ਸ਼੍ਰੀ ਕੀਰਤਪੁਰ ਸਾਹਿਬ ਦੀ ਸਥਾਪਨਾ ਸ਼ਤਾਬਦੀ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਦੀ ਇਕੱਤਰਤਾ
ਸ਼੍ਰੀ ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਦੀ ਇਕੱਤਰਤਾ
Publish Date: Wed, 22 Apr 2026 04:17 PM (IST)
Updated Date: Wed, 22 Apr 2026 04:22 PM (IST)

ਮੁੱਖ ਸਮਾਗਮ ਰਿਹਾਇਸ਼ ਲੰਗਰ ਪਾਰਕਿੰਗ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੀਆਂ 400 ਸਾਲਾ ਸਥਾਪਨਾ ਸ਼ਤਾਬਦੀ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸ਼ਨ ਵੱਲੋਂ ਐਸ,ਡੀ,ਐਮ ਸ੍ਰੀ ਅਨੰਦਪੁਰ ਸਾਹਿਬ ਅਤੇ ਉਪ ਪੁਲਿਸ ਕਪਤਾਨ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਇਕੱਤਰਤਾ ਹੋਈ ਹੈ । ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਅਗਵਾਈ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ ਕਾਦੀਆਂ ਵਲੋਂ ਕੀਤੀ ਗਈ । ਇਸ ਇਕੱਤਰਤਾ ਵਿੱਚ ਸ਼ਤਾਬਦੀ ਦੇ ਮੁੱਖ ਸਮਾਗਮਾਂ ਲਈ ਪੰਡਾਲ ਲੰਗਰ ਸੰਗਤ ਦੀ ਰਿਹਾਈ ਲਈ ਪ੍ਰਬੰਧ ਪਾਰਕਿੰਗ ਲਈ ਪ੍ਰਬੰਧ ਅਤੇ ਸਿਹਤ ਸਹੂਲਤਾਂ ਦੇ ਪ੍ਰਬੰਧਾਂ ਲਈ ਰੂਪ ਰੇਖਾ ਉਲੀਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਛੇ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਇਸ ’ਤੇ ਇਹ ਸਥਾਪਨਾ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲੋਂ ਕੀਤੀ ਗਈ ਸੀ, ਉਹਨਾਂ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਦੀ ਸਥਾਪਨਾ ਦੇ 400 ਸਾਲਾਂ ਇਤਿਹਾਸਿਕ ਦਿਹਾੜੇ ਨੂੰ ਵਿਸ਼ਵ ਭਰ ਦੇ ਸਿੱਖਾਂ ਲਈ ਯਾਦਗਾਰੀ ਬਣਾਉਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ 29, 30 ਅਪ੍ਰੈਲ ਅਤੇ 1 ਮਈ ਤੱਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ 400 ਸਾਲਾ ਸਥਾਪਨਾ ਦਿਹਾੜੇ ਦੀ ਸ਼ਤਾਬਦੀ ਸਮਾਗਮ ਨਵੀਂ ਪੀੜੀ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਵਿੱਚ ਸਹਾਈ ਹੋਣਗੇ, ਇਸ ਲਈ ਹਰ ਇੱਕ ਸਿੱਖ ਨੂੰ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਹਾੜੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 400 ਸਾਲਾ ਸ਼ਤਾਬਦੀ ਸਮਾਗਮਾਂ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਸੰਭਾਵਨਾ ਹੈ ਇਸ ਨੂੰ ਮੱਦੇ ਨਜ਼ਰ ਮੁੱਖ ਸਮਾਗਮ ਲਈ ਵਿਸ਼ਾਲ ਪੰਡਾਲ ਲੰਗਰ ਰਿਹਾਇਸ਼ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ’ਤੇ ਖਾਸ ਜ਼ੋਰ ਦੇਣ ਤਾਂ ਜੋ ਸ਼੍ਰੋਮਣੀ ਕਮੇਟੀ ਵੱਲੋਂ ਸੁਚੱਜੀ ਵਿਉਂਤਬੰਦੀ ਦੇ ਨਾਲ ਇਨ੍ਹਾਂ ਸਮਾਗਮਾਂ ਨੂੰ ਇਤਿਹਾਸਿਕ ਅਤੇ ਪ੍ਰੇਰਨਾ ਸਰੋਤ ਬਣਾਇਆ ਜਾ ਸਕੇ। ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ ਕਾਦੀਆਂ ਨੇ ਪੰਡਾਲ ਦੀ ਉਸਾਰੀ ਸਜਾਵਟ ਅਤੇ ਲੰਗਰ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੱਖ ਵੱਖ ਸੰਪ੍ਰਦਾਵਾਂ ਅਤੇ ਕਾਰ ਸੇਵਾ ਵਾਲੇ ਬਾਬਿਆ ਨੂੰ ਲੰਗਰ ਲਾਉਣ ਸਬੰਧੀ ਥਾਵਾਂ ਨੀਯਤ ਕਰ ਦਿੱਤੀਆਂ ਗਈਆਂ ਹਨ। ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਨੇ ਲੰਗਰ ਅਤੇ ਹੋਰ ਸੇਵਾਵਾਂ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ਐਸ,ਡੀ,ਐਮ ਸ਼੍ਰੀ ਆਨੰਦਪੁਰ ਸਾਹਿਬ ਸੁਖਪਾਲ ਸਿੰਘ, ਉਹ ਪੁਲਿਸ ਕਪਤਾਨ ਜਸ਼ਨਦੀਪ ਸਿੰਘ ਮਾਨ, ਸਮੇਤ ਸਾਰੇ ਅਧਿਕਾਰੀਆਂ ਨੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣ ਵਾਲੇ ਸ਼ਤਾਬਦੀ ਸਮਾਗਮਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਵੱਲੋਂ ਪਾਰਕਿੰਗ ਸਬੰਧੀ ਜਗ੍ਹਾ ਦਾ ਦੌਰਾ ਕੀਤਾ, ਗੁਰਦੁਆਰਾ ਸਾਹਿਬਾਨ ਨੂੰ ਜਾਣ ਵਾਲੇ ਰਸਤਿਆਂ ’ਤੇ ਨਿਸ਼ਾਨ ਚਿੰਨ, ਸਾਈਨ ਬੋਰਡ ਲਗਾਉਣ ਲਈ ਨਿਰਦੇਸ਼ ਦਿੱਤੇ। ਇਸ ਦੌਰਾਨ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਸਫਾਈ ਕਰਮਚਾਰੀਆਂ ਨੂੰ ਗੁਰਦੁਆਰਿਆਂ ਅਤੇ ਸ਼ਹਿਰ ਦੀ ਸਫਾਈ ਸਬੰਧੀ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਐਸ,ਡੀ,ਐਮ ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਉਪ ਪੁਲਿਸ ਕਪਤਾਨ ਜਸ਼ਨਦੀਪ ਸਿੰਘ ਮਾਨ, ਥਾਣਾ ਮੁਖੀ ਰਾਹੁਲ ਸ਼ਰਮਾ,ਭਾਈ ਅਮਰਜੀਤ ਸਿੰਘ ਚਾਵਲਾ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਹਰਦੇਵ ਸਿੰਘ ਐਡਵੋਕੇਟ, ਮੀਤ ਮੈਨੇਜਰ ਭੁਪਿੰਦਰ ਸਿੰਘ, ਇਨਚਾਰਜ ਸ਼ਤਾਬਦੀਆਂ ਬਲਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਹਾਇਕ ਸੁਪਰਡੈਂਟ ਗੁਰਪ੍ਰੀਤ ਸਿੰਘ, ਕਲਰਕ ਸੋਮ ਸਿੰਘ ਸਮੇਤ ਪ੍ਰਸ਼ਾਸ਼ਨਿਕ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਜੂਦ ਸਨ।