ਪੰਜਾਬ ਅੰਦਰ ਵਧ ਰਿਹੈ ਬੇਖੌਫ਼ ਗੁੰਡਾਰਾਜ : ਮੰਗੂਪੁਰ
ਪੰਜਾਬ ਅੰਦਰ ਵਧ ਰਿਹਾ ਬੇਖੌਫ਼ ਗੁੰਡਾਰਾਜ-ਅਜੇ ਮੰਗੂਪੁਰ
Publish Date: Thu, 12 Mar 2026 05:42 PM (IST)
Updated Date: Fri, 13 Mar 2026 04:07 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪੰਜਾਬ ਅੰਦਰ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗਣ ਅਤੇ ਗੋਲੀਆਂ ਚਲਾਉਣ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਜਿਸ ਕਾਰਨ ਪੰਜਾਬ ਦੇ ਲੋਕਾਂ ਵਿਚ ਡਰ ਅਤੇ ਭੈਅ ਵੱਧਦਾ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਇਨ੍ਹਾਂ ਗੈਂਗਸਟਰਾਂ ਨੂੰ ਠੱਲ ਪਾਈ ਜਾ ਚੁੱਕੀ ਸੀ। ਪਰੰਤੂ ਮੌਕੇ ਦੀ ਸਰਕਾਰ ਵੇਲੇ ਪੰਜਾਬ ਅੰਦਰ ਫਿਰ ਤੋਂ ਗੁੰਡਾਰਾਜ ਆਪਣੇ ਪੈਰ ਪਸਾਰ ਰਿਹਾ ਹੈ। ਬੀਤੇ ਦਿਨੀਂ ਹਲਕਾ ਬਲਾਚੌਰ ਸ਼ਹਿਰ ਵਿਖੇ ਅਣਪਛਾਤਿਆਂ ਵੱਲੋਂ ਸਵੇਰੇ 5 ਵਜੇ ਬੂਲੇਵਾਲ ਮੋੜ ਵਿਖੇ ਗੋਲੀਆਂ ਚਲਾਈਆਂ ਹਨ। ਇਸ ਤੋਂ ਪਹਿਲਾਂ ਸ਼ਹਿਰ ਦੇ 2 ਵਪਾਰੀਆਂ ਤੋਂ ਗੁੰਡਿਆਂ ਵੱਲੋਂ ਇੱਕ ਵੱਡੀ ਰਕਮ ਫਿਰੌਤੀ ਦੇ ਰੂਪ ਵਿਚ ਮੰਗੀ ਗਈ ਸੀ ਤੇ ਇਨਕਾਰ ਕਰਨ ਤੇ ਗੈਂਗਸਟਰਾਂ ਵੱਲੋਂ ਵਪਾਰੀਆਂ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਡਰ ਦਾ ਮਾਹੌਲ ਪੈਦਾ ਕੀਤਾ। ਗ਼ੌਰਤਲਬ ਹੈ ਕਿ ਪਿਛਲੇ 3 ਮਹੀਨਿਆਂ ਵਿਚ ਜ਼ਿਲ੍ਹੇ ਵਿਚ ਫਿਰੌਤੀਆਂ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੀ ਤਫਤੀਸ਼ ਵਿਚ ਜੁਟੀ ਹੋਈ ਹੈ। ਪੰਜਾਬ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਆਪ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਤੇ ਸਰਕਾਰ ਦੀ ਢਿੱਲ ਕਰ ਕੇ ਹੀ ਇਨ੍ਹਾਂ ਗੁੰਡਿਆਂ, ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਗੁੰਡਾਰਾਜ ਵੱਧਦਾ ਜਾ ਰਿਹਾ, ਜਦ ਕਾਰੋਬਾਰੀ ਸੁਰੱਖਿਅਤ ਨਹੀਂ ਹੈ ਤੇ ਪੰਜਾਬ ਤਰੱਕੀ ਵੱਲ ਕਿਵੇਂ ਵਧ ਸਕਦਾ ਹੈ। ਉਨ੍ਹਾਂ ਸਰਕਾਰ ਨੂੰ ਇਨ੍ਹਾਂ ਗੈਂਗਸਟਰਾ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਅਤੇ ਲੋਕਾਂ ਨੂੰ ਵੀ ਸਭ ਕੁੱਝ ਸੋਚ ਸਮਝ ਕੇ ਸਰਕਾਰ ਬਣਾਉਣ ਦੀ ਅਪੀਲ ਕੀਤੀ।