ਫਰੈਸ਼ਰ ਪਾਰਟੀ 'ਨਵਾਂ ਅਰਮਾਨ-ਨਵੀਂ ਉਡਾਣ' 2026 ਦਾ ਆਯੋਜਨ
ਫਰੈਸ਼ਰ ਪਾਰਟੀ 'ਨਵਾਂ ਅਰਮਾਨ-ਨਵੀਂ ਉਡਾਣ' 2026 ਦਾ ਆਯੋਜਨ
Publish Date: Thu, 21 May 2026 04:34 PM (IST)
Updated Date: Fri, 22 May 2026 04:04 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਜੀਐੱਨਐੱਮ ਨਰਸਿੰਗ, ਬੀਐੱਸਸੀ ਨਰਸਿੰਗ ਅਤੇ ਬੀਐੱਸਸੀ ਪੋਸਟ ਬੇਸਿਕ ਨਰਸਿੰਗ ਕੋਰਸਾਂ ਵਿਚ ਦਾਖਲ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਫਰੈਸ਼ਰ ਪਾਰਟੀ ਨਵਾਂ ਅਰਮਾਨ-ਨਵੀਂ ਉਡਾਣ 2026 ਦਾ ਆਯੋਜਿਨ ਕੀਤਾ। ਜਿਸ ਦੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਉਨ੍ਹਾਂ ਸ਼ਮਾ ਰੌਸ਼ਨ ਕਰ ਕੇ ਸਮਾਰੋਹ ਦਾ ਸ਼ੁਭ ਆਰੰਭ ਕੀਤਾ। ਉਨ੍ਹਾਂ ਕਿਹਾ ਕਿ ਨਰਸਿੰਗ ਦਾ ਕਿੱਤਾ ਦੁਨੀਆ ਦਾ ਸਭ ਤੋਂ ਪ੍ਰਮੁੱਖ ਸਫਲ ਕਿੱਤਾ ਹੈ ਤੇ ਨਰਸਿੰਗ ਸਟਾਫ ਦੀ ਦੇਸ਼-ਵਿਦੇਸ਼ ਵਿਚ ਜ਼ਰੂਰਤ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਫਰੈਸ਼ਰ ਪਾਰਟੀ 2026 ਦਾ ਥੀਮ“ ਨਵਾਂ ਅਰਮਾਨ-ਨਵੀਂ ਉਡਾਣ ਸਿਰਫ ਇੱਕ ਥੀਮ ਨਹੀਂ, ਇਹ ਕਾਲਜ ਦੇ ਨਵੇਂ ਵਿਦਿਆਰਥੀ ਲਈ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਪ੍ਰੇਰਣਾ ਸ੍ਰੋਤ ਹੈ। ਉਨ੍ਹਾਂ ਨਵੇਂ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਕਾਮਨਾ ਵੀ ਕੀਤੀ। ਪ੍ਰਿੰ. ਰਮਨਦੀਪ ਕੌਰ ਨੇ ਮਹਿਮਾਨਾਂ ਅਤੇ ਕਾਲਜ ਦੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਕਾਲਜ ਅਤੇ ਨਰਸਿੰਗ ਡਿਗਰੀ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਸਮੇਂ ਮਾਡਲਿੰਗ ਸ਼ੋਅ ਦੌਰਾਨ ਵਿਦਿਆਰਥੀਆਂ ਨੇ ਰੈਂਪ ਤੇ ਆਪਣੀ ਜਾਣ-ਪਹਿਚਾਣ, ਡਾਂਸ ਤੇ ਸਵਾਲਾਂ ਦੇ ਸ਼ਾਨਦਾਰ ਜਵਾਬ ਦੇ ਕੇ ਆਪਣੇ ਅੰਦਰ ਛੁਪੀ ਪ੍ਰਭਿਤਾ ਨਾਲ ਸਾਰਿਆਂ ਦਾ ਮਨ ਮੋਹ ਲਿਆ। ਮੁਕਾਬਲੇ ਚ ਜੀਐੱਨਐੱਮ ਪਹਿਲਾ ਸਾਲ ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਮਿਸ ਫਰੈਸ਼ਰ ਅਤੇ ਬੀਐੱਸਸੀ ਪਹਿਲਾ ਸਮੈਸਟਰ ਦੇ ਵਿਦਿਆਰਥੀ ਸੁਖਰਾਜ ਸਿੰਘ ਗਿੱਲ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ। ਬੀਐੱਸਸੀ ਪਹਿਲਾ ਸਮੈਸਟਰ ਦੀ ਵਿਦਿਆਰਥਣ ਤਨਵੀਰ ਕੌਰ ਅਤੇ ਵਿਦਿਆਰਥੀ ਸਮੀਰ ਫਸਟ ਰਨਰ ਅੱਪ ਚੁਣੇ ਗਏ, ਜਦੋਂ ਕਿ ਸਿਮਰਨ ਨੇ ਮਿਸ ਕੈਟਵਾਕ, ਨਵਨੀਤ ਕੌਰ ਨੇ ਮਿਸ ਸਮਾਈਲ ਅਤੇ ਮਨਜੋਤ ਕੌਰ ਨੇ ਮਿਸ ਅਟਾਇਰ ਦਾ ਖਿਤਾਬ ਹਾਸਲ ਕੀਤਾ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਪੰਜਾਬੀ ਭੰਗੜਾ ਤੇ ਗਿੱਧਾ ਦੀਆਂ ਪੇਸ਼ਕਾਰੀਆਂ ਨਾਲ ਖ਼ੂਬ ਰੰਗ ਬੰਨ੍ਹਿਆ। ਜੱਜਾਂ ਦੀ ਜ਼ਿੰਮੇਵਾਰੀ ਰਾਬੀਆ ਹਾਟਾ, ਸ਼ੈਲਿਕਾ, ਸਰਬਜੀਤ ਕੌਰ ਨੇ ਤੇ ਮੰਚ ਸੰਚਾਲਨ ਜੈਸਮੀਨ ਕੌਰ ਅਤੇ ਮਨਰੀਤ ਕੌਰ ਨੇ ਕੀਤਾ। ਇਸ ਮੌਕੇ ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਰਾਜਦੀਪ ਥਿੰਦਵਾਰ ਵਾਈਸ ਪ੍ਰਿੰਸੀਪਲ, ਸੁਖਮਿੰਦਰ ਕੌਰ, ਮਨਜਿੰਦਰ ਕੌਰ, ਵੰਦਨਾ ਬਸਰਾ, ਨਿਵੇਦਿਤਾ ਸ਼ਰਮਾ ਤੇ ਵਿਦਿਆਰਥੀ ਹਾਜ਼ਰ ਸਨ।