ਐਂਟਰੀ ਟੈਕਸ ਦੇ ਵਿਰੋਧ ‘ਚ ਸੈਂਕੜੇ ਸੰਘਰਸ਼ਕਾਰੀਆਂ ਵੱਲੋਂ ਕੀਰਤਪੁਰ ਮਨਾਲੀ ਰਾਸ਼ਟਰੀ ਮਾਰਗ ਇੱਕ ਘੰਟਾ ਜਾਮ, ਕਰੀਬ

ਅੱਠ ਕਿਲੋਮੀਟਰ ਤੱਕ ਲੱਗੀਆਂ ਵਾਹਨਾਂ ਦੀਆਂ ਲਾਈਨਾਂ, 1 ਅਪ੍ਰੈਲ ਤੋਂ ਪੱਕਾ ਮੋਰਚਾ ਲੱਗੇਗਾ : ਆਗੂ
ਨਰਿੰਦਰ ਸੈਣੀ, ਪੰਜਾਬੀ ਜਾਗਰਣ
ਸ੍ਰੀ ਕੀਰਤਪੁਰ ਸਾਹਿਬ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿਚ ਪੰਜਾਬ ਅਤੇ ਹਿਮਾਚਲ ਦੇ ਸੈਂਕੜੇ ਸੰਘਰਸ਼ਕਾਰੀਆਂ ਨੇ ਅੱਜ ਨੈਸ਼ਨਲ ਹਾਈਵੇ ਨੰਬਰ 205(ਕੀਰਤਪੁਰ ਸਾਹਿਬ–ਮਨਾਲੀ ਰਾਸ਼ਟਰੀ ਮਾਰਗ) ‘ਤੇ ਇੱਕ ਘੰਟੇ ਲਈ ਜਾਮ ਲਗਾ ਕੇ ਹਿਮਾਚਲ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਾਰਗ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਜੋ ਕਰੀਬ ਅੱਠ ਕਿਲੋਮੀਟਰ ਤੱਕ ਫੈਲ ਗਈਆਂ ਅਤੇ ਕੈਂਚੀ ਮੋੜ ਤੱਕ ਪਹੁੰਚ ਗਈਆਂ। ਸੰਘਰਸ਼ਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਐਂਟਰੀ ਟੈਕਸ ਦੇ ਨਾਂ ‘ਤੇ ਲੋਕਾਂ ਉੱਤੇ ਗੈਰ-ਵਾਜਬ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹਿਮਾਚਲ ਸਰਕਾਰ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ 1 ਅਪ੍ਰੈਲ ਤੋਂ ਹਿਮਾਚਲ ਸਰਹੱਦ ‘ਤੇ ਪੱਕਾ ਮੋਰਚਾ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਜਾਵੇਗੀ।
ਇਸ ਮੌਕੇ ਸੰਘਰਸ਼ ਨੂੰ ਸੰਬੋਧਨ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਕਿਸਾਨ ਆਗੂ ਸੇਠੀ ਸ਼ਰਮਾ, ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਜਮਹੂਰੀ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਧਰਮਪਾਲ ਸੈਣੀ ਮਾਜਰਾ, ਟਰੱਕ ਯੂਨੀਅਨ ਦੇ ਆਗੂ ਅਰਵਿੰਦ ਸਿੰਘ ਬਘੇਰੀ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਸਮੇਤ ਕਈ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਇਲਾਕਿਆਂ ਵਿਚ ਸਦੀਆਂ ਤੋਂ ਭਾਈਚਾਰਕ ਸਾਂਝ ਬਣੀ ਹੋਈ ਹੈ। ਇਨ੍ਹਾਂ ਇਲਾਕਿਆਂ ਦੇ ਲੋਕਾਂ ਦੀਆਂ ਰਿਸ਼ਤੇਦਾਰੀਆਂ, ਜ਼ਮੀਨਾਂ ਅਤੇ ਕਾਰੋਬਾਰ ਦੋਹਾਂ ਰਾਜਾਂ ਵਿਚ ਹਨ, ਪਰ ਹਿਮਾਚਲ ਸਰਕਾਰ ਵੱਲੋਂ ਐਂਟਰੀ ਟੈਕਸ ਦੇ ਨਾਂ ‘ਤੇ ਕੀਤੀ ਗਈ ਵਾਧੂ ਵਸੂਲੀ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਇਹ ਟੈਕਸ ਖਾਸ ਕਰਕੇ ਟੈਕਸੀ ਚਾਲਕਾਂ, ਟਰੱਕ ਚਾਲਕਾਂ, ਵਪਾਰੀਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਆਮ ਲੋਕਾਂ ਲਈ ਵੱਡਾ ਆਰਥਿਕ ਬੋਝ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਹੀ ਰਾਸ਼ਟਰੀ ਮਾਰਗ ‘ਤੇ ਦੋ ਟੋਲ ਨਾਕੇ ਲਗਾਉਣਾ ਲੋਕਾਂ ਨਾਲ ਨਾਇਨਸਾਫ਼ੀ ਹੈ ਅਤੇ ਮੋੜਾ ਟੋਲ ਨਜ਼ਦੀਕ ਹਿਮਾਚਲ ਪ੍ਰਦੇਸ਼ ਐਂਟਰੀ ਟੋਲ ਨਾਕਾ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਇਸ ਦੌਰਾਨ ਜ਼ਿਲ੍ਹੇ ਭਰ ਵਿੱਚੋਂ ਵੱਖ-ਵੱਖ ਕਿਸਾਨ ਜਥੇਬੰਦੀਆਂ, ਟੈਕਸੀ ਯੂਨੀਅਨਾਂ ਅਤੇ ਟਰੱਕ ਯੂਨੀਅਨਾਂ ਦੇ ਪ੍ਰਤੀਨਿਧੀਆਂ ਸਮੇਤ ਸੈਂਕੜੇ ਲੋਕ ਮੋੜਾ ਟੋਲ ਨਾਕੇ ਅੱਗੇ ਇਕੱਠੇ ਹੋਏ ਅਤੇ ਉਥੋਂ ਹਿਮਾਚਲ ਸਰਹੱਦ ਵੱਲ ਮਾਰਚ ਕੀਤਾ। ਸੰਘਰਸ਼ਕਾਰੀਆਂ ਨੇ ਮਾਰਗ ਉੱਤੇ ਬੈਠ ਕੇ ਇੱਕ ਘੰਟੇ ਲਈ ਜਾਮ ਲਗਾਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ ‘ਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪ੍ਰਸ਼ਾਸਨ ਵੱਲੋਂ ਐਸਡੀਐਮ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਉਪ ਪੁਲਿਸ ਕਪਤਾਨ ਜਸ਼ਨਦੀਪ ਸਿੰਘ ਮਾਨ ਅਤੇ ਥਾਣਾ ਮੁੱਖੀ ਜਤਨ ਕਪੂਰ ਭਾਰੀ ਪੁਲਿਸ ਬਲ ਸਮੇਤ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਸੰਘਰਸ਼ਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ।
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਜਿਵੇਂ ਰੂਪਨਗਰ ਪਠਾਨਕੋਟ ਮੋਹਾਲੀ ਹੁਸ਼ਿਆਰਪੁਰ ਸਮੇਤ ਜਿੱਥੇ–ਜਿੱਥੇ ਹਿਮਾਚਲ ਨਾਲ ਸਰਹੱਦ ਲੱਗਦੀ ਹੈ, ਉਨ੍ਹਾਂ ਇਲਾਕਿਆਂ ਨੂੰ ਐਂਟਰੀ ਟੈਕਸ ਤੋਂ ਛੂਟ ਦਿੱਤੀ ਜਾਵੇ। ਸੰਘਰਸ਼ਕਾਰੀਆਂ ਨੇ ਅੰਤ ਵਿਚ ਸਪਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਨੇ ਜਲਦ ਐਂਟਰੀ ਟੈਕਸ ਵਾਪਸ ਨਾ ਲਿਆ ਤਾਂ 1 ਅਪ੍ਰੈਲ ਤੋਂ ਹਿਮਾਚਲ ਸਰਹੱਦ ‘ਤੇ ਪੱਕਾ ਮੋਰਚਾ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸੰਘਰਸ਼ਕਾਰੀਆਂ ਵਲੋਂ ਸ੍ਰੀ ਕੀਰਤਪੁਰ ਸਾਹਿਬ ਪਤਾਲਪੁਰੀ ਚੌਂਕ ਵਿਚ ਇਕੱਠ ਕੀਤਾ ਗਿਆ ਅਤੇ ਫਿਰ ਗਰਾਂ ਮੋੜਾ ਟੋਲ ਪਲਾਜ਼ਾ ਨਜ਼ਦੀਕ ਪਹੁੰਚ ਕੇ ਧਰਨਾ ਦਿੱਤਾ ਗਿਆ। ਇਸ ਦੌਰਾਨ ਵੱਖ ਵੱਖ ਟਰੱਕ ਯੂਨੀਅਨ ਟੈਕਸੀ ਯੂਨੀਅਨ ਅਤੇ ਕਿਸਾਨ ਲੀਡਰਾਂ ਨੂੰ ਵੱਲੋਂ ਧਰਨੇ ਦਾ ਸਮਰਥਨ ਕੀਤਾ ਗਿਆ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਟਰੱਕ ਆਪਰੇਟਰ ਅਤੇ ਟਰੱਕ ਯੂਨੀਅਨਾਂ ਵੱਲੋਂ ਧਰਨੇ ਨੂੰ ਹਮਾਇਤ ਦਿੱਤੀ ਗਈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹਿਮਾਚਲ ਸਰਕਾਰ ਨਾਲ ਗੱਲ ਕਰਦੀ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕੱਢਣਾ ਚਾਹੀਦਾ ਹੈ।
ਇਸ ਦੌਰਾਨ ਗੌਰਵ ਰਾਣਾ, ਸੇਠੀ ਸ਼ਰਮਾ, ਵੀਰ ਸਿੰਘ ਬੜਵਾ, ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਧਰਮਪਾਲ ਸੈਣੀ ਮਾਜਰਾ, ਅਰਵਿੰਦ ਸਿੰਘ ਬਘੇਰੀ, ਅਵਤਾਰ ਸਿੰਘ, ਕਰਨਵੀਰ ਸਿੰਘ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ, ਟੈਕਸੀ ਯੂਨੀਅਨਾਂ ਅਤੇ ਟਰੱਕ ਯੂਨੀਅਨਾਂ ਦੇ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਟੈਕਸੀ ਯੂਨੀਅਨ ਆਜ਼ਾਦ ਦੇ ਪ੍ਰਧਾਨ ਪ੍ਰਦੀਪ ਸਿੰਘ ਸੇਖ ਪੁਰਾ ਹਰਪ੍ਰੀਤ ਸਿੰਘ ਭੱਟੋ ਬਲਾਕ ਪ੍ਰਧਾਨ ਅਵਤਾਰ ਸਿੰਘ ਦਿਆਲ ਬਲਵੀਰ ਸਿੰਘ ਬਿੰਦੜਾ ਬਲਵੀਰ ਸਿੰਘ ਮੁੰਨੇ ਮੰਗਲ ਸਿੰਘ ਹੀਰ ਪੁਰ ਧਰਮਪਾਲ ਸਿੰਘ ਪ੍ਰਿੰਸ ਬਢਲ ਪ੍ਰੇਮ ਸਿੰਘ ਹੀਰਾ ਸਰਦਾਰ ਸਿੰਘ ਹੈਲੋ ਮੁਖਤਿਆਰ ਸਿੰਘ ਮਾਲਾ ਸੂਬਾ ਸਕੱਤਰ ਆਮ ਲੋਕ ਮੌਜੂਦ ਸਨ।