ਵੱਖ-ਵੱਖ ਪਿੰਡਾਂ ’ਚ ਹੜਤਾਲ ਤਹਿਤ ਮੈਡੀਕਲ ਸਟੋਰ ਰਹੇ ਬੰਦ
ਨੂਰਪੁਰਬੇਦੀ ਦੇ ਵੱਖ-ਵੱਖ ਪਿੰਡਾਂ ’ਚ ਹੜਤਾਲ ਤਹਿਤ ਮੈਡੀਕਲ ਸਟੋਰ ਰਹੇ ਬੰਦ
Publish Date: Wed, 20 May 2026 04:30 PM (IST)
Updated Date: Wed, 20 May 2026 04:31 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਈ-ਫਾਰਮੇਸੀ ਪਲੇਟਫਾਰਮਾਂ ਵੱਲੋਂ ਆਨਲਾਈਨ ਦਵਾਈਆਂ ਦੀ ਵਿਕਰੀ ਅਤੇ ਭਾਰੀ ਛੋਟਾਂ ਦੇ ਵਿਰੋਧ ’ਚ ‘ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ’ ਦੇ ਸੱਦੇ ’ਤੇ ਅੱਜ ਦੇਸ਼ ਭਰ ’ਚ ਮੈਡੀਕਲ ਸਟੋਰ ਮਾਲਕਾਂ ਵੱਲੋਂ 24 ਘੰਟਿਆਂ ਦੀ ਹੜਤਾਲ ਕੀਤੀ ਗਈ। ਜਿਸ ਦਾ ਅਸਰ ਨੂਰਪੁਰਬੇਦੀ ਖੇਤਰ ’ਚ ਵੀ ਵਿਆਪਕ ਤੌਰ ’ਤੇ ਵੇਖਣ ਨੂੰ ਮਿਲਿਆ, ਜਿੱਥੇ ਨੂਰਪੁਰਬੇਦੀ ਸ਼ਹਿਰ ਤੋਂ ਇਲਾਵਾ ਪਚਰੰਡਾ, ਡੂਮੇਵਾਲ, ਬੈਂਸਾਂ, ਤਖਤਗੜ੍ਹ, ਕਾਹਨਪੁਰ ਖੂਹੀ, ਬਜਰੂੜ ਤੇ ਕਲਵਾਂ ਸਹਿਤ ਖੇਤਰ ਦੇ ਹੋਰਨਾਂ ਪਿੰਡਾਂ ’ਚ ਸਥਿਤ ਦਰਜਨਾਂ ਮੈਡੀਕਲ ਸਟੋਰ ਸਮੁੱਚਾ ਦਿਨ ਬੰਦ ਰਹੇ। ਮੈਡੀਕਲ ਸਟੋਰਾਂ ਦੇ ਬੰਦ ਰਹਿਣ ਕਾਰਨ ਮਰੀਜ਼ਾਂ ਨੂੰ ਦਵਾਈਆਂ ਪ੍ਰਾਪਤ ਕਰਨ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅੱਜ ਹੜਤਾਲ ਦੇ ਸਮਰਥਨ ’ਚ ਖੇਤਰ ਦੇ ਕੈਮਿਸਟ ਐਸ਼ੋਸ਼ੀਏਸ਼ਨ ਦੇ ਅਹੁਦੇਦਾਰਾਂ ਰਜਿੰਦਰ ਕੁਮਾਰ, ਅਸ਼ਵਨੀ ਕਾਲੜਾ, ਸੁਰਜੀਤ ਕੁਮਾਰ, ਰੌਸ਼ਨ ਲਾਲ ਅਤੇ ਬਲਵਿੰਦਰ ਭਾਰਦਵਾਜ ਤੋਂ ਇਲਾਵਾ ਸਿਮਰਨ ਮੈਡੀਕਲ, ਵਿਜੇ ਮੈਡੀਕਲ, ਧਨਰਾਜ ਮੈਡੀਕਲ, ਚਾਂਦ ਮੈਡੀਕਲ ਅਤੇ ਅਮਨ ਮੈਡੀਕਲ ਸਟੋਰ ਦੇ ਮਾਲਕਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮੌਜੂਦਾ ਨੀਤੀਆਂ ਰਵਾਇਤੀ ਦਵਾਈ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਵੱਡੀਆਂ ਆਨਲਾਈਨ ਕੰਪਨੀਆਂ ਅਤੇ ਕਾਰਪੋਰੇਟ ਘਰਾਣੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਭਾਰੀ ਡਿਸਕਾਊਂਟ ’ਤੇ ਦਵਾਈਆਂ ਵੇਚ ਰਹੇ ਹਨ, ਜਿਸ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਮੈਡੀਕਲ ਸਟੋਰਾਂ ਦਾ ਕਾਰੋਬਾਰ ਠੱਪ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਹੜਤਾਲ ਦੌਰਾਨ ਕੈਮਿਸਟ ਐਸ਼ੋਸ਼ੀਏਸ਼ਨ ਨੇ ਸਰਕਾਰ ਕੋਲ ਆਪਣੀਆਂ ਮੁੱਖ ਮੰਗਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਆਨਲਾਈਨ ਦਵਾਈਆਂ ਦੀ ਵਿਕਰੀ ਸਬੰਧੀ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਸਬੰਧੀ ਨਵੇਂ ਸਿਰੇ ਤੋਂ ਪਾਰਦਰਸ਼ੀ ਅਤੇ ਸਖ਼ਤ ਨਿਯਮ ਤਿਆਰ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਆਨਲਾਈਨ ਦਵਾਈ ਵਿਕਰੀ ’ਤੇ ਸਖ਼ਤ ਨਿਗਰਾਨੀ ਯਕੀਨੀ ਬਣਾਈ ਜਾਵੇ ਤਾਂ ਜੋ ਮਰੀਜ਼ਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ। ਦੇਸ਼ ਵਿਆਪੀ ਹੜਤਾਲ ਦੇ ਬਾਵਜੂਦ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਅੰਦਰ ਸਥਿਤ ਮੈਡੀਕਲ ਸਟੋਰਾਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਗਿਆ, ਜਿਸ ਕਾਰਨ ਗੰਭੀਰ ਅਤੇ ਐਮਰਜੈਂਸੀ ਮਰੀਜ਼ਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ।