ਹਰਜੋਤ ਸਿੰਘ ਬੈਂਸ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਸਮੁੱਚੇ ਵਿਕਾਸ ਲਈ ਵੱਡੇ ਪ੍ਰੋਜੈਕਟਾਂ ਦੀ ਸੋਗਾਤ
ਹਰਜੋਤ ਸਿੰਘ ਬੈਂਸ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਸਮੁੱਚੇ ਵਿਕਾਸ ਲਈ ਵੱਡੇ ਪ੍ਰੋਜੈਕਟਾਂ ਦੀ ਸੋਗਾਤ
Publish Date: Sun, 12 Apr 2026 08:49 PM (IST)
Updated Date: Mon, 13 Apr 2026 04:17 AM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਧੁਨਿਕ ਅਤੇ ਵਿਸ਼ਵ ਪੱਧਰੀ ਸ਼ਹਿਰ ਵਜੋਂ ਵਿਕਸਤ ਕਰਨ ਲਈ ਕਈ ਮਹੱਤਵਪੂਰਨ ਪ੍ਰੋਜੈਕਟਾਂ ਦੀਆ ਸੋਗਾਤਾਂ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸ਼ਹਿਰ ਨੂੰ ਸਮਾਰਟ ਸਿਟੀ ਤਰਜ਼ ’ਤੇ ਵਿਕਸਤ ਕਰਨਾ ਹੈ, ਜਿਸ ਨਾਲ ਇਥੋਂ ਦੇ ਵਸਨੀਕਾਂ ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੂਰੇ ਸ਼ਹਿਰ ਵਿਚ ਐਡਵਾਂਸ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਸ ਨਾਲ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਸੁਰੱਖਿਆ ਪ੍ਰਬੰਧਾਂ ਵਿਚ ਸੁਧਾਰ ਆਇਆ ਹੈ। ਇਸ ਦੇ ਨਾਲ ਹੀ ਸ਼ਹਿਰ ਦੀਆਂ ਸਾਰੀਆਂ ਨਾਲੀਆਂ ਨੂੰ ਅੰਡਰਗਰਾਊਂਡ ਕੀਤਾ ਜਾ ਰਿਹਾ ਹੈ, ਜੋ ਸਫਾਈ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਲਗਭਗ 22 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਸ਼ਹਿਰ ਦੀਆਂ ਸੜਕਾਂ ਦਾ ਨਿਰਮਾਣ ਅਤੇ ਮੁਰੰਮਤ ਹੋ ਰਹੀ ਹੈ, ਜਿਸ ਨਾਲ ਆਵਾਜਾਈ ਸੁਚਾਰੂ ਹੋਵੇਗੀ। ਸਿੱਖਿਆ ਦੇ ਖੇਤਰ ਵਿਚ ਵੱਡੀ ਪਹਿਲ ਕਰਦਿਆਂ ਇਥੇ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਨਾਲ ਹੀ ਸਕੂਲ ਆਫ ਐਮੀਨੈਸ ਦੀ ਸਥਾਪਨਾ ਕਰਕੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕੀਤੀ ਗਈ ਹੈ। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੂਟਿੰਗ ਰੇਂਜ ਅਤੇ ਹਾਕੀ ਆਸਟ੍ਰੋਟਰਫ ਗ੍ਰਾਊਂਡ ਬਣਾਏ ਜਾ ਰਹੇ ਹਨ , ਜਿਸ ਨਾਲ ਨੌਜਵਾਨਾਂ ਨੂੰ ਆਪਣੇ ਹੁਨਰ ਨਿਖਾਰਨ ਲਈ ਵਧੀਆ ਮੌਕੇ ਮਿਲਣਗੇ। ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਟਰਾਮਾ ਸੈਂਟਰ ਅਤੇ ਜੱਚਾ-ਬੱਚਾ ਸੰਭਾਲ ਹਸਪਤਾਲ ਦੀ ਸਥਾਪਨਾ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਹੂਲਤਾਂ ਖਾਸ ਕਰਕੇ ਐਮਰਜੈਂਸੀ ਹਾਲਤਾਂ ਵਿਚ ਬਹੁਤ ਲਾਭਦਾਇਕ ਸਾਬਤ ਹੋਣਗੀਆਂ। ਇਸ ਦੇ ਨਾਲ ਹੀ ਸ਼ਹਿਰ ਦੀ ਸੁੰਦਰਤਾ ਨੂੰ ਨਿਖਾਰਨ ਲਈ 13 ਲੱਖ ਰੁਪਏ ਦੀ ਲਾਗਤ ਨਾਲ ਚਿੱਤਰਕਾਰੀ ਕਰਵਾਈ ਗਏ ਹੈ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਪੱਕੀ ਟੈਂਟ ਸਿਟੀ ਦਾ ਨਿਰਮਾਣ ਵੀ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ 15 ਏਕੜ ਵਿੱਚ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪ੍ਰਸ਼ਾਸਕੀ ਕੰਪਲੈਕਸ ਬਣਾਇਆ ਜਾਵੇਗਾ, ਜਿਸ ਨਾਲ ਸਰਕਾਰੀ ਕੰਮਕਾਜ ਹੋਰ ਪ੍ਰਭਾਵਸ਼ਾਲੀ ਬਣੇਗਾ। ਇਸ ਤੋਂ ਇਲਾਵਾ ਚਰਨ ਗੰਗਾ ਸਟੇਡੀਅਮ ਦਾ ਨਵਾਂ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ ਅਤੇ ਚਰਨ ਗੰਗਾ ਖੱਡ ਰਾਹੀਂ ਵਾਟਰ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਸਾਰੇ ਪ੍ਰੋਜੈਕਟ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਿਕਾਸ ਦੇ ਨਵੇਂ ਮਿਆਰਾਂ ’ਤੇ ਲੈ ਜਾਣਗੇ ਅਤੇ ਇਸਨੂੰ ਇਕ ਮਾਡਲ ਸ਼ਹਿਰ ਵਜੋਂ ਸਥਾਪਿਤ ਕਰਨ ਵਿੱਚ ਮੱਦਦਗਾਰ ਸਾਬਤ ਹੋਣਗੇ।