ਸਫ਼ਾਈ ਸੇਵਕਾਂ ਦੇ ਸੰਘਰਸ਼ ਨੂੰ 'ਜਨ ਚੇਤਨਾ ਮੰਚ' ਨੇ ਦਿੱਤਾ ਸਮਰਥਨ
ਸਫ਼ਾਈ ਸੇਵਕਾਂ ਦੇ ਸੰਘਰਸ਼ ਨੂੰ 'ਜਨ ਚੇਤਨਾ ਮੰਚ' ਨੇ ਦਿੱਤਾ ਸਮਰਥਨ
Publish Date: Sat, 09 May 2026 05:08 PM (IST)
Updated Date: Sat, 09 May 2026 05:08 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਨੰਗਲ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਢੀ ਗਈ ਹੜਤਾਲ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸੇ ਕੜੀ ਤਹਿਤ ਜਨ ਚੇਤਨਾ ਮੰਚ ਦੇ ਨੁਮਾਇੰਦਿਆਂ ਨੇ ਹੜਤਾਲੀ ਸਫ਼ਾਈ ਸੇਵਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਪੂਰਨ ਸਮਰਥਨ ਦਾ ਐਲਾਨ ਕੀਤਾ। ਜਨ ਚੇਤਨਾ ਮੰਚ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਸਫ਼ਾਈ ਸੇਵਕਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ, ਕਿਉਂਕਿ ਇਨ੍ਹਾਂ ਮਿਹਨਤਕਸ਼ਾਂ ਤੋਂ ਬਿਨ੍ਹਾਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਰਕਰਾਰ ਰੱਖਣਾ ਅਸੰਭਵ ਹੈ। ਹੜਤਾਲੀ ਸਫ਼ਾਈ ਸੇਵਕਾਂ ਦਾ ਹੌਸਲਾ ਵਧਾਉਣ ਲਈ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ, ਕਾਂਗਰਸੀ ਆਗੂ ਰਵਿੰਦਰ ਦੀਵਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਪ੍ਰਦੀਪ ਸੋਨੀ, ਰਾਜ ਸਿੰਘ ਅਤੇ ਪ੍ਰਤਾਪ ਸੈਣੀ ਵਿਸ਼ੇਸ਼ ਤੌਰ ਤੇ ਪਹੁੰਚੇ। ਹਾਜ਼ਰ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਸਫ਼ਾਈ ਸੇਵਕਾਂ ਦੇ ਹੱਕਾਂ ਦੀ ਲੜਾਈ ਵਿੱਚ ਉਹ ਹਮੇਸ਼ਾ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਜਦੋਂ ਤੱਕ ਸਰਕਾਰ ਕੋਈ ਠੋਸ ਫੈਸਲਾ ਨਹੀਂ ਲੈਂਦੀ, ਇਹ ਸਮਰਥਨ ਜਾਰੀ ਰਹੇਗਾ।