ਨਗਰ ਕੌਂਸਲ ਚੋਣਾਂ 'ਚ ਧਾਂਦਲੀ ਦਾ ਖਦਸ਼ਾ: ਕਾਂਗਰਸ ਨੇ ਸੜਕਾਂ 'ਤੇ ਉਤਰ ਕੇ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ
ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਕਥਿਤ ਤੌਰ ’ਤੇ ਬਾਹਰੀ ਲੋਕਾਂ ਦੀਆਂ ਕੌਂਸਲ ਦੇ ਹਲਕੇ ਵਿੱਚ ਵੋਟਾਂ ਬਣਨ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਵੱਲੋਂ ਅੱਜ ਰਾਣਾ ਕੰਵਰਪਾਲ ਸਿੰਘ ਸਾਬਕਾ ਸਪੀਕਰ ਦੀ ਅਗਵਾਈ ਵਿੱਚ ਸ਼ਹਿਰ ਵਿੱਚੋਂ ਇੱਕ ਰੋਸ ਮਾਰਚ ਕੀਤਾ ਗਿਆ ਅਤੇ ਐੱਸਡੀਐੱਮ ਦਫਤਰ ਦੇ ਬਾਹਰ ਧਰਨਾ ਵੀ ਦਿੱਤਾ ਗਿਆ।
Publish Date: Thu, 30 Apr 2026 12:56 PM (IST)
Updated Date: Thu, 30 Apr 2026 01:02 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ। ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਕਥਿਤ ਤੌਰ ’ਤੇ ਬਾਹਰੀ ਲੋਕਾਂ ਦੀਆਂ ਕੌਂਸਲ ਦੇ ਹਲਕੇ ਵਿੱਚ ਵੋਟਾਂ ਬਣਨ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਵੱਲੋਂ ਅੱਜ ਰਾਣਾ ਕੰਵਰਪਾਲ ਸਿੰਘ ਸਾਬਕਾ ਸਪੀਕਰ ਦੀ ਅਗਵਾਈ ਵਿੱਚ ਸ਼ਹਿਰ ਵਿੱਚੋਂ ਇੱਕ ਰੋਸ ਮਾਰਚ ਕੀਤਾ ਗਿਆ ਅਤੇ ਐੱਸਡੀਐੱਮ ਦਫਤਰ ਦੇ ਬਾਹਰ ਧਰਨਾ ਵੀ ਦਿੱਤਾ ਗਿਆ।
ਇਸ ਮੌਕੇ ’ਤੇ ਸੰਬੋਧਨ ਕਰਦੇ ਹੋਏ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੁੱਟਣਾ ਚਾਹੁੰਦੀ ਹੈ ਜਦੋਂ ਕਿ ਉਨ੍ਹਾਂ ਨੂੰ ਇਹ ਗੱਲ ਸਾਫ ਪਤਾ ਹੈ ਕਿ ਉਹ ਦੁਬਾਰਾ ਸੱਤਾ ਵਿੱਚ ਨਹੀਂ ਆਉਣਗੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਵਾਰਡ ਬੰਦੀ ਬਦਲੀ ਗਈ, ਜਿਸ ਦੀ ਅਸੀਂ ਹਾਈਕੋਰਟ ਵਿੱਚ ਰਿਟ ਪਾਈ ਅਤੇ ਮਾਣਯੋਗ ਹਾਈਕੋਰਟ ਵੱਲੋਂ ਸਾਡੀ ਰਿਟ ਨੂੰ ਮਨਜ਼ੂਰ ਕਰਕੇ ਵਾਰਡ ਬੰਦੀ ਬਦਲਣ ਤੋਂ ਰੋਕੀ।
ਉਸ ਤੋਂ ਬਾਅਦ ਚੰਗੇ-ਚੰਗੇ ਲੀਡਰਾਂ ਦੇ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੇ ਵਾਰਡ ਵੀ ਰਿਜ਼ਰਵ ਕਰ ਦਿੱਤੇ ਗਏ, ਜਿਸ ਸਬੰਧੀ ਅਸੀਂ ਮੁੜ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਕੇਸ ਪੈਂਡਿੰਗ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਆਮ ਆਦਮੀ ਪਾਰਟੀ ਨੂੰ ਇਹ ਗੱਲ ਸਾਫ ਹੋ ਗਈ ਹੈ ਕਿ ਅਸੀਂ ਜਿੱਤ ਨਹੀਂ ਸਕਦੇ ਤਾਂ ਹਰ ਵਾਰਡ ਦੇ ਵਿੱਚ ਬਾਹਰੋਂ ਲਿਆ ਕੇ 300 ਤੋਂ 400 ਵੋਟ ਬਣਾਈ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਆਪਣੇ ਘਰਾਂ ਵਿੱਚ ਤਾਂ ਵੋਟਾਂ ਬਣਾ ਹੀ ਰਹੇ ਹਨ, ਸਗੋਂ ਉਨ੍ਹਾਂ ਕਲੋਨੀਆਂ ਦੇ ਵਿੱਚ ਵੀ ਵੋਟਾਂ ਬਣਾ ਦਿੱਤੀਆਂ ਹਨ ਜਿਨ੍ਹਾਂ ਨੂੰ ਢਾਉਣ ਦਾ ਬੀਬੀਐੱਮਬੀ ਵੱਲੋਂ ਹੁਕਮ ਹੋ ਚੁੱਕਾ ਹੈ। ਉਨ੍ਹਾਂ ਨੇ ਅਫਸਰਸ਼ਾਹੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਸੰਵਿਧਾਨ ਦੀ ਰਾਖੀ ਨਹੀਂ ਕਰ ਸਕਦੇ ਤਾਂ ਆਪਣੇ ਦਫਤਰਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਝੰਡੇ ਲਗਾ ਲੈਣ।
ਉਨ੍ਹਾਂ ਨੇ ਕਿਹਾ ਕਿ ਜੋ ਮਨਸੂਬੇ ਲੈ ਕੇ ਆਮ ਆਦਮੀ ਪਾਰਟੀ ਕੌਂਸਲ ਦੀਆਂ ਚੋਣਾਂ ਲੜਨਾ ਚਾਹ ਰਹੀ ਹੈ, ਉਹ ਨੰਗਲ ਦੇ ਲੋਕ ਪੂਰੇ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਨੰਗਲ ਦੇ ਲੋਕਾਂ ਦੇ ਵਿਚ ਰਿਹਾ ਹਾਂ ਅਤੇ ਉਨ੍ਹਾਂ ਦੇ ਨਾਲ ਹੀ ਰਹਾਂਗਾ । ਉਨ੍ਹਾਂ ਨੇ ਕਿਹਾ ਕਿ ਜਿਸ ਦਫਤਰ ਵਿੱਚ ਐੱਸਡੀਐੱਮ ਸਾਹਿਬ ਬੈਠੇ ਹਨ, ਉਹ ਵੀ ਮੇਰੇ ਵੱਲੋਂ ਬਣਾਇਆ ਗਿਆ ਹੈ।
ਇਸ ਮੌਕੇ ’ਤੇ ਉਨ੍ਹਾਂ ਨਾਲ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਸੰਜੇ ਸਾਹਨੀ, ਕਾਂਗਰਸੀ ਆਗੂ ਰਕੇਸ਼ ਨਈਅਰ, ਰਮਨ ਕੁਮਾਰ ਜਸਵਾਲ, ਵਿਜੇ ਕੌਸ਼ਲ ਸਾਬਕਾ ਕੌਂਸਲਰ, ਅਸ਼ਵਨੀ ਆਜ਼ਾਦ, ਕਪੂਰ ਸਿੰਘ, ਸਾਬਕਾ ਕੌਂਸਲਰ ਸੁਰਿੰਦਰ ਪੰਮਾ, ਸਾਬਕਾ ਕੌਂਸਲਰ ਰੋਜੀ ਸ਼ਰਮਾ , ਸਾਬਕਾ ਕੌਂਸਲਰ ਮਨਜੀਤ ਕੌਰ ਮੱਟੂ, ਲਖਬੀਰ ਸਿੰਘ ਲੱਖੀ, ਪਿਆਰਾ ਸਿੰਘ ਜਸਵਾਲ, ਸਾਬਕਾ ਕੌਂਸਲਰ ਇੰਦੂ ਬਾਲਾ ਨਗਰ ਕੌਂਸਲ ਨੰਗਲ ਦੀ ਸਾਬਕਾ ਮੀਤ ਪ੍ਰਧਾਨ ਅਨੀਤਾ ਸ਼ਰਮਾ, ਸਾਬਕਾ ਕੌਂਸਲਰ ਸੋਨੀਆ ਸੈਣੀ, ਸਾਬਕਾ ਕੌਂਸਲਰ ਵੀਨਾ ਐਰੀ, ਬਲਵਿੰਦਰ ਬਾਲੀ, ਰਜੇਸ਼ ਕੁਮਾਰ ਭੁੱਖੜ , ਰਾਣਾ ਵਿਕਰਮ ਸਿੰਘ, ਸਤਨਾਮ ਸਿੰਘ ਰੇਲਵੇ ਰੋਡ ਹਾਜ਼ਰ ਸਨ।