ਲੈਮਰਨ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਡਾ. ਸੰਦੀਪ ਕੌੜਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ, NSDC ਤੋਂ ਆਏ 1.10 ਕਰੋੜ ਨਿੱਜੀ ਬੈਂਕ ਖਾਤੇ 'ਚ ਕੀਤੇ ਟਰਾਂਸਫਰ
ਨਿਰਮਲ ਸਿੰਘ ਰਿਆਤ ਨੇ ਦੱਸਿਆ ਕਿ ਪੁਲਿਸ ਵੱਲੋਂ ਦਸਤਾਵੇਜ਼ੀ ਸਬੂਤਾਂ ਦੀ ਜਾਂਚ ਦੌਰਾਨ ਹੋਰ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਹਨ। ਉਧਰ ਇਸ ਸਬੰਧ ਵਿਚ ਸਾਬਕਾ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Publish Date: Thu, 28 May 2026 05:28 PM (IST)
Updated Date: Sat, 30 May 2026 03:54 PM (IST)
ਪੰਜਾਬੀ ਜਾਗਰਣ ਰਿਪੋਰਟਰ, ਨਵਾਂਸ਼ਹਿਰ : ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨਾਲ ਜੁੜੇ ਕਰੋੜਾਂ ਰੁਪਏ ਦੇ ਆਰਥਿਕ ਘੁਟਾਲੇ ਦੇ ਮਾਮਲੇ ਵਿਚ ਪੁਲਿਸ ਥਾਣਾ ਕਾਠਗੜ੍ਹ ਵੱਲੋਂ ਕਥਿਤ ਮੁਲਜ਼ਮ ਸਾਬਕਾ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਯੂਨੀਵਰਸਿਟੀ ਦੇ ਮਾਲਕ ਅਤੇ ਪ੍ਰਮੋਟਰ ਨਿਰਮਲ ਸਿੰਘ ਰਿਆਤ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਭਾਰਤੀ ਨਿਆਂ ਸੰਹਿਤਾ ਦੀ ਧਾਰਾ 316(4) ਅਤੇ 318(4) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਐੱਸਐੱਸਪੀ ਦੇ ਨਿਰਦੇਸ਼ਾਂ ਅਤੇ ਲੀਗਲ ਓਪੀਨਿਅਨ ਤੋਂ ਬਾਅਦ ਕੀਤੀ ਗਈ। ਸ਼ਿਕਾਇਤ ਅਨੁਸਾਰ ਕਥਿਤ ਮੁਲਜ਼ਮ ਨੇ ਯੂਨੀਵਰਸਿਟੀ ਫੰਡਾਂ ਦੇ ਦੁਰਵਰਤੋਂ ਅਤੇ ਧੋਖਾਧੜੀ ਦੇ ਗੰਭੀਰ ਦੋਸ਼ ਲਾਏ ਗਏ ਹਨ। ਦੋਸ਼ ਹੈ ਕਿ 13.46 ਕਰੋੜ ਰੁਪਏ ਦੀ ਪੇਪਰ ਵਰਕਿੰਗ ਅਤੇ 36 ਕਰੋੜ ਰੁਪਏ ਦੀਆਂ ਵਿੱਤੀ ਗੜਬੜੀਆਂ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਐਨਐੱਸਡੀਸੀ ਤੋਂ ਆਏ 5 ਕਰੋੜ ਰੁਪਏ ਵਿੱਚੋਂ 1.10 ਕਰੋੜ ਰੁਪਏ ਯੂਨੀਵਰਸਿਟੀ ਦੇ ਬੈਂਕ ਖਾਤੇ ਤੋਂ ਨਿੱਜੀ ਬੈਂਕ ਖਾਤੇ ਵਿਚ ਟਰਾਂਸਫਰ ਕੀਤੇ ਗਏ। ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਕਿ ਯੂਨੀਵਰਸਿਟੀ ਨਾਲ ਲੱਗਦੀ 51 ਏਕੜ 19 ਮਰਲੇ ਜ਼ਮੀਨ ਦੀ ਖਰੀਦ ਵਿਚ ਕਥਿਤ ਤੌਰ ’ਤੇ ਧੋਖਾਧੜੀ ਕੀਤੀ ਅਤੇ ਯੂਨੀਵਰਸਿਟੀ ਐਕਟ ਦੀ ਉਲੰਘਣਾ ਕਰਦੇ ਹੋਏ ਕਥਿਤ ਤੌਰ ’ਤੇ ਆਪਣੀ ਪਤਨੀ ਨੂੰ ਵਾਈਸ ਚਾਂਸਲਰ ਨਿਯੁਕਤ ਕੀਤਾ। ਮਾਮਲੇ ਦੀ ਜਾਂਚ ਏਐੱਸਆਈ ਸੰਦੀਪ ਕੁਮਾਰ ਨੂੰ ਸੌਂਪੀ ਗਈ ਹੈ।
ਨਿਰਮਲ ਸਿੰਘ ਰਿਆਤ ਨੇ ਦੱਸਿਆ ਕਿ ਪੁਲਿਸ ਵੱਲੋਂ ਦਸਤਾਵੇਜ਼ੀ ਸਬੂਤਾਂ ਦੀ ਜਾਂਚ ਦੌਰਾਨ ਹੋਰ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਹਨ। ਉਧਰ ਇਸ ਸਬੰਧ ਵਿਚ ਸਾਬਕਾ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਧਰ ਪੁਲਿਸ ਥਾਣਾ ਕਾਠਗੜ੍ਹ ਦੇ ਐੱਸਐੱਚਓ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਕਥਿਤ ਮੁਲਜ਼ਮ ਦੀ ਗ੍ਰਿਫ਼ਤਾਰੀ ਹਾਲੇ ਹੋਈ ਨਹੀਂ ਹੈ। ਇਸ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ।