ਸਰਕਾਰੀ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਕੀਤਾ ਵੇਰਕਾ ਪਲਾਂਟ ਮੋਹਾਲੀ ਦਾ ਦੌਰਾ
ਸਰਕਾਰੀ ਸਕੂਲ ਕਾਂਗੜ ਦੇ ਵਿਦਿਆਰਥੀਆਂ ਦਾ ਕਰਵਾਇਆ ਵੇਰਕਾ ਪਲਾਂਟ ਮੋਹਾਲੀ ਦਾ ਉਦਯੋਗਿਕ ਦੌਰਾ
Publish Date: Fri, 20 Feb 2026 04:47 PM (IST)
Updated Date: Fri, 20 Feb 2026 04:48 PM (IST)

ਦੁੱਖ ਤੋਂ ਬਣੇ ਉਤਪਾਦਾਂ ਦੀ ਤਿਆਰੀ ਤੇ ਪੈਕਿੰਗ ਪ੍ਰਣਾਲੀ ਤੋਂ ਕਰਵਾਇਆ ਜਾਣੂ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨੂਰਪੁਰਬੇਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਵੱਲੋਂ ਵਿਦਿਆਰਥੀਆਂ ਲਈ ਵਿਸ਼ੇ ਅਧਾਰਿਤ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ ਗਿਆ। ਇਸ ਤਹਿਤ ਨੌਵੀਂ ਤੋਂ ਬਾਰਹਵੀਂ ਜਮਾਤ ਤੱਕ ਦੇ ਖੇਤੀਬਾੜੀ ਵਿਸ਼ੇ ਦੇ ਵਿਦਿਆਰਥੀਆਂ ਨੂੰ ਖੇਤੀਬਾੜੀ ਅਧਿਆਪਕ ਭੁਵਨੇਸ਼ ਰਾਣਾ ਦੀ ਅਗਵਾਈ ਹੇਠ ਵੇਰਕਾ ਮਿਲਕ ਪਲਾਂਟ ਮੁਹਾਲੀ ਵਿਖੇ ਉਦਯੋਗਿਕ ਦੌਰੇ ਲਈ ਲਿਆਂਦਾ ਗਿਆ। ਪਲਾਂਟ ਵਿਖੇ ਨਵਰੀਤ ਕੌਰ ਸੀਨੀਅਰ ਸਹਾਇਕ ਵੱਲੋਂ ਵਿਦਿਆਰਥੀਆਂ ਨੂੰ ਡੇਅਰੀ ਉਦਯੋਗ ਨਾਲ ਸੰਬੰਧਿਤ ਤਕਨੀਕੀ ਪ੍ਰਕਿਰਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਿਵੇਂ ਡੇਅਰੀ ਫਾਰਮਾਂ ਤੋਂ ਇਕੱਠਾ ਕੀਤਾ ਗਿਆ ਕੱਚਾ ਦੁੱਧ ਪਹਿਲਾਂ ਗੁਣਵੱਤਾ ਜਾਂਚ ਪ੍ਰਕਿਰਿਆ ਵਿੱਚੋਂ ਲੰਘਦਾ ਹੈ ਅਤੇ ਉਸ ਤੋਂ ਬਾਅਦ ਆਧੁਨਿਕ ਮਸ਼ੀਨਰੀ ਰਾਹੀਂ ਪਾਸਚਰਾਈਜ਼ੇਸ਼ਨ, ਹੋਮੋਜਨਾਈਜ਼ੇਸ਼ਨ ਅਤੇ ਸਟੈਂਡਰਡਾਈਜ਼ੇਸ਼ਨ ਵਰਗੀਆਂ ਤਕਨੀਕੀ ਪ੍ਰਕਿਰਿਆਵਾਂ ਰਾਹੀਂ ਵੱਖ-ਵੱਖ ਦੁੱਧ ਉਤਪਾਦ ਤਿਆਰ ਕੀਤੇ ਜਾਂਦੇ ਹਨ। ਵਿਦਿਆਰਥੀਆਂ ਨੂੰ ਦੁੱਧ, ਦਹੀਂ ਅਤੇ ਲੱਸੀ ਆਦਿ ਉਤਪਾਦਾਂ ਦੀ ਤਿਆਰੀ ਅਤੇ ਸੁਚੱਜੀ ਪੈਕਿੰਗ ਪ੍ਰਣਾਲੀ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਦੌਰੇ ਦੌਰਾਨ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਪਲਾਂਟ ਵਿਚ ਲੱਗੀਆਂ ਵਿਦੇਸ਼ੀ ਅਤੇ ਸਵਦੇਸ਼ੀ ਆਧੁਨਿਕ ਮਸ਼ੀਨਾਂ ਦਾ ਮੌਕਾ-ਮੁਆਇਨਾ ਕਰਵਾਇਆ ਗਿਆ। ਉਨ੍ਹਾਂ ਨੂੰ ਗੁਣਵੱਤਾ ਨਿਯੰਤਰਣ ਪ੍ਰਯੋਗਸ਼ਾਲਾ, ਕੋਲਡ ਸਟੋਰੇਜ ਯੂਨਿਟ ਅਤੇ ਆਟੋਮੈਟਿਕ ਪੈਕਿੰਗ ਸਿਸਟਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਤਕਨੀਕੀ ਪ੍ਰਕਿਰਿਆਵਾਂ ਨੂੰ ਨਜ਼ਦੀਕੋਂ ਦੇਖ ਕੇ ਡੇਅਰੀ ਉਦਯੋਗ ਦੀ ਕਾਰਗੁਜ਼ਾਰੀ ਬਾਰੇ ਪ੍ਰਯੋਗਿਕ ਗਿਆਨ ਹਾਸਲ ਕੀਤਾ, ਜਿਸ ਨਾਲ ਉਨ੍ਹਾਂ ਦੀ ਖੇਤੀਬਾੜੀ ਵਿਸ਼ੇ ਪ੍ਰਤੀ ਰੁਚੀ ਹੋਰ ਵਧੀ। ਐਨ.ਐਸ.ਕਿਊ.ਐੱਫ. ਅਤੇ ਆਈ.ਟੀ. ਵਿਸ਼ੇ ਦੇ ਅਧਿਆਪਕ ਭੁਵਨੇਸ਼ ਰਾਣਾ ਨੇ ਦੱਸਿਆ ਕਿ ਵਿਸ਼ੇ ਨਾਲ ਸੰਬੰਧਿਤ ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ ਕਿਉਂਕਿ ਇਸ ਨਾਲ ਉਹਨਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਤਜਰਬਾਤੀ ਸਿੱਖਿਆ ਵੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਵੱਖ-ਵੱਖ ਉਦਯੋਗਿਕ ਇਕਾਈਆਂ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਉਹਨਾਂ ਨੂੰ ਰੋਜ਼ਗਾਰ-ਕੇਂਦਰਿਤ ਸਿੱਖਿਆ ਨਾਲ ਜੋੜਿਆ ਜਾ ਸਕੇ। ਸਕੂਲ ਪ੍ਰਿੰਸੀਪਲ ਪਾਖਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਨੂੰ ਉਦਯੋਗਿਕ ਮਾਹੌਲ ਨਾਲ ਜਾਣੂ ਕਰਵਾਉਂਦੇ ਹਨ ਅਤੇ ਭਵਿੱਖੀ ਕਰੀਅਰ ਚੋਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਇਸ ਮੌਕੇ ਭੁਵਨੇਸ਼ ਰਾਣਾ, ਰਾਮ ਪਾਲ, ਬਲਵੰਤ ਸਿੰਘ ਕੈਂਪਸ ਮੈਨੇਜਰ ਮਾਸਟਰ ਨਰਿੰਦਰ ਬਸਾਲੀ, ਮੈਡਮ ਨਵਰੀਤ ਕੌਰ ਸੀਨੀਅਰ ਸਹਾਇਕ ਵੇਰਕਾ ਪਲਾਂਟ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।