ਪੰਜਾਬ ’ਚੋਂ ਦੂਸਰਾ ਸਥਾਨ ਹਾਸਲ ਕਰਨ ਵਾਲੇ ਮਨੀ ਮਹੇਸ਼ ਦਾ ਸਨਮਾਨ
ਪੰਜਾਬ ’ਚੋਂ ਦੂਸਰਾ ਸਥਾਨ ਹਾਸਲ ਕਰਨ ਵਾਲੇ ਮਨੀ ਮਹੇਸ਼ ਦਾ ਪਿੰਡ ਚਨੌਲੀ ’ਚ ਭਰਵਾਂ ਸਨਮਾਨ
Publish Date: Sun, 17 May 2026 04:25 PM (IST)
Updated Date: Mon, 18 May 2026 04:04 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਪੂਰੇ ਪੰਜਾਬ ਵਿੱਚੋਂ ਦੂਸਰਾ ਅਤੇ ਜ਼ਿਲ੍ਹਾ ਰੂਪਨਗਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦੇ ਹੋਣਹਾਰ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਦਾ ਪਿੰਡ ਚਨੌਲੀ ਦੇ ਵੱਖ-ਵੱਖ ਪਤਵੰਤਿਆਂ ਅਤੇ ਪਿੰਡ ਵਾਸੀਆਂ ਵੱਲੋਂ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਤਾੜੀਆਂ ਵਜਾ ਕੇ ਮਨੀ ਮਹੇਸ਼ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਗਮ ਦੌਰਾਨ ਮਨੀ ਮਹੇਸ਼ ਨੂੰ ਦੁਸ਼ਾਲਾ ਪਾ ਕੇ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਹਾਜ਼ਰ ਪਤਵੰਤਿਆਂ ਨੇ ਕਿਹਾ ਕਿ ਮਨੀ ਮਹੇਸ਼ ਨੇ ਆਪਣੀ ਕਾਬਲਿਯਤ ਅਤੇ ਸਖ਼ਤ ਮਿਹਨਤ ਨਾਲ ਨਾ ਸਿਰਫ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਪੂਰੇ ਪਿੰਡ ਅਤੇ ਇਲਾਕੇ ਦਾ ਮਾਣ ਵੀ ਵਧਾਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਬੱਚਿਆਂ ਲਈ ਮਨੀ ਮਹੇਸ਼ ਇੱਕ ਪ੍ਰੇਰਣਾ ਸਰੋਤ ਬਣ ਕੇ ਉਭਰਿਆ ਹੈ ਅਤੇ ਉਸ ਦੀ ਇਹ ਪ੍ਰਾਪਤੀ ਹੋਰ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ। ਜ਼ਿਕਰਯੋਗ ਹੈ ਕਿ ਮਨੀ ਮਹੇਸ਼ ਸ਼ਰਮਾ ਨੇ ਦਸਵੀਂ ਜਮਾਤ ਵਿੱਚ 645 ਅੰਕ ਪ੍ਰਾਪਤ ਕਰਕੇ 99.23 ਫੀਸਦੀ ਨੰਬਰ ਹਾਸਲ ਕੀਤੇ ਹਨ। ਮਨੀ ਮਹੇਸ਼ ਦੇ ਪਿਤਾ ਵਿਜੇ ਕੁਮਾਰ ਸ਼ਰਮਾ ਅਤੇ ਮਾਤਾ ਮੋਨਿਕਾ ਸ਼ਰਮਾ ਦੋਵੇਂ ਸਰਕਾਰੀ ਅਧਿਆਪਕ ਹਨ। ਮਨੀ ਮਹੇਸ਼ ਭਵਿੱਖ ਵਿੱਚ ਆਈਪੀਐਸ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਇਸ ਮੌਕੇ ਮਨੀ ਮਹੇਸ਼ ਸ਼ਰਮਾ ਨੇ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਉਸ ਦੇ ਮਾਤਾ-ਪਿਤਾ, ਅਧਿਆਪਕਾਂ ਅਤੇ ਸਕੂਲ ਦੇ ਸਟਾਫ ਨੂੰ ਜਾਂਦਾ ਹੈ, ਜਿਨ੍ਹਾਂ ਨੇ ਹਰ ਕਦਮ ’ਤੇ ਉਸ ਦਾ ਹੌਸਲਾ ਵਧਾਇਆ। ਉਸ ਨੇ ਕਿਹਾ ਕਿ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਸਹੀ ਦਿਸ਼ਾ ਵਿੱਚ ਕੀਤੀ ਤਿਆਰੀ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਸਮਾਗਮ ਦੌਰਾਨ ਨੰਬਰਦਾਰ ਜਗੀਰ ਸਿੰਘ, ਨੰਬਰਦਾਰ ਸੋਹਣ ਸਿੰਘ , ਡਾਕਟਰ ਕਮਲਜੀਤ ਸਿੰਘ, ਜਸਵੰਤ ਸਿੰਘ ਬੱਲਾ, ਮਾਸਟਰ ਜਰਨੈਲ ਸਿੰਘ, ਕੇਵਲ ਸਿੰਘ ਮਹੰਤ, ਮਾਸਟਰ ਲਖਵੀਰ ਸਿੰਘ, ਸੂਬੇਦਾਰ ਰਣਧੀਰ ਸਿੰਘ, ਅਵਤਾਰ ਸਿੰਘ ਸੈਣੀ, ਗੁਰਨੈਲ ਸਿੰਘ ਸਾਬਕਾ ਮੈਨੇਜਰ, ਸੁੱਚਾ ਸਿੰਘ ਮਸੰਦ, ਗੁਰਮੇਲ ਸਿੰਘ ਮਸੰਦ, ਪੰਡਿਤ ਚਮਨ ਲਾਲ, ਗੁਰਮੁਖ ਸਿੰਘ ਮਹੰਤ, ਰਾਮ ਸਿੰਘ, ਸਤਪਾਲ ਸਿੰਘ , ਉਜਾਗਰ ਸਿੰਘ, ਇੰਦਰਜੀਤ ਸਿੰਘ, ਦਰਸ਼ਨ ਸਿੰਘ, ਮੰਨੂ ਕੁਮਾਰ, ਗੋਗਾ , ਦੀਪੀ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ।