ਮਕਾਨ ’ਚੋਂ ਲੱਖਾਂ ਦੀ ਤਾਰ ਤੇ ਹੋਰ ਸਾਮਾਨ ਚੋਰੀ
ਨੂਰਪੁਰਬੇਦੀ ’ਚ ਨਕਾਬਪੋਸ਼ਾਂ ਦੀ ਦਹਿਸ਼ਤ ਸੱਚ ਸਾਬਤ ਹੋਈ
Publish Date: Sun, 24 May 2026 05:40 PM (IST)
Updated Date: Mon, 25 May 2026 04:07 AM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਬੀਤੇ ਕੁਝ ਦਿਨਾਂ ਤੋਂ ਨੂਰਪੁਰਬੇਦੀ ਸ਼ਹਿਰ ’ਚ ਘੁੰਮ ਰਹੇ ਨਕਾਬਪੋਸ਼ਾਂ ਦੀ ਦਹਿਸ਼ਤ ਅੱਜ ਉਸ ਸਮੇਂ ਸੱਚ ਸਾਬਤ ਹੋਈ ਜਦੋਂ ਦੇਰ ਰਾਤ ਸਥਾਨਕ ਇਕ ਕਾਲੋਨੀ ’ਚ ਸਥਿਤ ਇਕ ਨਿਰਮਾਣ ਅਧੀਨ ’ਤੇ ਉਸਦੇ ਨਾਲ ਲੱਗਦੇ ਮਕਾਨ ਚੋਂ ਚੋਰ ਲੱਖਾਂ ਦੀ ਕੀਮਤ ਦੀ ਤਾਰ ’ਤੇ ਹੋਰ ਸਮਾਨ ਚੋਰੀ ਕਰਕੇ ਰੱਫੂਚੱਕਰ ਹੋ ਗਏ। ਸ਼ਹਿਰ ’ਚ ਗੈਰ ਸਮਾਜਿਕ ਅਨਸਰਾਂ ਦੇ ਬੋਲਬਾਲੇ ’ਤੇ ਅਜਿਹੀਆਂ ਸਰਗਰਮੀਆਂ ਨੇ ਨੂਰਪੁਰਬੇਦੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਜੱਗ ਜਾਹਿਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕੈ ਕੁਝ ਦਿਨ ਪਹਿਲਾਂ ਨੂਰਪੁਰਬੇਦੀ ਸ਼ਹਿਰ ਦੀ ਇੱਕ ਕਲੋਨੀ ’ਚ ਦਾਖਲ ਹੋਏ ਨਕਾਬਪੋਸ਼ਾਂ ਨੂੰ ਲੈ ਕੇ ਲੋਕਾਂ ਨੇ ਪੁਲਿਸ ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਲਿਖਤ ਰੂਪ ’ਚ ਸੂਚਿਤ ਕੀਤਾ ਸੀ। ਮਗਰ ਉਸ ਤੋਂ ਬਾਅਦ ਹੁਣ ਸ਼ਹਿਰ ਦੀ ਇੱਕ ਹੋਰ ਕਲੋਨੀ ਵਿਖੇ ਵਾਪਰੀ ਚੋਰੀ ਦੀ ਵਾਰਦਾਤ ਨੇ ਪੁਲਿਸ ਦੇ ਸੁਸਤ ਰਵੱਈਏ 'ਤੇ ਸਵਾਲ ਖੜੇ ਕਰ ਦਿੱਤੇ ਹਨ।
ਦੇਰ ਰਾਤ ਸਥਾਨਕ ਫਰੈਂਡਸ ਇਨਕਲੇਵ ਕਲੋਨੀ ’ਚ ਵਾਪਰੀ ਬਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਬਸ ਸਟੈਂਡ ਵਿਖੇ ਪੰਕਜ ਕਨਫੈਕਸ਼ਨਰੀ ਦੀ ਦੁਕਾਨ ਚਲਾਉਂਦੇ ਪੰਕਜ ਕੁਮਾਰ ਪੁੱਤਰ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਉਕਤ ਕਲੋਨੀ ’ਚ ਨਵਾਂ ਮਕਾਨ ਉਸਾਰਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਮਿਸਤਰੀ ਕੰਮ 'ਤੇ ਪਰਤੇ ਤਾਂ ਉਨ੍ਹਾਂ ਮਕਾਨ ’ਚ ਚੋਰੀ ਹੋਣ ਸਬੰਧੀ ਉਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੇ ਪੀੜਿਤ ਪੰਕਜ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਚੋਰ ਮਕਾਨ ’ਚ ਲੱਗੇ ਸਮੁੱਚੇ ਬੋਰਡ ਉਖਾੜ ਕੇ ਬਿਜਲੀ ਦੀਆਂ ਨਵੀਆਂ ਪਾਈਆਂ ਤਾਰਾਂ ਕੱਢ ਕੇ ਲੈ ਗਏ। ਉਸ ਨੇ ਦੱਸਿਆ ਕਿ ਉਕਤ ਚੋਰੀ ਹੋਈਆਂ ਤਾਰਾਂ ਦੀ ਕੀਮਤ ਕਰੀਬ ਇਕ ਲੱਖ ਰੁਪਏ ਬਣਦੀ ਹੈ। ਉਸ ਨੇ ਦੱਸਿਆ ਕਿ ਮਕਾਨ ’ਚ ਕਰਵਾਈ ਗਈ ਡਾਊਨ ਸੀਲਿੰਗ ਦੀਆਂ ਵੀ ਚੋਰ ਤਾਰਾਂ ਪੁੱਟ ਕੇ ਲੈ ਗਏ ਜਿਸ ਕਰਕੇ ਡਾਊਨ ਸੀਲਿੰਗ ਦਾ ਦੁਬਾਰਾ ਕੰਮ ਕਰਵਾਉਣ ’ਤੇ ਉਸ ਨੂੰ ਡੇਢ ਲੱਖ ਰੁਪਏ ਦਾ ਹੋਰ ਵਾਧੂ ਨੁਕਸਾਨ ਉਠਾਣਾ ਪਵੇਗਾ।
ਉਕਤ ਘਰ ਦੇ ਨਾਲ ਉਸਾਰੇ ਜਾ ਰਹੇ ਇੱਕ ਹੋਰ ਮਕਾਨ ’ਚ ਚੋਰ ਕੁਝ ਸਮਾਨ ਚੋਰੀ ਕਰ ਕੇ ਲੈ ਗਏ। ਜਿਸ ਸਬੰਧੀ ਮਕਾਨ ਮਾਲਕ ਸੌਰਵ ਕੁਮਾਰ ਪੁੱਤਰ ਕਿਸ਼ਨ ਕੁਮਾਰ ਨੇ ਦੱਸਿਆ ਕਿ ਚੋਰ ਉਸ ਦੇ ਘਰ ’ਚ ਦਾਖਲ ਹੋ ਕੇ ਮਿਸਤਰੀਆਂ ਦਾ ਇੱਕ ਕੀਮਤੀ ਕਟਰ ਚੋਰੀ ਕਰਕੇ ਲੈ ਗਏ। ਉਕਤ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਪੁਲਿਸ ਵੱਲੋਂ ਰਾਤ ਸਮੇਂ ਗਸਤ ਵਧਾਏ ਜਾਣ ਅਤੇ ਗੈਰ ਸਮਾਜਿਕ ਅਨਸਰਾਂ ਨੂੰ ਕਾਬੂ ਕੀਤੇ ਜਾਣ ਦੇ ਦਾਵਿਆਂ ਦੀ ਵੀ ਫੂਕ ਕੱਢ ਦਿੱਤੀ ਹੈ। ਸ਼ਹਿਰ ਦੇ ਖੌਫਜਦਾ ਲੋਕਾਂ ਨੇ ਜ਼ਿਲ੍ਹਾਂ ਪੁਲਿਸ ਮੁੱਖੀ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਨੂਰਪੁਰਬੇਦੀ ’ਚ ਪੁਲਿਸ ਨੂੰ ਚੁਸਤ ਦਰੁਸਤ ਕੀਤਾ ਜਾਵੇ, ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।