ਵਿੱਦਿਆ ਦੇ ਨਾਲ ਰੁਜ਼ਗਾਰ ਵੀ: ਮੈਗਾ ਪਲੇਸਮੈਂਟ ਡਰਾਈਵ ਦੌਰਾਨ ਖਾਲਸਾ ਕਾਲਜ ਦੇ 32 ਹੋਣਹਾਰ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਸਕੱਤਰ ਸਿੱਖਿਆ ਇੰਜੀਨੀਅਰ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਕਲਗੀਧਰ ਨਿਵਾਸ, ਸੈਕਟਰ 27-ਬੀ, ਚੰਡੀਗੜ੍ਹ ਵਿਖੇ ਕਰਵਾਏ ਗਏ ਮੈਗਾ ਪਲੇਸਮੈਂਟ ਡਰਾਈਵ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਕਾਲਜ ਦੇ 32 ਵਿਦਿਆਰਥੀ ਨੌਕਰੀ ਲਈ ਚੁਣੇ ਗਏ।
Publish Date: Tue, 17 Mar 2026 03:11 PM (IST)
Updated Date: Tue, 17 Mar 2026 03:13 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਸਕੱਤਰ ਸਿੱਖਿਆ ਇੰਜੀਨੀਅਰ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਕਲਗੀਧਰ ਨਿਵਾਸ, ਸੈਕਟਰ 27-ਬੀ, ਚੰਡੀਗੜ੍ਹ ਵਿਖੇ ਕਰਵਾਏ ਗਏ ਮੈਗਾ ਪਲੇਸਮੈਂਟ ਡਰਾਈਵ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਕਾਲਜ ਦੇ 32 ਵਿਦਿਆਰਥੀ ਨੌਕਰੀ ਲਈ ਚੁਣੇ ਗਏ।
ਇਸ ਮੌਕੇ ਦੇਸ਼ ਦੀਆਂ ਕਈ ਪ੍ਰਸਿੱਧ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੇ ਲਿਖਤੀ ਟੈਸਟ ਅਤੇ ਇੰਟਰਵਿਊ ਲਏ ਗਏ। ਪਲੇਸਮੈਂਟ ਪ੍ਰਕਿਰਿਆ ਦੌਰਾਨ ਕਾਲਜ ਦੇ 32 ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਨੌਕਰੀ ਲਈ ਚੁਣਿਆ ਗਿਆ। ਜਿਨ੍ਹਾਂ ਕੰਪਨੀਆਂ ਨੇ ਇਸ ਮੈਗਾ ਪਲੇਸਮੈਂਟ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚ ਮੁੱਖ ਤੌਰ ‘ਤੇ ਕੁਐਸ ਕਾਰਪ, ਨਿੰਬਸ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਇਨਸੋਨਿਕਸ, ਕੋਚਰ, ਬਜਾਜ ਲਾਈਫ, ਆਈਬੀਐਸ, ਥਿੰਕਨੈਕਸਟ, ਦਿ ਫਿਊਨਿਕਸ ਅਤੇ ਸ਼੍ਰੀ ਰਾਮ ਫਾਇਨੈਂਸ ਵਰਗੀਆਂ ਨਾਮੀ ਕੰਪਨੀਆਂ ਸ਼ਾਮਲ ਹਨ।
ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਸੰਸਥਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਸਿਰਫ਼ ਉੱਚ ਪੱਧਰੀ ਸਿੱਖਿਆ ਹੀ ਨਹੀਂ ਦਿੰਦਾ, ਸਗੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਨੂੰ ਰੋਜ਼ਗਾਰ ਦੇ ਵਧੀਆ ਮੌਕੇ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪਲੇਸਮੈਂਟ ਡਰਾਈਵ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਲਈ ਇੱਕ ਵਧੀਆ ਮੰਚ ਮੁਹੱਈਆ ਕਰਵਾਉਂਦੇ ਹਨ।
ਕਾਲਜ ਦੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਮੁਖੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕਾਲਜ ਦਾ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਲਈ ਵੱਖ-ਵੱਖ ਟ੍ਰੇਨਿੰਗ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ, ਜਿਸ ਨਾਲ ਉਨ੍ਹਾਂ ਦੀ ਯੋਗਤਾ ਅਤੇ ਆਤਮਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮੈਗਾ ਪਲੇਸਮੈਂਟ ਡਰਾਈਵ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਮੌਕੇ ਉਪਲਬਧ ਕਰਵਾਏ ਜਾਣਗੇ।
ਇਸ ਮੌਕੇ ਕਾਲਜ ਪ੍ਰਿੰਸੀਪਲ ਵੱਲੋਂ ਡਾਇਰੈਕਟਰ ਸਿੱਖਿਆ ਸੁਖਮਿੰਦਰ ਸਿੰਘ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦਾ ਵਿਦਿਆਰਥੀਆਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ।
ਕਾਲਜ ਦੇ ਟਰੇਨਿੰਗ ਐਂਡ ਪਲੇਸਮੈਂਟ ਸੈੱਲ ਦੇ ਮੁਖੀ ਡਾ. ਮਨਜੀਤ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ ਜਤਾਈ ਕਿ ਉਹ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਸੰਸਥਾ ਅਤੇ ਇਲਾਕੇ ਦਾ ਨਾਮ ਹੋਰ ਉੱਚਾ ਕਰਨਗੇ।