ਇਰਾਨ ’ਤੇ ਹਮਲੇ ਦੇ ਵਿਰੋਧ ’ਚ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਫੂਕੇ
ਇਰਾਨ 'ਤੇ ਹਮਲੇ ਦੇ ਵਿਰੋਧ 'ਚ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਫੂਕੇ
Publish Date: Tue, 03 Mar 2026 06:47 PM (IST)
Updated Date: Wed, 04 Mar 2026 04:09 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਨੇ ਅਮਰੀਕਾ ਤੇ ਇਜ਼ਰਾਇਲ ਵੱਲੋਂ ਸਾਂਝੇ ਤੌਰ ਤੇ ਇਰਾਨ ਉੱਪਰ ਕੀਤੇ ਹਮਲੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਕੇ ਸਥਾਨਕ ਚੰਡੀਗੜ ਚੌਂਕ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਪੁਤਲੇ ਫੂਕੇ।।ਪਹਿਲਾਂ ਬਾਰਾਦਰੀ ਬਾਗ਼ ਵਿਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਕੁਲਵਿੰਦਰ ਸਿੰਘ ਵੜੈਚ ਅਤੇ ਦਲਜੀਤ ਸਿੰਘ ਐਡਵਕੇਟ ਨੇ ਕਿਹਾ ਕਿ ਇਹ ਸਾਂਝਾ ਹਮਲਾ ਇਰਾਨ ਤੋਂ ਸੰਭਾਵਤ ਖ਼ਤਰੇ ਨੂੰ ਬਹਾਨਾ ਬਣਾ ਕੇ ਕੀਤਾ ਗਿਆ ਹੈ। ਅਮਰੀਕਾ ਵੱਲੋਂ ਇਸ ਹਮਲੇ ਚ ਇਰਾਨ ਦਾ ਸੁਪਰੀਮ ਲੀਡਰ ਆਇਤ ਉਲ ਅਲੀ ਖਾਮੇਨੇਈ, ਰੱਖਿਆ ਮੰਤਰੀ, ਰੈਵੋਲੂਸ਼ਨਰੀ ਗਾਰਡ, ਕਮਾਂਡਰ ਅਤੇ ਸੈਂਕੜੇ ਲੋਕ ਮਾਰੇ ਗਏ ਹਨ। ਅਮਰੀਕਾ ਇਹ ਸਾਰੀ ਗੁੰਡਾਗਰਦੀ ਇਰਾਨ ਦੇ ਤੇਲ ਭੰਡਾਰਾਂ ਅਤੇ ਰੂਟਾਂ ਉੱਪਰ ਕਬਜ਼ਾ ਕਰਨ ਲਈ ਕਰ ਰਿਹਾ ਹੈ। ਅਮਰੀਕਾ ਸੰਸਾਰ ਚੌਧਰ ਮੁੜ ਸਥਾਪਿਤ ਕਰਨ ਲਈ ਵੱਖਰੇ-ਵੱਖਰੇ ਦੇਸ਼ਾਂ ਨੂੰ ਡਰਾਉਣ, ਰਾਜ ਪਲਟੇ ਕਰਵਾਉਣ ਅਤੇ ਲੋਕਾਂ ਵੱਲੋਂ ਚੁਣੇ ਗਏ ਮੁਖੀਆਂ ਨੂੰ ਮਾਰਨ ਜਾਂ ਗ੍ਰਿਫਤਾਰ ਕਰਨ ਦੀ ਮੁਹਿੰਮ ਵਿਚ ਜੁਟਿਆ ਹੋਇਆ ਹੈ। ਪਿਛਲੇ ਸਮੇਂ ਵਿਚ ਟਰੰਪ ਵੱਲੋਂ ਵੈਨੇਜ਼ੁਵੇਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਪਤਨੀ ਸਮੇਤ ਹੱਥਕੜੀਆਂ ਵਿਚ ਜਕੜ ਕੇ ਅਮਰੀਕਾ ਲਿਜਾਇਆ ਗਿਆ ਅਤੇ ਆਪਣੇ-ਆਪ ਨੂੰ ਵੈਨੇਜ਼ੁਵੇਲਾ ਦਾ ਕਾਰਜਕਾਰੀ ਰਾਸ਼ਟਰਪਤੀ ਹੋਣ ਦਾ ਐਲਾਨ ਕਰਕੇ ਉਥੋਂ ਦੇ ਤੇਲ ਭੰਡਾਰ ਵੇਚਣ ਦਾ ਅਧਿਕਾਰ ਆਪਣੇ ਹੱਥ ਵਿਚ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਇਰਾਕ ਵਿਚ ਜਨਤਕ ਤਬਾਹੀ ਦੇ ਹਥਿਆਰ ਜਮ੍ਹਾਂ ਕਰਨ ਦਾ ਇਲਜ਼ਾਮ ਲਾ ਕੇ ਇਰਾਕ ਉੱਪਰ ਹਮਲਾ ਕੀਤਾ ਸੀ ਅਤੇ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਫਾਂਸੀ ਲਾ ਦਿੱਤਾ ਸੀ। ਲੀਬੀਆ ਵਿਚ ਰਾਜ ਪਲਟਾ ਕਰਵਾ ਕੇ ਕਰਨਲ ਗੱਦਾਫੀ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅਮਰੀਕਾ, ਇਰਾਨ ਨਾਲ ਪ੍ਰਮਾਣੂ ਪ੍ਰੋਗਰਾਮ ਸੰਬੰਧੀ ਗੱਲਬਾਤ ਕਰ ਰਿਹਾ ਸੀ ਅਤੇ ਦੂਜੇ ਪਾਸੇ ਬਿਨਾਂ ਭੜਕਾਹਟ ਤੋਂ ਇਰਾਨ ਉੱਪਰ ਹਮਲਾ ਕਰ ਕੇ ਸੰਸਾਰ ਅਮਨ ਲਈ ਖ਼ਤਰਾ ਪੈਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੋਸ਼ ਮੜ੍ਹ ਰਿਹਾ ਕਿ ਇਰਾਨ ਅਜਿਹੀਆਂ ਮਿਜ਼ਾਇਲ ਪ੍ਰਣਾਲੀਆਂ ਅਤੇ ਪ੍ਰਮਾਣੂ ਹਥਿਆਰ ਵਿਕਸਤ ਕਰ ਰਿਹਾ ਸੀ, ਜਿਨ੍ਹਾਂ ਦੀ ਪਹੁੰਚ ਅਮਰੀਕਾ ਤੱਕ ਹੋ ਸਕਦੀ ਸੀ। ਅਸਲ ਵਿਚ ਪੱਛਮੀ ਏਸ਼ੀਆ ਵਿਚ ਆਪਣੀ ਚੌਧਰ ਸਥਾਪਤ ਕਰਨ ਤੇ ਆਪਣੇ ਸਾਮਰਾਜੀ ਪ੍ਰਬੰਧ ਦੇ ਸੰਕਟ ਨੂੰ ਹੱਲ ਕਰਨ ਲਈ ਅਜਿਹੇ ਹਮਲੇ ਆਪਣੇ ਪੱਖੀ ਸਰਕਾਰਾਂ ਬਣਾਉਣ ਖ਼ਾਤਰ ਕਰ ਰਿਹਾ ਹੈ।। ਉਨ੍ਹਾਂ ਲੋਕਾਂ ਨੂੰ ਅਮਰੀਕਾ ਦੇ ਚੌਧਰ ਸਥਾਪਤੀ ਲਈ ਕੀਤੇ ਇਨ੍ਹਾਂ ਹਮਲਿਆਂ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੱਤਾ ਤੇ ਭਾਰਤ ਸਰਕਾਰ ਤੋਂ ਅਰਬ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਬੁਲਾਉਣ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਮੌਕੇ ਸਜ਼ਾਦ ਅਤੇ ਸ਼ਾਹਿਦ ਆਗੂਆਂ ਨੇ ਵੀ ਸੰਬੋਧਨ ਕੀਤਾ।ਇਸ ਮੁਜ਼ਾਹਰੇ ਵਿਚ ਮੁਸਲਿਮ ਸੰਗਠਨ ਪੰਜਾਬ ਨੇ ਵੀ ਸ਼ਮੂਲੀਅਤ ਕੀਤੀ।