ਸਫਾਈ ਵਿਵਸਥਾ ਨੂੰ ਲੈ ਕੇ ਭਾਜਪਾ ਨੇ ਸਾਧੇ ‘ਆਪ’ ’ਤੇ ਨਿਸ਼ਾਨੇ
ਸਫਾਈ ਵਿਵਸਥਾ ਨੂੰ ਲੈ ਕੇ ਭਾਜਪਾ ਨੇ ਸਾਧੇ ਆਪ ਆਦਮੀਂ ਪਾਰਟੀ ‘ਤੇ ਨਿਸ਼ਾਨੇ
Publish Date: Sun, 17 May 2026 06:43 PM (IST)
Updated Date: Mon, 18 May 2026 04:10 AM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਨੰਗਲ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੂਬਾ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ’ਤੇ ਗੰਭੀਰ ਦੋਸ਼ ਲਾਉਦਿਆਂ ਕਿਹਾ ਕਿ ਪਿਛਲੇ ਲਗਭਗ ਦੋ ਹਫਤਿਆਂ ਤੋਂ ਲਗਾਤਾਰ ਸਫਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਹੜ੍ਹਤਾਲ ’ਤੇ ਬੈਠੇ ਹੋਏ ਹਨ, ਜਿਸ ਕਾਰਨ ਸ਼ਹਿਰ ਵਿੱਚ ਵੱਖ ਵੱਖ ਥਾਂਵਾ ਉੱਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਸ਼ਹਿਰ ਵਾਸੀ ਬਹੁਤ ਪ੍ਰੇਸ਼ਾਨ ਹਨ, ਪਰ ਫਿਰ ਅੱਜ ਤੱਕ ਮੰਤਰੀ ਸਾਹਿਬ ਖਾਮੋਸ਼ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਫਾਈ ਵਿਵਸਥਾ ਵੱਲ ਜਲਦ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਵੱਡੀ ਮਹਾਂਮਾਰੀ ਫੈਲ ਸਕਦੀ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਭਾਜਪਾ ਸਫਾਈ ਕਰਮੀਆਂ ਦੀਆਂ ਮੰਗਾਂ ਦਾ ਭਰਪੂਰ ਸਮਰਥਨ ਕਰਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਫਾਈ ਕਾਮਿਆਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਨੇ ਕਿਹਾ ਕਿ ਨੰਗਲ ਕੌਂਸਲ ਚੌਣਾਂ ਵਿੱਚ ਸੱਤਾਧਾਰੀ ਪਾਰਟੀ ਵਲੋਂ ਵੱਖ ਵੱਖ ਵਾਰਡਾਂ ਵਿੱਚ ਆਪਣੇ ਉਮੀਦਵਰਾਂ ਨੂੰ ਜਿਤਾਉਣ ਲਈ ਬਣਾਈਆਂ ਗਈਆ ਜਾਅਲੀ ਵੋਟਾਂ ਨੂੰ ਕਿਸੇ ਵੀ ਕੀਮਤ ’ਤੇ ਪਾਉਣ ਨਹੀ ਦਿੱਤਾ ਜਾਵੇਗਾ ਅਤੇ ਹਰ ਬੂਥ ’ਤੇ ਭਾਜਪਾ ਦੇ ਵੱਡੀ ਗਿਣਤੀ ‘ਚ ਵਰਕਰ ਰਾਖੀ ਕਰਨਗੇ। ਉਨ੍ਹਾਂ ਕਾਂਗਰਸ ਨੂੰ ਆੜ੍ਹੇ ਹੱਥੀਂ ਲੈਂਦਿਆਂ ਆਖਿਆ ਕਿ ਜਾਅਲੀ ਵੋਟਾਂ ਬਣਾਉਣ ਦੀ ਪਿਰਤ ਵੀ ਪਿਛਲੇ ਸਮੇਂ ਅੰਦਰ ਕਾਂਗਰਸ ਨੇ ਸ਼ੁਰੂ ਕੀਤੀ ਸੀ ਜਿਸਦਾ ਮੈਂ ਅਤੇ ਮੇਰੇ ਪਰਿਵਾਰ ਨੂੰ ਖਮਿਆਜ਼ਾ ਵੀ ਭੁਗਤਣਾ ਪਿਆ ਸੀ। ਉਨ੍ਹਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਕਾਂਗਰਸ ਦੀ ਪਿਰਤ ’ਤੇ ਨਾ ਚੱਲ ਕੇ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਉਮੀਦਵਾਰਾਂ ਦੀ ਚੌਣ ਕਰਨ ਦੇਣ। ਚੌਧਰੀ ਨੇ ਮੀਡੀਆ ਨੂੰ ਜਾਅਲੀ ਵੋਟਾਂ ਰੋਕਣ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਭਾਜਪਾ ਪ੍ਰਭਾਰੀ ਸੁਨੀਲ ਮੋਦਗਿੱਲ, ਮੰਡਲ ਭਾਜਪਾ ਪ੍ਰਧਾਨ ਹਰਮਨਜੀਤ ਸਿੰਘ ਪ੍ਰਿੰਸ, ਬਾਬੂ ਅਨਿਲ ਸ਼ਰਮਾ,ਸਾਬਕਾ ਕੌਂਸਲਰ ਵਿਕਰਾਂਤ ਪਰਮਾਰ, ਤਿਲਕ ਰਾਜ ਲੱਕੀ, ਵਿਵੇਕ ਸ਼ਰਮਾ, ਮਨਕਿਰਨ , ਵਰਿੰਦਰ ਵਿੱਕੀ ਨਾਂਨਗਰਾਂ ਆਦਿ ਹਾਜਰ ਸਨ। ਬਾਕਸ: ਪਹਿਲੀ ਵਾਰ ਇੱਕਠੇ ਨਜ਼ਰ ਆਏ ਡਾ.ਸੁਭਾਸ਼ ਸ਼ਰਮਾ ਤੇ ਰਾਜੇਸ਼ ਚੌਧਰੀ : ਪਿਛਲੇ ਕਾਫੀ ਅਰਸੇ ਤੋਂ ਵੱਖ ਵੱਖ ਰਾਹਾਂ ’ਤੇ ਤੁਰਨ ਵਾਲੇ ਭਾਜਪਾ ਆਗੂ ਡਾ. ਸੁਭਾਸ ਸ਼ਰਮਾ ਅਤੇ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਇੱਕਠੇ ਨਜਰ ਆਏ ਜੋ ਕਿ ਚਰਚਾ ਦਾ ਵਿਸ਼ੇਸ਼ ਬਣੇ ਹੋਏ ਹਨ। ਪੁਛੇ ਜਾਣ ’ਤੇ ਚੌਧਰੀ ਨੇ ਕਿਹਾ ਕਿ ਭਾਜਪਾ ਸਾਡੀ ਮਾਂ ਹੈ ਅਤੇ ਅਸੀਂ ਸਾਰੇ ਪੁੱਤ ਹਾਂ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਰਾਜੇਸ਼ ਚੌਧਰੀ ਗੁਰੱਪ ਨੇ ਭਾਜਪਾ ਦੀਆਂ ਮੀਟਿੰਗਾਂ ਅਤੇ ਪ੍ਰੋਗਰਾਮ ਤੋਂ ਦੂਰੀ ਬਣਾਈ ਹੋਈ ਸੀ। ਕੈਪਸ਼ਨ: ਨੰਗਲ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਆਗੂ ਡਾ.ਸੁਭਾਸ਼ ਸ਼ਰਮਾ ਅਤੇ ਹੋਰ।