ਚੋਣ ਨਾ ਕਰਵਾਉਣ ’ਤੇ ਕਾਂਗਰਸੀਆਂ ਦਿੱਤਾ ਰੋਸ ਧਰਨਾ
ਬਲਾਕ ਸੰਮਤੀ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਨਾ ਕਰਵਾਉਣ 'ਤੇ ਕਾਂਗਰਸੀਆਂ ਦਿੱਤਾ ਰੋਸ ਧਰਨਾ
Publish Date: Fri, 06 Mar 2026 07:36 PM (IST)
Updated Date: Sat, 07 Mar 2026 04:12 AM (IST)

ਸਾਬਕਾ ਵਿਧਾਇਕ ਨੇ ਲਾਇਆ ਸਰਕਾਰ ਤੇ ਅਫ਼ਸਰਾਂ ਤੇ ਲੋਕਤੰਤਰ ਦਾ ਘਾਣ ਕਰਨ ਦਾ ਦੋਸ਼ ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਅੱਜ ਬੀਡੀਪੀਓ ਦਫਤਰ ਨਵਾਂਸ਼ਹਿਰ ਵਿਖੇ ਅੱਜ ਸ਼ਾਮ 4 ਵਜੇ ਸੱਦੀ ਗਈ ਮੀਟਿੰਗ ਵਿਚ ਪੁੱਜੇ ਸਾਰੇ ਬਲਾਕ ਸੰਮਤੀ ਮੈਂਬਰਾਂ ਨੂੰ ਇਹ ਉਮੀਦ ਸੀ ਕਿ ਬਲਾਕ ਸੰਮਤੀ ਦੀਆਂ ਚੋਣਾਂ ਚ ਜਿੱਤ ਉਪਰੰਤ ਕਾਂਗਰਸ ਪਾਰਟੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਲੋਕਤੰਤਰਕ ਮਰਯਾਦਾ ਅਨੁਸਾਰ ਇਮਾਨਦਾਰੀ ਅਤੇ ਨਿਆਂ ਨਾਲ ਸੰਪੰਨ ਕਰਵਾਈ ਜਾਵੇਗੀ ਤਾਂ ਜੋ ਬਲਾਕ ਸੰਮਤੀ ਦੇ ਅਧੀਨ ਆਉਂਦੇ ਪਿੰਡਾਂ ਦੇ ਰਹਿੰਦੇ ਵਿਕਾਸ ਕਾਰਜ ਅਤੇ ਹੋਰ ਕੰਮਕਾਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ ਪਰ 2 ਮਾਰਚ ਨੂੰ ਅਫ਼ਸਰ ਦੇ ਮੀਟਿੰਗ ’ਚ ਹੋਣ ਦੇ ਬਣਾਏ ਬਹਾਨੇ ਵਾਂਗ ਅੱਜ ਸ਼ਾਮ 4 ਵਜੇ ਚੋਣ ਕਰਵਾਉਣ ਵਾਲੇ ਅਫ਼ਸਰ ਨੇ ਸਿਹਤ ਖਰਾਬ ਹੋਣ ਦਾ ਬਹਾਨਾ ਬਣਾ ਕੇ ਇਸ ਚੋਣ ਨੂੰ ਮੁਲਤਵੀ ਕਰਵਾ ਦਿੱਤਾ ਗਿਆ ਹੈ। ਇਸ ਤੋਂ ਨਾਰਾਜ਼ ਸਾਬਕਾ ਵਿਧਾਇਕ ਅੰਗਦ ਸਿੰਘ, ਬਲਾਕ ਸੰਮਤੀ ਦੇ ਜੇਤੂ ਮੈਂਬਰਾਂ ਤੇ ਕਾਂਗਰਸ ਸਮਰਥਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਧੱਕੇਸ਼ਾਹੀ ਬੰਦ ਕਰੋ, ਧੱਕੇਸ਼ਾਹੀ ਨਹੀਂ ਚੱਲੇਗੀ, ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਕੇ ਆਪਣਾ ਰੋਸ ਜਤਾਇਆ ਗਿਆ। ਸਾਬਕਾ ਵਿਧਾਇਕ ਅੰਗਦ ਸਿੰਘ ਨੇ ਮੌਕੇ ’ਤੇ ਇਕੱਠ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਵੋਟਾਂ ਲੈ ਕੇ ਜਿੱਤੇ ਬਲਾਕ ਸੰਮਤੀ ਮੈਂਬਰਾਂ ਨੂੰ ਪਰੇਸ਼ਾਨ ਕਰਨ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕਾਰਨ ਸਰਕਾਰ ਪ੍ਰਤੀ ਲੋਕਾਂ ’ਚ ਰੋਸ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2 ਤਾਰੀਖ ਨੂੰ ਵੀ ਸਾਨੂੰ ਸਹੀ ਜਵਾਬ ਨਹੀਂ ਦਿੱਤਾ ਗਿਆ ਤੇ ਹੁਣ 5 ਮਾਰਚ ਨੂੰ ਹੋਣ ਵਾਲੀ ਚੋਣ ਨੂੰ ਵੀ ਹਵਾ ’ਚ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਬਲਾਕ ਸੰਮਤੀ ਮੈਂਬਰਾਂ ਨੂੰ ਘੱਟੋ ਘੱਟ 48 ਘੰਟੇ ਪਹਿਲਾ ਚਿੱਠੀ ਦੇਣੀ ਚਾਹੀਦੀ ਸੀ ਪਰ ਅੱਜ ਸਵੇਰੇ 11 ਵਜੇ ਕੁੱਝ ਮੈਂਬਰਾਂ ਨੂੰ ਚਿੱਠੀ ਦੇ ਕੇ 5 ਮਾਰਚ ਨੂੰ ਸ਼ਾਮ 4 ਵਜੇ ਚੋਣ ’ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਗਈ ਤੇ ਅਫ਼ਸਰ ਦੀ ਸਿਹਤ ਖਰਾਬ ਹੋਣ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜਦੋਂ ਸਾਰੇ ਮੈਂਬਰ ਦਫਤਰ ਪੁੱਜੇ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਅਫ਼ਸਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਉਧਰ ਸਮੂਹ ਮੈਂਬਰਾਂ ਦੇ ਰੋਸ ਨੂੰ ਦੇਖਦਿਆਂ ਮੌਕੇ ’ਤੇ ਪੁੱਜੇ ਤਹਿਸੀਲਦਾਰ ਨੇ ਦੱਸਿਆ ਕਿ ਐੱਸਡੀਐੱਮ ਸਾਹਿਬ ਦੀ ਸਿਹਤ ਖਰਾਬ ਹੋਣ ਕਾਰਨ ਉਹ ਅੱਜ ਦੀ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇ। ਇਸ ਕਾਰਨ ਇਸ ਮੀਟਿੰਗ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਅੰਗਦ ਸਿੰਘ ਨੇ ਕਿਹਾ ਕਿ ਸੱਤਾ ਦੇ ਨਸ਼ੇ ’ਚ ਮੁੱਖ ਮੰਤਰੀ ਤੇ ਅਫ਼ਸਰ ਲੋਕਤੰਤਰ ਨੂੰ ਭੁੱਲਦੇ ਜਾ ਰਹੇ ਹਨ, ਜਦਕਿ ਅਫਸਰਾਂ ਨੂੰ ਲੋਕਾਂ ਦੀ ਸੇਵਾ ਲਈ ਹੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਾਂਗ ਅਫਸਰ ਵੀ ਹਸਪਤਾਲ ’ਚ ਦਾਖਲ ਹੋ ਕੇ ਆਪਣਾ ਪੱਲਾ ਬਚਾ ਰਹੇ ਹਨ, ਜਿਸ ਨੂੰ ਲੋਕ ਕਦੇ ਵੀ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਕਦੇ ਬੈਂਗਲੁਰੂ ’ਚ ਕੈਂਪ ਲਾਉਣ ਜਾਂ ਹੋਰਨਾਂ ਐਕਟਿਵਿਟੀਆਂ ’ਚ ਸ਼ਾਮਲ ਸਰਕਾਰ ਤੇ ਅਫ਼ਸਰਾਂ ਨੂੰ ਜਲਦੀ ਹੀ ਲੋਕ ਚੱਲਦਾ ਕਰ ਦੇਣਗੇ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਨੁਕਸਾਨ ਕਰਨ ਵਾਲੀ ਸਰਕਾਰ ਅਤੇ ਅਫ਼ਸਰਾਂ ਨੂੰ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਇਹ ਹਾਲਾਤ ਹਨ ਕਿ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਖੁਦ ਪ੍ਰੈੱਸ ਕਾਨਫਰੰਸ ਕਰ ਕੇ ਉਸ ਦੇ ਸਰਕਾਰੀ ਦਫਤਰ ’ਚੋਂ ਕਾਗਜ਼ਾਤ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਲਈ ਮਜਬੂਰ ਹਨ, ਜਦਕਿ ਉਸ ਦੇ ਰੌਲਾ ਪਾਉਣ ਤੋਂ ਬਾਅਦ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਆਪ ਸਰਕਾਰ ਦੀਆਂ ਇਨ੍ਹਾਂ ਸੋਚ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਅਫ਼ਸਰਾਂ ਦੀ ਕੀ ਹੈ? ਉਹ ਤਾਂ ਮੁਲਾਜ਼ਮ ਹਨ ਉਹ ਤਾਂ ਲੋਕਾਂ ਤੇ ਸਰਕਾਰ ਦੇ ਨੌਕਰ ਹਨ, ਜਦੋਂ ਉੱਪਰੋਂ ਹੁਕਮ ਹੋ ਆ ਜਾਂਦਾ ਹੈ, ਉਹ ਉਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹਨ ਪਰ ਅਫ਼ਸਰਾਂ ਨੂੰ ਲੋਕਾਂ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਆਪਣਾ ਸਟੈਂਡ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਫ਼ਸਰ ਲੋਕਾਂ ਦੇ ਹੱਕ ’ਚ ਸਟੈਂਡ ਲੈਣਗੇ ਤਾਂ ਸੂਬਾ ਖੁਸ਼ਹਾਲ ਬਣੇਗਾ ਨਹੀਂ ਤਾਂ ਸੂਬੇ ਦਾ ਬੇੜਾ ਗਰਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਲਕਾ ਇੰਚਾਰਜਾਂ ਦੀ ਗੱਲਾਂ ਪੂਰੀਆਂ ਕਰਨ ਦੀ ਬਜਾਏ ਲੋਕਾਂ ਦੇ ਹੱਕ ’ਚ ਆਪਣੇ ਸਹੀ ਫੈਸਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਨੂੰ ਛੋਟੇ ਵੱਡੇ ਦੀ ਇੱਜ਼ਤ ਕਰਨ ਦਾ ਪਤਾ ਨਹੀਂ, ਇਹੇ ਹਾਲਾਤ ਬਾਕੀ ਬੰਦਿਆਂ ਦਾ ਤੇ ਹੋਰਨਾਂ ਨੁਮਾਇੰਦਿਆਂ ਦਾ ਹੈ। ਉਨ੍ਹਾਂ ਆਪ ਸਰਕਾਰ ਨੂੰ ਬੇਨਤੀ ਕੀਤੀ ਕਿ ਹਲਕਾ ਇੰਚਾਰਜਾਂ ਦੇ ਮਗਰ ਨਾ ਲੱਗੋ। ਨਹੀਂ ਤਾਂ ਲੋਕਾਂ ਨੇ ਵੀ ਆਪਣਾ ਮਨ ਬਣਾ ਲਿਆ ਹੈ ਤੇ 2027 ਦੀਆਂ ਚੋਣਾਂ ’ਚ ਇਸ ਸਰਕਾਰ ਨੂੰ ਲੋਕ ਚੱਲਦਾ ਕਰ ਦੇਣਗੇ। ਇਸ ਮੌਕੇ ਬਲਵਿੰਦਰ ਕੌਰ ਮਹਾਲੋਂ, ਸੁਖਦੇਵ ਸਿੰਘ, ਮਨਦੀਪ ਸਿੰਘ, ਹੰਸ ਰਾਜ, ਸੁੱਚਾ ਰਾਮ, ਸੁਮਨ ਦੇਵੀ, ਮਨਪ੍ਰੀਤ ਕੌਰ, ਹਰਵਿੰਦਰ ਕੌਰ, ਗੁਰਦਾਵਰ ਸਿੰਘ ਵੀ ਹਾਜ਼ਰ ਸਨ।