ਬਿਨਾਂ ਰੋਕ-ਟੋਕ ਤੋਂ ਨਹਿਰਾਂ ਕੰਢੇ ਬਣ ਰਹੇ ਹਨ ਪ੍ਰਵਾਸੀਆਂ ਦੇ ਰੈਣ-ਬਸੇਰੇ
ਬਿਨ੍ਹਾਂ ਰੋਕ-ਟੋਕ ਤੋਂ ਨਹਿਰ ਦੀਆਂ ਪਟੜੀਆਂ ’ਤੇ ਬਣ ਰਹੇ ਹਨ ਪ੍ਰਵਾਸੀਆਂ ਦੇ ਰਹਿਣ ਬਸੇਰੇ
Publish Date: Mon, 27 Apr 2026 04:01 PM (IST)
Updated Date: Mon, 27 Apr 2026 04:04 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਰੂਪਨਗਰ ਮੁੱਖ ਮਾਰਗ ਅਤੇ ਨਹਿਰ ਦੀ ਪਟੜੀ ਦੇ ਵਿਚਕਾਰ ਪ੍ਰਵਾਸੀ ਬਿਨ੍ਹਾਂ ਰੋਕ ਟੋਕ ਤੋਂ ਰਹਿਣ ਬਸੇਰੇ ਬਣਾ ਰਹੇ ਹਨ, ਜਿਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਬੇਵਸ ਨਜ਼ਰ ਆ ਰਿਹਾ ਹੈ ਜਦੋਂ ਕਿ ਬੀ,ਬੀ,ਐਮ,ਬੀ ਅਤੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਅਧਿਕਾਰੀ ਸਵੇਰੇ ਸ਼ਾਮ ਇਸ ਰਸਤੇ ਤੋਂ ਲੰਘਦੇ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਕੰਮ ਮਿਲੀ ਭੁਗਤ ਨਾਲ ਹੋ ਰਿਹਾ ਹੈ ਜਾਂ ਪ੍ਰਸ਼ਾਸਨ ਵੱਲੋਂ ਨਿਯਮਾਂ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ, ਕੁਝ ਸਮਾਂ ਪਹਿਲਾਂ ਇਸ ਜਗ੍ਹਾ ’ਤੇ ਇੱਕ ਖੋਖਾ ਹੁੰਦਾ ਸੀ, ਪਰ ਹੁਣ ਹੌਲੀ ਹੌਲੀ ਪ੍ਰਵਾਸੀਆਂ ਦੀ ਬਸਤੀ ਬਣਦੀ ਜਾ ਰਹੀ ਹੈ। ਇਨ੍ਹਾਂ ਝੁਗੀਆਂ ਵਿੱਚ ਬਿਜਲੀ ਸਪਲਾਈ ਵੀ ਮਿਲ ਰਹੀ ਹੈ ਅਤੇ ਹੋਰ ਸੁਵਿਧਾਵਾਂ ਵੀ ਮਿਲ ਰਹੀਆਂ ਹਨ। ਸ਼ਹਿਰ ਵਿੱਚ ਜੇਕਰ ਕੋਈ ਗਰੀਬ ਵਿਅਕਤੀ ਬਾਥਰੂਮ ਵੀ ਬਣਾਉਂਦਾ ਹੈ ਤਾਂ ਨਗਰ ਪੰਚਾਇਤ ਅਤੇ ਕਰਮਚਾਰੀ ਤੁਰੰਤ ਰੋਕਣ ਲਈ ਆ ਜਾਂਦੇ ਹਨ, ਪਰ ਇਨ੍ਹਾਂ ਨਜਾਇਜ਼ ਝੁਗੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਦੇਖ ਕੇ ਅੱਖਾਂ ਬੰਦ ਕਰ ਲੈਂਦੇ ਹਨ। ਜਾਣਕਾਰੀ ਅਨੁਸਾਰ ਨਾਲ ਹੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਚਿੰਨ ਵੀ ਬਣਿਆ ਹੋਇਆ ਹੈ, ਜਦੋਂ ਕਿ ਇਹ ਜਗ੍ਹਾ ਬੀ,ਬੀ,ਐਮ,ਬੀ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਇਨ੍ਹਾਂ ਪ੍ਰਵਾਸੀਆਂ ਵੱਲੋਂ ਇੱਥੇ ਬਸਤੀ ਬਣਾ ਕੇ ਇਥੋਂ ਦੇ ਆਧਾਰ ਕਾਰਡ ਅਤੇ ਵੋਟਰ ਕਾਰਡ ਵੀ ਬਣਾਏ ਹੋਏ ਹਨ। ਆਉਣ ਵਾਲੇ ਸਮੇਂ ਵਿੱਚ ਇਲੈਕਸ਼ਨ ਆ ਰਿਹਾ ਹੈ ਇਲੈਕਸ਼ਨ ਨੂੰ ਦੇਖਦੇ ਹੋਏ ਐਮ,ਸੀ ਬਨਣ ਦੇ ਚਾਹਵਾਨ ਵਿਅਕਤੀ ਇਨ੍ਹਾਂ ਦੀ ਮਦਦ ਕਰਦੇ ਹਨ ਤਾਂ ਕਿ ਐਮ,ਸੀ ਇਲੈਕਸ਼ਨ ਵਿੱਚ ਇਨ੍ਹਾਂ ਦੀਆਂ ਵੋਟਾਂ ਪਵਾਉਣ ਸਕੇ। ਉਧਰ ਦੂਜੀ ਤਰਫ ਦੇਖਿਆ ਜਾਵੇ ਤਾਂ ਬੀ,ਬੀ,ਐਮ,ਬੀ ਦੇ ਕਰਮਚਾਰੀ ਰੋਜ਼ਾਨਾ ਨਹਿਰ ਦੀਆਂ ਪੱਟੜੀਆਂ ’ਤੇ ਗਸਤ ਕਰਦੇ ਹਨ, ਪਰ ਜਦੋਂ ਨਜਾਇਜ਼ ਉਸਾਰੀਆਂ ਰੋਕਣ ਦਾ ਸਮਾਂ ਆਉਂਦਾ ਹੈ ਤਾਂ ਉਹ ਮੂੰਹ ਮਿੱਠਾ ਕਰਕੇ ਅੱਖਾਂ ਬੰਦ ਕਰਕੇ ਲੰਘ ਜਾਂਦੇ ਹਨ। ਨਹਿਰ ਦੀ ਪਟੜੀ ਦੇ ਕਿਨਾਰੇ ਬਣੀਆਂ ਇਹਨਾਂ ਝੁਗੀਆਂ ਵਿਚ ਕਈ ਪਰਿਵਾਰ ਰਹਿੰਦੇ ਹਨ ਅਤੇ ਇਨ੍ਹਾਂ ਪਰਿਵਾਰਾਂ ਦੇ ਬੱਚੇ ਸਵੇਰੇ ਸ਼ਾਮ ਪਖਾਨਾ ਵੀ ਨਹਿਰ ਦੀਆਂ ਪਟੜੀਆਂ ਤੇ ਹੀ ਕਰਦੇ ਹਨ ਜਦੋਂ ਕਿ ਸ਼ਹਿਰ ਵਾਸੀ ਸਵੇਰੇ ਸ਼ਾਮ ਸੈਰ ਕਰਨ ਲਈ ਨਹਿਰ ਦੀਆਂ ਪਟੜੀਆਂ ਤੇ ਆਉਂਦੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਮੂੰਹ ਢੱਕ ਕੇ ਇਸ ਜਗ੍ਹਾ ਤੋਂ ਲੰਘਣਾ ਪੈਂਦਾ ਹੈ। ਜੇਕਰ ਸਮਾਂ ਰਹਿੰਦੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਰਵਾਸੀਆਂ ਦੇ ਰਹਿਣ ਬਸੇਰੇ ਬਣਾਉਣ ਤੋਂ ਨਾ ਰੋਕਿਆ ਗਿਆ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਪੂਰੀ ਨਹਿਰ ਦੀ ਪਟੜੀ ’ਤੇ ਇਨ੍ਹਾਂ ਦਾ ਕਬਜ਼ਾ ਹੋਵੇਗਾ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਕਬਜ਼ਿਆਂ ਨੂੰ ਰੋਕਿਆ ਜਾਵੇ ਅਤੇ ਨਹਿਰ ਦੀਆਂ ਪਟੜੀਆਂ ਦੀ ਸਾਫ ਸਫਾਈ ਕਰਵਾਈ ਜਾਵੇ, ਕਿਉਂਕਿ ਸ੍ਰੀ ਕੀਰਤਪੁਰ ਸਾਹਿਬ ਵਿਖੇ 400 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਬਾਹਰੋਂ ਆਉਣ ਵਾਲੀ ਸੰਗਤ ਤੇ ਇਨ੍ਹਾਂ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ।