ਅੱਡਾ ਹਰੀਪੁਰ ਵਿਖੇ ਕਰਿਆਨੇ ਦੀ ਦੁਕਾਨ ਤੋਂ 2 ਲੱਖ ਰੁਪਏ ਦਾ ਸਮਾਨ ਚੋਰੀ
ਪੁਲਿਸ ਚੌਕੀ ਲਾਗੇ ਅੱਡਾ ਹਰੀਪੁਰ ਵਿਖੇ ਕਰਿਆਨੇ ਦੀ ਦੁਕਾਨ ਤੋਂ 2 ਲੱਖ ਰੁਪਏ ਦਾ ਸਮਾਨ ਚੌਰੀ
Publish Date: Fri, 10 Apr 2026 04:02 PM (IST)
Updated Date: Fri, 10 Apr 2026 04:05 PM (IST)

ਦਿਨੇਸ਼ ਹੱਲਣ , ਪੰਜਾਬੀ ਜਾਗਰਣ, ਨੂਰਪੁਰਬੇਦੀ: ਨੂਰਪੁਰਬੇਦੀ ਪੁਲਿਸ ਥਾਣੇ ਅਧੀਨ ਪੈਂਦੀ ਚੌਂਕੀ ਹਰੀਪੁਰ ਦੇ ਨਜ਼ਦੀਕ ਬੱਸ ਅੱਡੇ ’ਤੇ ਸਥਿਤ ਇਕ ਕਰਿਆਨੇ ਦੀ ਦੁਕਾਨ ਤੋਂ ਚੋਰ ਲੱਖਾਂ ਰੁਪਏ ਦੀ ਕੀਮਤ ਦਾ ਸਮਾਨ ਚੋਰੀ ਕਰਕੇ ਲੈ ਗਏ। ਚੋਰਾਂ ਨੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਤੋੜ ਕੇ ਬੜੀ ਆਸਾਨੀ ਨਾਲ ਅੰਜਾਮ ਦਿੱਤਾ। ਜਿਸ ’ਤੇ ਇਸ ਘਟਨਾ ਨੇ ਪੁਲਿਸ ਵੱਲੋਂ ਵਧਾਈ ਗਈ ਗਸ਼ਤ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਸਬੰਧੀ ਦੁਕਾਨ ਮਾਲਿਕ ਹਰਜਿੰਦਰ ਸਿੰਘ ਵਾਸੀ ਖਟਾਣਾ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਵੀ ਆਪਣੀ ਦੁਕਾਨ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਘਰ ਚਲਾ ਗਿਆ ਸੀ। ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੇਖਿਆ ਕਿ ਸ਼ਟਰ ਦੇ ਬਾਹਰ ਲੱਗੇ ਦੋਵੇਂ ਤਾਲੇ ਕਿਸੇ ਤਿੱਖੇ ਹਥਿਆਰ ਨਾਲ ਕੱਟੇ ਹੋਏ ਸਨ ਅਤੇ ਦੁਕਾਨ ਅੰਦਰ ਕਰਿਆਨੇ ਦਾ ਸਮਾਨ ਵਿਖਰਿਆ ਹੋਇਆ ਸੀ। ਉਸਨੇ ਦੱਸਿਆ ਕਿ ਚੋਰਾਂ ਵੱਲੋਂ ਦੁਕਾਨ ’ਚੋਂ 5 ਟੀਨ ਰਿਫਾਇੰਡ ਤੇਲ, 2 ਟੀਨ ਡਾਲਡਾ ਘਿਓ ਅਤੇ ਹੋਰ ਕਰਿਆਨੇ ਦਾ ਕੀਮਤੀ ਸਮਾਨ ਚੋਰੀ ਕੀਤਾ ਗਿਆ ਹੈ। ਦੁਕਾਨਦਾਰ ਅਨੁਸਾਰ ਉਸਦਾ ਕਰੀਬ 2 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸਬੂਤ ਮਿਟਾਉਣ ਲਈ ਚੋਰਾਂ ਨੇ ਸਭ ਤੋਂ ਪਹਿਲਾਂ ਦੁਕਾਨ ਦੇ ਅੰਦਰ ‘ਤੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਤੋੜਿਆ। ਦੁਕਾਨਦਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਦੀ ਦੁਕਾਨ ’ਚ 2 ਵਾਰ ਚੋਰੀ ਹੋ ਚੁੱਕੀ ਹੈ। ਜਿਸ ਸਬੰਧੀ ਪੁਲਿਸ ਨੂੰ ਅਜੇ ਤੱਕ ਕੋਈ ਸਫਲਤਾ ਹਾਸਿਲ ਨਹੀਂ ਹੋਈ ਹੈ। ਪੀੜਤ ਦੁਕਾਨਦਾਰ ਵੱਲੋਂ ਇਸ ਸਬੰਧੀ ਪੁਲਿਸ ਚੌਕੀ ਹਰੀਪੁਰ ਵਿਖੇ ਚੋਰੀ ਦੀ ਵਾਰਦਾਤ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਦੂਸਰੀ ਤਰਫ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਲਦ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ।