ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਤੋਂ ਜੁਰਮਾਨਾ ਵਸੂਲ
ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਤੋਂ ਜੁਰਮਾਨਾ ਵਸੂਲ
Publish Date: Thu, 19 Feb 2026 04:52 PM (IST)
Updated Date: Thu, 19 Feb 2026 04:54 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਬੱਸ ਅੱਡੇ ਸਮੇਤ ਸ਼ਹਿਰ ਦੀਆਂ ਕਈ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਅਤੇ ਤੰਬਾਕੂ ਤੋਂ ਬਣੇ ਉਤਪਾਦ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਟੀਮ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਜੁਰਮਾਨਾ ਵਸੂਲਿਆ ਅਤੇ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਮੂੰਹ, ਗਲੇ ਅਤੇ ਭੋਜਨ ਨਲੀ ਦੇ ਕੈਂਸਰ ਦਾ ਵੱਡਾ ਕਾਰਨ ਬਣਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਹਾਈ ਬੀਪੀ ਦਾ ਖ਼ਤਰਾ ਵੀ ਕਾਫ਼ੀ ਵੱਧ ਜਾਂਦਾ ਹੈ ਕਿਉਂਕਿ ਤੰਬਾਕੂ ਵਿਚ ਨਿਕੋਟਿਨ ਸਮੇਤ ਕਈ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਤੰਬਾਕੂਨੋਸ਼ੀ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਘਟਦੀ ਹੈ ਅਤੇ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ, ਇਸ ਲਈ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਬਲਾਕ ਐੱਸ.ਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਿਰੰਤਰ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੂਜੇ ਵਿਭਾਗਾਂ ਨਾਲ ਤਾਲਮੇਲ ਕਰਕੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਰੋਕਣ ਅਤੇ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸ ਮੌਕੇ ਹੈਲਥ ਇੰਸਪੈਕਟਰ ਸੁਖਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲਟੀਪਰਪਜ਼ ਹੈਲਥ ਵਰਕਰ ਕੁਲਵਿੰਦਰ ਸਿੰਘ, ਵਰਿੰਦਰ ਸਿੰਘ, ਰਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਵੀ ਹਾਜ਼ਰ ਸਨ।