋਕਾਂ ਵੱਲੋਂ ਮੌਕੇ ਤੇ ਦੇਖ ਕੇ ਇਸ ਘਟਨਾ ਨੂੰ ਰੋਕਿਆ ਜਾ ਰਿਹਾ ਹੈ, ਪਰ ਲੋਕਾਂ ਵੱਲੋਂ ਲਗਾਤਾਰ ਕੂੜਾ ਸੁੱਟਣਾ ਜਾਰੀ ਹੈ । ਮੇਨ ਮਾਰਕੀਟ, ਪਹਾੜੀ ਮਾਰਕੀਟ, ਖਵਾਜਾ ਮੰਦਰ ਦੇ ਬਿਲਕੁਲ ਸਾਹਮਣੇ, ਅੱਡਾ ਮਾਰਕੀਟ, ਰੇਲਵੇ ਰੋਡ ਅਤੇ ਹੋਰ ਬਹੁਤ ਸਾਰੀਆਂ ਵੱਖ-ਵੱਖ ਸ਼ਹਿਰ ਦੀਆਂ ਥਾਵਾਂ ਉੱਤੇ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ।