ਸ਼ਹਿਰ ਦੀ ਹਦੂਦ ਅੰਦਰ ਖੁੱਲ੍ਹੀਆਂ ਮੀਟ-ਮੁਰਗੇ ਦੀਆਂ ਦੁਕਾਨਾਂ ਕਰਵਾਈਆਂ ਬੰਦ
ਸ਼ਹਿਰ ਦੀ ਹਦੂਦ ਅੰਦਰ ਖੁੱਲੀਆਂ ਮੀਟ-ਮੁਰਗੇ ਦੀਆਂ ਦੁਕਾਨਾਂ ਨੂੰ ਕਰਵਾਇਆ ਗਿਆ ਬੰਦ
Publish Date: Tue, 17 Feb 2026 04:41 PM (IST)
Updated Date: Tue, 17 Feb 2026 04:42 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਬੀਤੇ ਨਵੰਬਰ ਮਹੀਨੇ ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਗਏ 350 ਸਾਲਾ ਸ਼ਹੀਦੀ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਪੰਜਾਬ ਵਿਧਾਨ ਸਭਾ ਵਿਚ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਹਦੂਦ ਅੰਦਰ ਮੀਟ, ਮੁਰਗਾ, ਬੀੜੀ, ਸਿਗਰਟ ਅਤੇ ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ ਕੁਝ ਦੁਕਾਨਦਾਰਾਂ ਵੱਲੋਂ ਹੁਕਮਾਂ ਦੀ ਉਲੰਘਣਾ ਕਰਦਿਆਂ ਇਹ ਕੰਮ ਜਾਰੀ ਰੱਖਿਆ ਗਿਆ। ਸ਼ਿਕਾਇਤਾਂ ਮਿਲਣ ਉਪਰੰਤ ਬੀਤੀ ਦੇਰ ਸ਼ਾਮ ਐਸਡੀਐਮ ਜਸਪ੍ਰੀਤ ਸਿੰਘ ਅਤੇ ਡੀਐਸਪੀ ਜਸ਼ਨਦੀਪ ਸਿੰਘ ਨੇ ਪੁਲਿਸ ਦਲ ਸਮੇਤ ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ਉੱਤੇ ਕਾਰਵਾਈ ਕਰਦਿਆਂ ਖੁੱਲੀਆਂ ਪਈਆਂ ਮੀਟ-ਮੁਰਗੇ ਦੀਆਂ ਦੁਕਾਨਾਂ ਬੰਦ ਕਰਵਾਈਆਂ। ਅਧਿਕਾਰੀਆਂ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਜੇ ਅੱਗੇ ਤੋਂ ਕਿਸੇ ਨੇ ਵੀ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਸ ਦੇ ਖਿਲਾਫ ਕੜੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਡੀਐਮ ਜਸਪ੍ਰੀਤ ਸਿੰਘ ਅਤੇ ਡੀਐਸਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਪਹਿਲਾਂ ਹੀ ਯਥੋਚਿਤ ਸਮਾਂ ਦਿੱਤਾ ਗਿਆ ਸੀ ਤਾਂ ਜੋ ਉਹ ਆਪਣਾ ਕਾਰੋਬਾਰ ਬੰਦ ਕਰ ਸਕਣ, ਪਰ ਕੁਝ ਲੋਕਾਂ ਵੱਲੋਂ ਹੁਕਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ਲਈ ਪ੍ਰਸ਼ਾਸਨ ਵੱਲੋਂ ਖੁਦ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਅਤੇ ਅੱਗੇ ਵੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ...........ਡਬੀ ਦੇ ਲਈ ,,,,,,, ਚਿੱਟਾ ਕਦੋਂ ਹੋਵੇਗਾ ਬੰਦ ਸ਼ਹਿਰ ਵਿਚੋਂ ਮੀਟ-ਮੁਰਗੇ ਦੀਆਂ ਦੁਕਾਨਾਂ ਸ਼ਹਿਰ ਤੋਂ ਬਾਹਰ ਕਰਵਾਉਣ ਤੋਂ ਬਾਅਦ ਹੁਣ ਸ਼ਹਿਰ ਵਾਸੀਆਂ ਵੱਲੋਂ ਇੱਕ ਨਵਾਂ ਸਵਾਲ ਉਠਾਇਆ ਜਾ ਰਿਹਾ ਹੈ ਕਿ ਚਿੱਟਾ ਕਦੋਂ ਬੰਦ ਹੋਵੇਗਾ। ਦੱਸਣਯੋਗ ਹੈ ਕਿ ਗੁਰੂ ਨਗਰੀ ਦੀ ਪੁਲਿਸ ਵੱਲੋਂ ਪਿਛਲੇ ਕਈ ਮਹੀਨਿਆਂ ਦੌਰਾਨ ਛੇੜੀਆਂ ਅਤੇ ਨਸ਼ਾ ਵੇਚਣ ਵਾਲੇ ਕਈ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਨ੍ਹਾਂ ਖਿਲਾਫ ਮਾਮਲੇ ਵੀ ਦਰਜ ਕੀਤੇ ਗਏ ਹਨ, ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਚਿੱਟੇ ਦਾ ਗੈਰਕਾਨੂੰਨੀ ਧੰਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ਹਿਰ ਦੇ ਨਿਵਾਸੀਆਂ ਨੇ ਇੱਕ ਸੁਰ ਵਿਚ ਕਿਹਾ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਮੀਟ-ਮੁਰਗੇ ਦੀਆਂ ਦੁਕਾਨਾਂ ਨੂੰ ਹਦੂਦ ਤੋਂ ਬਾਹਰ ਕਰਵਾਇਆ ਗਿਆ ਹੈ, ਤਾਂ ਹੁਣ ਸਭ ਤੋਂ ਵੱਡੀ ਲੋੜ ਨਸ਼ੇ ਦੇ ਖਾਤਮੇ ਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਪਵਿੱਤਰ ਸ਼ਹਿਰ ਦੀ ਅਸਲ ਮਰਿਆਦਾ ਤਦੋਂ ਹੀ ਕਾਇਮ ਰਹੇਗੀ ਜਦੋਂ ਨੌਜਵਾਨੀ ਨੂੰ ਬਰਬਾਦ ਕਰ ਰਹੇ ਚਿੱਟੇ ਵਰਗੇ ਨਸ਼ਿਆਂ ਦਾ ਪੂਰੀ ਤਰ੍ਹਾਂ ਖਾਤਮਾ ਕੀਤਾ ਜਾਵੇਗਾ। ਕਈ ਮਾਪਿਆਂ ਨੇ ਚਿੰਤਾ ਜਤਾਈ ਕਿ ਨਸ਼ਾ ਵੇਚਣ ਵਾਲੇ ਤੱਤਾਂ ਕਰਕੇ ਨੌਜਵਾਨ ਪੀੜ੍ਹੀ ਭਟਕ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਿੱਟੇ ਦੇ ਵਿਰੁੱਧ ਲਗਾਤਾਰ ਅਤੇ ਸਖ਼ਤ ਮੁਹਿੰਮ ਚਲਾਈ ਜਾਵੇ, ਸਪਲਾਈ ਲੜੀ ਨੂੰ ਤੋੜਿਆ ਜਾਵੇ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਕੜੀ ਸਜ਼ਾ ਦਿਵਾਈ ਜਾਵੇ। ਸ਼ਹਿਰ ਵਾਸੀਆਂ ਨੇ ਕਿਹਾ ਕਿ ਮੀਟ ਦੀਆਂ ਦੁਕਾਨਾਂ ਬਾਹਰ ਕਰਵਾਉਣਾ ਇਕ ਕਦਮ ਹੈ, ਪਰ ਗੁਰੂ ਨਗਰੀ ਦਾ ਅਸਲ ਸੁੱਖ ਅਤੇ ਸ਼ਾਂਤੀ ਤਦੋਂ ਹੀ ਸੰਭਵ ਹੈ ਜਦੋਂ ਸ਼ਹਿਰ ਵਿੱਚੋਂ ਚਿੱਟਾ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ। ਉਨ੍ਹਾਂ ਆਸ ਜਤਾਈ ਕਿ ਪੁਲਿਸ ਅਤੇ ਪ੍ਰਸ਼ਾਸਨ ਇਸ ਮਾਮਲੇ ਨੂੰ ਪ੍ਰਾਥਮਿਕਤਾ ਦੇ ਕੇ ਢੁੱਕਵੀਂ ਕਾਰਵਾਈ ਕਰਨਗੇ ਤਾਂ ਜੋ ਪਵਿੱਤਰ ਸ਼ਹਿਰ ਦੀ ਪਛਾਣ ਅਤੇ ਨੌਜਵਾਨੀ ਦਾ ਭਵਿੱਖ ਸੁਰੱਖਿਅਤ ਰਹੇ।