ਕਿਸਾਨਾਂ ਨੇ ਗਵਰਨਰ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਕਿਸਾਨਾਂ ਨੇ ਗਵਰਨਰ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂੰਕਿਆ
Publish Date: Sun, 17 May 2026 04:08 PM (IST)
Updated Date: Mon, 18 May 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪਿੰਡ ਸਕੋਹਪੁਰ, ਫਾਂਬੜਾ, ਉਸਮਾਨਪੁਰ, ਬੈਂਸਾਂ, ਸੁੱਜੋਂ ਅਤੇ ਮਾਹਿਲ ਗਹਿਲਾਂ ਵਿਖ਼ੇ ਕਲ੍ਹ ਚੰਡੀਗੜ੍ਹ ਵਿਖ਼ੇ ਗਵਰਨਰ ਹਾਊਸ ਵੱਲ ਮਾਰਚ ਕਰਦੇ ਕਿਸਾਨਾਂ ਤੇ ਲਾਠੀਚਾਰਜ ਕਰਨ, ਅੱਥਰੂ ਗੈਸ ਦੇ ਗੋਲ਼ੇ ਵਰਾਉਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਰੋਸ ਵਜੋਂ ਗਵਰਨਰ ਗੁਲਾਬ ਚੰਦ ਕਟਾਰੀਆ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਭੁਪਿੰਦਰ ਸਿੰਘ ਵੜੈਚ ਨੇ ਪੁਲਿਸ ਵੱਲੋਂ ਕਿਸਾਨਾਂ ਨਾਲ ਕੀਤੀ ਬਰਬਰਤਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਉੱਤੇ ਪੰਜਾਬ ਦਾ ਹੱਕ ਹੈ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਖ਼ਤਮ ਕਰਨ ਦਾ ਕੇਂਦਰ ਨੂੰ ਕੋਈ ਅਧਿਕਾਰ ਨਹੀਂ। ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹੱਲ ਅੰਤਰਰਾਸ਼ਟਰੀ ਸਿਧਾਂਤਾਂ ਰਿਪੇਰੀਨਰ ਸਿਧਾਂਤ ਅਨੁਸਾਰ ਕੀਤਾ ਜਾਵੇ। ਉਨ੍ਹਾਂ ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕਰਨ ਅਤੇ ਕਿਸਾਨਾਂ ਦੇ ਰਹਿੰਦੇ ਮਸਲੇ ਤੁਰੰਤ ਹੱਲ ਕਰਨ ਲਈ ਕਿਹਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਕੇਂਦਰ ਸਰਕਾਰ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਇਲਾਕਾ ਔੜ ਦੇ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ, ਇਲਾਕਾ ਨਵਾਂਸ਼ਹਿਰ ਦੇ ਪ੍ਰਧਾਨ ਕੁਲਵੀਰ ਸਿੰਘ ਸ਼ਾਹਪੁਰ, ਅਵਤਾਰ ਸਿੰਘ ਸਕੋਹਪੁਰ, ਬਲਬੀਰ ਸਿੰਘ ਸਕੋਹਪੁਰ, ਜੀਵਨ ਦਾਸ ਬੇਗੋਵਾਲ, ਹਰਜੀਤ ਸਿੰਘ ਫਾਂਬੜਾ, ਕਰਨੈਲ ਸਿੰਘ ਉੜਾਪੜ, ਭੁਪਿੰਦਰ ਸਿੰਘ ਸੰਘਾ, ਰਾਮਜੀ ਦਾਸ ਰਾਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ।