ਵੱਡਾ ਖੁਲਾਸਾ: ਨੈਸ਼ਨਲ ਹਾਈਵੇ ਅਥਾਰਟੀ ਦੀ ਮਨਜ਼ੂਰੀ ਤੋਂ ਬਿਨਾਂ ਚੱਲ ਰਿਹਾ ਗਾਰਾ ਟੋਲ ਪਲਾਜ਼ਾ
ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਮੈਨੇਜਰ ਦਿਗਵਿਰਤ ਸਿੰਘ ਨੇ ਦੇਰ ਸ਼ਾਮ ਮੋੜਾ ਟੋਲ ਪਲਾਜਾ ’ਤੇ ਪਹੁੰਚ ਕੇ ਸੰਘਰਸ਼ ਕਰ ਰਹੇ ਲੋਕਾਂ ਦੇ ਵਿਚਕਾਰ ਅਹਿਮ ਖੁਲਾਸਾ ਕੀਤਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਗਰਾ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਦੀ ਮਨਜ਼ੂਰੀ ਤੋਂ ਬਿਨਾਂ ਸਥਾਪਿਤ ਕੀਤਾ ਗਿਆ ਹੈ, ਜੋ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਅਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
Publish Date: Sun, 03 May 2026 11:13 AM (IST)
Updated Date: Sun, 03 May 2026 11:17 AM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਮੈਨੇਜਰ ਦਿਗਵਿਰਤ ਸਿੰਘ ਨੇ ਦੇਰ ਸ਼ਾਮ ਮੋੜਾ ਟੋਲ ਪਲਾਜਾ ’ਤੇ ਪਹੁੰਚ ਕੇ ਸੰਘਰਸ਼ ਕਰ ਰਹੇ ਲੋਕਾਂ ਦੇ ਵਿਚਕਾਰ ਅਹਿਮ ਖੁਲਾਸਾ ਕੀਤਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਗਰਾ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਦੀ ਮਨਜ਼ੂਰੀ ਤੋਂ ਬਿਨਾਂ ਸਥਾਪਿਤ ਕੀਤਾ ਗਿਆ ਹੈ, ਜੋ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਅਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਦਿਗਵਿਰਤ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਇੱਕ ਅਧਿਕਾਰਕ ਈਮੇਲ ਵੀ ਉਨ੍ਹਾਂ ਦੇ ਵਿਭਾਗ ਵੱਲੋਂ ਐਡਵੋਕੇਟ ਓਤਾਂਸ਼ ਮੌੰਗਾ ਨੂੰ ਭੇਜੀ ਗਈ ਹੈ, ਜਿਸ ਦੀ ਪੀ.ਡੀ.ਐੱਫ. ਕਾਪੀ ਸੰਘਰਸ਼ਸ਼ੀਲ ਆਗੂਆਂ ਕੋਲ ਵੀ ਪਹੁੰਚ ਚੁੱਕੀ ਹੈ। ਇਸ ਦਸਤਾਵੇਜ਼ ਦੇ ਸਾਹਮਣੇ ਆਉਣ ਤੋਂ ਬਾਅਦ ਅੰਦੋਲਨ ਨੂੰ ਹੋਰ ਮਜ਼ਬੂਤੀ ਮਿਲੀ ਹੈ ਅਤੇ ਇਹ ਗੱਲ ਹੁਣ ਸਾਫ ਹੋ ਗਈ ਹੈ ਕਿ ਹਿਮਾਚਲ ਵਿੱਚ ਲਗਾਇਆ ਗਿਆ ਇਹ ਕਥਿਤ ਐਂਟਰੀ ਟੈਕਸ ਅਸਲ ਵਿੱਚ ਕੋਈ ਵੈਧ ਟੈਕਸ ਨਹੀਂ, ਸਗੋਂ ਲੋਕਾਂ ’ਤੇ ਥੋਪਿਆ ਗਿਆ ‘ਗੁੰਡਾ ਟੈਕਸ’ ਹੈ।
ਸੰਘਰਸ਼ ਕਰ ਰਹੇ ਆਗੂਆਂ ਨੇ ਜਦੋਂ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨਾਲ ਇਸ ਮਸਲੇ ’ਤੇ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਵਿਭਾਗ ਆਪਣੀ ਕਾਨੂੰਨੀ ਪ੍ਰਕਿਰਿਆ (ਲੀਗਲ ਪ੍ਰੋਸੀਡਿੰਗਜ਼) ’ਤੇ ਕੰਮ ਕਰ ਰਿਹਾ ਹੈ। ਦੂਜੇ ਪਾਸੇ ਸੂਤਰਾਂ ਅਨੁਸਾਰ, ਇਹ ਟੈਕਸ ਹਿਮਾਚਲ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਾਗੂ ਰੱਖਿਆ ਗਿਆ ਹੈ। ਆਮ ਤੌਰ ’ਤੇ ਨੈਸ਼ਨਲ ਹਾਈਵੇ ਆਪਣੀ ਜ਼ਮੀਨ ’ਤੇ ਕਿਸੇ ਵੀ ਗੈਰਕਾਨੂੰਨੀ ਢਾਂਚੇ ਜਾਂ ਅਸਥਾਈ ਕੇਬਿਨ ਨੂੰ ਤੁਰੰਤ ਹਟਾ ਦਿੰਦਾ ਹੈ ਪਰ ਇਸ ਮਾਮਲੇ ਵਿੱਚ ਹੋ ਰਹੀ ਦੇਰੀ ਕਈ ਸਵਾਲ ਖੜੇ ਕਰ ਰਹੀ ਹੈ।
ਇਸ ਦੌਰਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਦੇ ਲਗਾਏ ਗਏ ਅਜਿਹੇ ਐਂਟਰੀ ਟੈਕਸ ਮਾਮਲਿਆਂ ਵਿੱਚ ਹੁਣ ਹਿਮਾਚਲ ਦੇ ਬੱਦੀ ਅਤੇ ਪਰਵਾਣੂ ਅੱਗੇ ਲਗਾਏ ਗਏ ਐਂਟਰੀ ਟੈਕਸ ਦੀ ਵੀ ਜਾਂਚ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਲੋਕਾਂ ਨੂੰ ਰਾਹਤ ਦੇਣ ਲਈ ਇਨ੍ਹਾਂ ਦੋਹਾਂ ਥਾਵਾਂ ’ਤੇ ਲਗਾਏ ਗਏ ਐਂਟਰੀ ਟੈਕਸ ਨੂੰ ਵੀ ਤੁਰੰਤ ਹਟਾਇਆ ਜਾਵੇ।
ਮੀਟਿੰਗ ਦੌਰਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਪ੍ਰਧਾਨ ਵੀਰ ਸਿੰਘ ਬੜਵਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ, ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦਿਲ, ਅਤੇ ਕਿਸਾਨ ਆਗੂ ਸੇਠੀ ਸ਼ਰਮਾ (ਕੀਰਤਪੁਰ ਸਾਹਿਬ) ਸਮੇਤ ਕਈ ਪ੍ਰਮੁੱਖ ਆਗੂ ਮੌਜੂਦ ਰਹੇ।