ਬੈਂਸ ਵੱਲੋਂ ਬ੍ਰਹਮਪੁਰ ਲੋਅਰ ’ਚ ਖੇਡ ਮੈਦਾਨ ਲੋਕ ਅਰਪਣ
ਹਰਜੋਤ ਸਿੰਘ ਬੈਂਸ ਨੇ ਬ੍ਰਹਮਪੁਰ ਲੋਅਰ ’ਚ ਖੇਡ ਮੈਦਾਨ ਲੋਕਾਂ ਨੂੰ ਕੀਤਾ ਸਮਰਪਿਤ
Publish Date: Mon, 04 May 2026 06:46 PM (IST)
Updated Date: Mon, 04 May 2026 06:47 PM (IST)

ਪੰਜਾਬੀ ਜਾਗਰਣ ਟੀਮ,ਪੰਜਾਬੀ ਜਾਗਰਣ, ਨੰਗਲ:ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਬ੍ਰਹਮਪੁਰ ਲੋਅਰ ’ਚ 48.15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੈਦਾਨ ਵਿੱਚ ਬਾਥਰੂਮ, ਚੇਂਜਿੰਗ ਰੂਮ, ਸਟੋਰ ਰੂਮ, ਰਾਤ ਦੇ ਸਮੇਂ ਮੈਚਾਂ ਲਈ ਲਾਈਟਿੰਗ ਸਿਸਟਮ, ਜਲ ਸਪਲਾਈ ਅਤੇ ਬਿਜਲੀ ਵਰਗੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ, ਜਿਸ ਨਾਲ ਇਹ ਮੈਦਾਨ ਇੱਕ ਨਮੂਨੇ ਦੇ ਤੌਰ ’ਤੇ ਉਭਰਿਆ ਹੈ। ਇਸ ਤੋਂ ਇਲਾਵਾ, ਬੀਬੀਐਮਬੀ ਅਤੇ ਐਨਐਫਐਲ ਰਾਹੀਂ ਵੀ ਵੱਡੇ ਵਿਕਾਸੀ ਪ੍ਰੋਜੈਕਟ ਮਨਜ਼ੂਰ ਕਰਵਾਏ ਗਏ ਹਨ, ਜੋ ਹਲਕੇ ਦੇ ਸਮੂਹਿਕ ਵਿਕਾਸ ਨੂੰ ਹੋਰ ਤੇਜ਼ੀ ਦੇਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੀ ਹੈ, ਜਿਸ ਦੇ ਤਹਿਤ ਜਲਦੀ ਹੀ 100 ਖੇਡ ਮੈਦਾਨ ਲੋਕ ਅਰਪਣ ਕੀਤੇ ਜਾਣਗੇ। ਇਸ ਸਮੇਂ 25 ਖੇਡ ਮੈਦਾਨਾਂ ਦਾ ਕੰਮ ਜਾਰੀ ਹੈ, ਜਦਕਿ ਹੋਰ 75 ਖੇਡ ਮੈਦਾਨ ਤਿਆਰੀ ਦੇ ਅਖੀਰਲੇ ਪੜਾਅ ਵਿੱਚ ਹਨ। ਇਹ ਮੈਦਾਨ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਦੇ ਨਾਲ ਹੀ 20 ਅਤੀ ਆਧੁਨਿਕ ਲਾਇਬ੍ਰੇਰੀਆਂ ਵੀ ਜਲਦੀ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ, ਜੋ ਸਿੱਖਿਆ ਅਤੇ ਗਿਆਨ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਉਣਗੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕੇ ਵਿੱਚ ਲਗਭਗ 200 ਕਿਲੋਮੀਟਰ ਸੜਕਾਂ ਦੇ ਚੌੜੇਕਰਨ ਅਤੇ ਨਵੀਨੀਕਰਨ ਦਾ ਕੰਮ ਜਲਦੀ ਮੁਕੰਮਲ ਹੋਵੇਗਾ। ਇਸ ਦੇ ਨਾਲ ਹੀ ਪੁਲੀਆਂ ਅਤੇ ਵੱਡੇ ਪੁਲਾਂ ਦੀ ਨਿਰਮਾਣ ਪ੍ਰਕਿਰਿਆ ਵੀ ਤੇਜ਼ੀ ਨਾਲ ਜਾਰੀ ਹੈ, ਜਿਨ੍ਹਾਂ ਵਿੱਚੋਂ ਤਿੰਨ ਵੱਡੇ ਪੁਲ ਜਲਦੀ ਤਿਆਰ ਹੋ ਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇਹ ਪ੍ਰੋਜੈਕਟ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਵਪਾਰ ਅਤੇ ਕਾਰੋਬਾਰ ਨੂੰ ਵੀ ਪ੍ਰਫੁੱਲਤ ਕਰਨਗੇ। ਇਸ ਤੋਂ ਇਲਾਵਾ, ਮੰਡੀ ਬੋਰਡ ਰਾਹੀਂ ਲਗਭਗ 75 ਪਿੰਡਾਂ ਵਿੱਚ ਆਰਸੀਸੀ ਕੰਕਰੀਟ ਨਾਲ ਫਿਰਨੀਆਂ ਤਿਆਰ ਕੀਤੀਆਂ ਗਈਆਂ ਹਨ, ਜਿਸ ਨਾਲ ਹੜਾਂ ਦੌਰਾਨ ਪਿੰਡਾਂ ਦਾ ਸੰਪਰਕ ਟੁੱਟਣ ਦੀ ਸਮੱਸਿਆ ਖਤਮ ਹੋਵੇਗੀ। ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਫੈਸਲੇ ਲੈ ਕੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ ਅਤੇ ਸਿੱਖਿਆ ਦਾ ਢਾਂਚਾ ਮਜ਼ਬੂਤ ਕੀਤਾ ਗਿਆ ਹੈ।ਹਲਕੇ ਦੇ ਖੇਡ ਮੈਦਾਨਾਂ ਵਿੱਚ ਨੌਜਵਾਨਾਂ ਦੀ ਭਾਰੀ ਭਾਗੀਦਾਰੀ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਦਿਨ ਅਤੇ ਰਾਤ ਦੇ ਸਮੇਂ ਪ੍ਰੀਮੀਅਰ ਲੀਗ ਮੈਚ ਕਰਵਾਏ ਜਾਣਗੇ। ਖਿਡਾਰੀਆਂ ਨੂੰ ਕ੍ਰਿਕਟ ਜਰਸੀਆਂ ਦੇ ਨਾਲ-ਨਾਲ ਫੁੱਟਬਾਲ, ਵਾਲੀਬਾਲ, ਹਾਕੀ, ਬੈਡਮਿੰਟਨ ਅਤੇ ਵੇਟ ਲਿਫਟਿੰਗ ਲਈ ਆਧੁਨਿਕ ਸਾਜੋ-ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਖਿਡਾਰੀਆਂ ਨੇ ਹਮੇਸ਼ਾ ਦੇਸ਼ ਦਾ ਮਾਣ ਵਧਾਇਆ ਹੈ ਅਤੇ ਇਹ ਉਪਰਾਲੇ ਇਸ ਪਰੰਪਰਾ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਸਚਿਨ ਪਾਠਕ ਐਸ.ਡੀ.ਐਮ ਨੰਗਲ, ਡਾ.ਸੰਜੀਵ ਗੌਤਮ ਜਿਲ੍ਹਾਂ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ, ਜਸਪ੍ਰੀਤ ਜੇ.ਪੀ, ਚੰਨਣ ਸਿੰਘ ਪੰਮੂ ਢਿੱਲੋਂ ਸਰਪੰਚ, ਇਸ਼ਾਨ ਚੋਧਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਸਿਮਰਨਜੀਤ ਸਿੰਘ ਥਾਣਾ ਮੁਖੀ, ਅਸ਼ੋਕ ਨੰਬਰਦਾਰ ਬੀਡੀਸੀ ਮੈਂਬਰ, ਬਚਿੱਤਰ ਸਿੰਘ ਪੰਚ, ਰਾਮ ਗੋਪਾਲ ਪੰਚ, ਵਰਿੰਦਰ ਕੌਰ ਪੰਚ, ਤ੍ਰਿਸ਼ਲਾ ਦੇਵੀ ਪੰਚ, ਕਿਸ਼ਨ ਚੰਦ ਸੈਣੀ, ਪਰਮਿੰਦਰ ਸੈਣੀ, ਪਵਨ ਸੈਣੀ, ਪ੍ਰਦੀਪ, ਕ੍ਰਿਸ਼ਨਪਾਲ, ਸਹਿਜਪਾਲ, ਸਾਹਿਲ ਅਨੰਦ, ਬੱਬੂ, ਨਰੇਸ਼ ਸੋਨੀ, ਹਰਵਿੰਦਰ ਕੁਮਾਰ ਜੇ.ਈ, ਹੁਕਮ ਚੰਦ ਸੈਣੀ, ਨਿਤਿਨ ਬਾਸੋਵਾਲ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।