ਖਨੌਰੀ ਬਾਰਡਰ ’ਤੇ ਗੂੰਜਿਆ ਪੰਜਾਬ ਮੋਰਚਾ
ਕਿਸਾਨੀ ਬਚਾਉਣ ਦੇ ਲਈ ਪੰਜਾਬ ਦੀ ਜਵਾਨੀ ਖਨੋਰੀ ਬਾਰਡਰ ਪਹੁੰਚੇ: ਗੌਰਵ ਰਾਣਾ
Publish Date: Mon, 16 Dec 2024 05:14 PM (IST)
Updated Date: Tue, 17 Dec 2024 04:05 AM (IST)
ਖਨੌਰੀ ਬਾਰਡਰ ’ਤੇ ਗੂੰਜਿਆ ਪੰਜਾਬ ਮੋਰਚਾ
ਕਿਸਾਨੀ ਬਚਾਉਣ ਦੇ ਲਈ ਪੰਜਾਬ ਦੀ ਜਵਾਨੀ ਖਨੋਰੀ ਬਾਰਡਰ ਪਹੁੰਚੇ: ਗੌਰਵ ਰਾਣਾ ਮਰਨ ਵਰਤ ਸੂਚੀ ’ਚ ਮੋਰਚੇ ਦੇ ਸਾਥੀ ਨੇ ਦਰਜ ਕਰਵਾਇਆ ਨਾਮ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪੰਜਾਬ ਤੇ ਹਰਿਆਣਾ ਦੇ ਮੁਹਾਨੇ ਤੇ ਸਥਿਤ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਉੱਤੇ ਹਜ਼ਾਰਾਂ ਕਿਸਾਨਾਂ ਨੂੰ ਲਾਠੀ ਅਤੇ ਗੋਲੀ ਦੇ ਦਮ ਉੱਤੇ ਕੇਂਦਰ ਤੇ ਹਰਿਆਣਾ ਸਰਕਾਰ ਰੋਕ ਕੇ ਲੋਕਤੰਤਰ ਦੀ ਰੋਜ਼ ਹੱਤਿਆ ਕਰ ਰਹੀ ਹੈ। ਹਰਿਆਣਾ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਅੱਥਰੂ ਗੈਸ ਰਬੜ ਦੀਆਂ ਗੋਲੀਆਂ ਤੇ ਹੋਰ ਸਾਧਨਾ ਰਾਹੀਂ ਕੀਤੇ ਜਾ ਰਹੇ ਤਸ਼ੱਦਦ ਦੇ ਮਾਮਲੇ ਵਿੱਚ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਬਾਰਡਰ ਵਿੱਚ ਹਰਿਆਣਾ ਪੁਲਿਸ ਪ੍ਰਸ਼ਾਸਨ ਤੇ ਗੈਰ ਕਾਨੂੰਨੀ ਗਤਵਿਧੀਆਂ ਨੂੰ ਅੰਜਾਮ ਦੇਣ ਦੇ ਮਾਮਲੇ ਵਿੱਚ ਪਰਚਾ ਦਰਜ ਨਹੀਂ ਕੀਤਾ ਗਿਆ, ਜੋ ਕਿ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਤੇ ਕੇਂਦਰ ਪ੍ਰਤੀ ਨਰਮੀ ਦਾ ਸ਼ੱਕ ਜਾਹਿਰ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਵੱਲੋਂ ਬਜ਼ੁਰਗ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲੋਕਤੰਤਰ ਦਾ ਰਾਜ ਹੈ ਤੇ ਹਰਿਆਣਾ ਪੰਜਾਬ ਅਤੇ ਦਿੱਲੀ ਵਿਚਾਲੇ ਸਿਰਫ ਇੱਕ ਸੂਬਾ ਮਾਤਰ ਹੈ। ਇਸਦੇ ਕੋਲ ਨਿਹੱਥੇ ਕਿਸਾਨਾਂ ਨੂੰ ਰੋਕਣ ਲਈ ਕੋਈ ਅਧਿਕਾਰ ਨਹੀਂ ਹੈ ਪਰ ਇਹ ਕੇਂਦਰ ਦੇ ਨਾਲ ਮਿਲ ਕੇ ਅਧਿਕਾਰਾਂ ਦੀ ਦੁਰਵਰਤੋਂ ਦੇ ਨਾਲ ਨਾਲ ਰੋਜ਼ਾਨਾ ਪੰਜਾਬ ਦੇ ਨੌਜਵਾਨਾਂ ਨੂੰ ਸੱਟਾਂ ਮਾਰ ਕੇ ਕੰਡਮ ਕਰ ਰਿਹਾ ਹੈ। ਰਾਣਾ ਨੇ ਕਿਹਾ ਕਿ ਭਾਖੜੇ ਤੋਂ ਆਉਣ ਵਾਲਾ ਪਾਣੀ ਪੰਜਾਬ ਵਿੱਚੋਂ ਲੰਘ ਕੇ ਖਨੌਰੀ ਹਰਿਆਣਾ ਰਾਜਸਥਾਨ ਪਹੁੰਚਦਾ ਹੈ। ਇਸੇ ਪ੍ਰਕਾਰ ਦੇ ਨਾਲ ਭਾਖੜਾ ਤੋਂ ਤਿਆਰ ਹੋਣ ਵਾਲੀ ਬਿਜਲੀ ਦਿੱਲੀ ਤੱਕ ਪਹੁੰਚਦੀ ਹੈ। ਪੰਜਾਬ ਨੇ ਤਾਂ ਕਦੀ ਇਹਨਾਂ ਕੁਦਰਤੀ ਸੋਮਿਆਂ ਨੂੰ ਆਪਣੇ ਤੱਕ ਸੀਮਤ ਰੱਖਣ ਦਾ ਕੰਮ ਨਹੀਂ ਕੀਤਾ , ਹੁਣ ਪੰਜਾਬ ਦੀਆਂ ਸੁੱਤੀਆਂ ਸਰਕਾਰਾਂ ਨੂੰ ਵੀ ਜਾਗ ਜਾਣਾ ਚਾਹੀਦਾ ਹੈ। ਅੱਜ ਪੰਜਾਬ ਦਾ ਬਹੁਤ ਵੱਡਾ ਹਿੱਸਾ ਨਹਿਰੀ ਪਾਣੀ ਲਈ ਤਰਸ ਰਿਹਾ ਹੈ। ਇਸ ਲਈ ਪੰਜਾਬ ਦੇ ਹਰੇਕ ਪਿੰਡ ਨੂੰ ਛੋਟੇ ਬੜੇ ਨਹਰੀ ਸੂਇਆਂ ਨਾਲ ਜੋੜ ਕੇ ਪਹਿਲਾਂ ਆਪਣੇ ਅਧਿਕਾਰ ਪ੍ਰਾਪਤ ਕੀਤੇ ਜਾਣ ਤੇ ਕੇਂਦਰ ਤੇ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਫਸਲਾਂ ਉੱਤੇ ਐਮ ਐਸ ਪੀ ਦੇਣ ਦੇ ਐਲਾਨ ਨੂੰ ਬੂਰ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੀ ਜਵਾਨੀ ਨੂੰ ਇੱਕਜੁੱਟ ਹੋ ਕੇ ਇਕ ਦਿਨ ਮਿਥ ਕੇ ਖਨੋਰੀ ਤੇ ਸ਼ੰਭੂ ਬਾਰਡਰ ਉੱਤੇ ਸ਼ਾਂਤੀਪੂਰਵਕ ਪਹੁੰਚਣਾ ਚਾਹੀਦਾ ਹੈ ਤੇ ਉਥੋਂ ਅਗਲੇ ਸੰਘਰਸ਼ ਦੀ ਫਾਈਨਲ ਰੂਪਰੇਖਾ ਤਿਆਰ ਕਰਨੀ ਚਾਹੀਦੀ ਹੈ। ਇਸ ਮੌਕੇ ਮੋਰਚਾ ਦੇ ਇਕ ਸਾਥੀ ਨੀਰਜ ਰਾਣਾ ਮਾਣਕੂ ਮਾਜਰਾ ਵੱਲੋਂ ਲੜੀਵਾਰ ਮਰਨ ਵਰਤ ਰੱਖਣ ਵਾਲੀ ਸੂਚੀ ’ਚ ਆਪਣਾ ਨਾਮ ਦਰਜ ਕਰਵਾ ਕੇ ਪੰਜਾਬ ਮੋਰਚਾ ਵੱਲੋਂ ਹਾਜ਼ਰੀ ਲਗਵਾਈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਜਲਦ ਫੈਸਲਾ ਕਰ ਕੇ ਮੈਨੂੰ ਇਸ ਅਨਸ਼ਨ ਲੜੀ ਵਿਚ ਮੋਹਰੀ ਕਤਾਰ ਵਿੱਚ ਜੋੜੇ। ਇਸ ਮੌਕੇ ਉਹਨਾਂ ਦੇ ਨਾਲ ਗੁਰਬਚਨ ਸਿੰਘ ਬੈਂਸ, ਹਰਪ੍ਰੀਤ ਸਿੰਘ, ਨੀਰਜ ਰਾਣਾ ਭਗਵੰਤ ਸਿੰਘ, ਯਾਦਵਿੰਦਰ ਸਿੰਘ ਤੇ ਕਈ ਕਿਸਾਨ ਆਗੂ ਮੌਜੂਦ ਸਨ।