ਸ੍ਰੀ ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ’ਚ ਨਹਾਉਂਣਾ ਲਗਾਤਾਰ ਜਾਰੀ
ਕੀਰਤਪੁਰ ਸਾਹਿਬ ਦੀ ਲੋਹੰਡ ਖੱਡ ਵਿੱਚ ਨਹਾਉਂਣਾ ਲਗਾਤਾਰ ਜਾਰੀ
Publish Date: Thu, 21 May 2026 06:13 PM (IST)
Updated Date: Thu, 21 May 2026 06:16 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਲੋਹਡ ਖੱਡ ਸੈਲਾਨੀ ਲਗਾਤਾਰ ਨਹਾਉਣ ਲਈ ਪਹੁੰਚ ਰਹੇ ਹਨ। ਸੂਬੇ ਅੰਦਰ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਮੁੱਖ ਮਾਰਗ ਤੋਂ ਲੰਘਦੇ ਹੋਏ ਰਾਹਗੀਰ ਗਰਮੀ ਤੋਂ ਬਚਣ ਲਈ ਦਰ੍ਹਿਆ ਵਿੱਚ ਨਹਾਉਣ ਲਈ ਚਲੇ ਜਾਂਦੇ ਹਨ, ਪਰ ਉਨ੍ਹਾਂ ਨੂੰ ਪਾਣੀ ਦੀ ਡੁੰਘਾਈ ਅਤੇ ਤੇਜ ਵਹਾਅ ਦਾ ਅੰਦਾਜ਼ਾ ਨਹੀਂ ਹੁੰਦਾ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ । ਕਈ ਨੌਜਵਾਨ ਡੂੰਘੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਕੇ ਆਪਣੀ ਜਾਨ ਵੀ ਗਵਾ ਬੈਠੇ ਹਨ। ਪਿਛਲੇ ਕੱਲ੍ਹ ਬਾਅਦ ਦੁਪਹਿਰ ਪਿੰਡ ਕਲਿਆਣਪੁਰ ਲੋਹੰਡ ਖੱਡ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਤੋਂ ਸਤਲੁਜ ਦਰ੍ਹਿਆ ਨੂੰ ਛੱਡੇ ਪਾਣੀ ਵਿੱਚ ਨਹਾਉਂਦੇ ਸਮੇਂ ਇੱਕ 16 ਸਾਲਾਂ ਨਾਬਾਲਗ ਲੜਕੇ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਜਾਣ ਕਾਰਨ ਮੌਤ ਹੋ ਗਈ ਸੀ, ਜਦ ਕਿ ਉਸ ਦੇ ਨਾਲ ਦੋ ਸਾਥੀਆਂ ਦਾ ਬਾਲ ਬਾਲ ਬਚਾਅ ਹੋ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਪਾਰਟੀ ਮੌਕੇ ਉੱਪਰ ਪੁੱਜੀ ਅਤੇ ਲੋਹੰਡ ਖੱਡ ਵਿੱਚ ਨਹਾਉਣ ਵਿੱਚ ਲੱਗੇ ਹੋਏ ਹੋਰ ਵਿਅਕਤੀਆਂ, ਨੌਜਵਾਨਾਂ ਨੂੰ ਉਥੋਂ ਹਟਾਇਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐਸਐਚਓ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਪਾਰਟੀ ਨੂੰ ਜਦੋਂ ਇੱਕ ਨੌਜਵਾਨ ਦੇ ਲੋਹੰਡ ਖੱਡ ਤੋਂ ਸਤਲੁਜ ਦਰ੍ਹਿਆ ਨੂੰ ਜਾ ਰਹੇ ਪਾਣੀ ਵਿੱਚ ਰੁੜ ਜਾਣ ਦੀ ਸੂਚਨਾ ਪ੍ਰਾਪਤ ਹੋਈ ਤਾਂ ਮੌਕੇ ਉੱਪਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਮੁੱਖ ਮੁਣਸ਼ੀ ਮੀਨਾ ਸੈਣੀ ਅਤੇ ਹੌਲਦਾਰ ਗੁਰਵਿੰਦਰ ਸਿੰਘ ਮੌਕੇ ਉੱਪਰ ਪੁੱਜੇ ਅਤੇ ਉਨਾਂ ਵੱਲੋਂ ਲੋਹੰਡ ਖੱਡ ਵਿੱਚ ਨਹਾ ਰਹੇ ਨੌਜਵਾਨਾਂ ਅਤੇ ਬੱਚਿਆਂ ਨੂੰ ਉੱਥੋਂ ਹਟਾਇਆ। ਉਹਨਾਂ ਦੱਸਿਆ ਕਿ ਪੁਲਿਸ ਨੂੰ ਸੁਹੇਲ ਪੁੱਤਰ ਅਕਬਰ ਵਾਸੀ ਸਕਰਾੜਾ ਗਾਜ਼ੀਆਬਾਦ ਯੂਪੀ ਨੇ ਦੱਸਿਆ ਕਿ ਉਹ ਆਪਣੇ ਛੋਟੇ ਭਰਾ ਸਮਦ ਉਮਰ ਕਰੀਬ 17 ਸਾਲ ਪੁੱਤਰ ਅਕਬਰ ਵਾਸੀ ਸਕਰੋੜਾ ਥਾਣਾ ਮਸੂਰੀ ਜਿਲਾ ਗਾਜੀਆਬਾਦ ਯੂਪੀ ਅਤੇ ਇੱਕ ਹੋਰ ਸਾਥੀ ਨੌਜਵਾਨ ਨਾਲ ਚੰਡੀਗੜ੍ਹ ਵਿਖੇ ਨਿਜੀ ਸੈਕਟਰ ਵਿੱਚ ਸੀਲਿੰਗ ਦਾ ਕੰਮ ਕਰਦਾ ਹੈ। ਉਹ ਨੰਗਲ ਵਿਖੇ ਸਥਿਤ ਯਸ ਬੈਂਕ ਵਿੱਚ ਸੀਲਿੰਗ ਦਾ ਕੰਮ ਕਰਨ ਆਏ ਹੋਏ ਸਨ ਕੰਮ ਖਤਮ ਹੋਣ ਤੋਂ ਬਾਅਦ ਉਹ ਚੰਡੀਗੜ੍ਹ ਨੂੰ ਜਾ ਰਹੇ ਸਨ ਤਾਂ ਸ਼੍ਰੀ ਕੀਰਤਪੁਰ ਸਾਹਿਬ ਪਿੰਡ ਕਲਿਆਣਪੁਰ ਲੋਹੰਡ ਖੱਡ ਜਿਸ ਵਿੱਚ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦਾ ਪਾਣੀ ਸਤਲੁਜ ਦਰ੍ਹਿਆ ਨੂੰ ਜਾਣ ਲਈ ਛੱਡਿਆ ਹੋਇਆ ਹੈ , ਵਿੱਚ ਗਰਮੀ ਤੋਂ ਬਚਣ ਲਈ ਕੁਝ ਲੋਕ ਨਹਾਉਂਦੇ ਹੋਏ ਦਿਖਾਈ ਦਿੱਤੇ। ਜਿਸ ਤੋਂ ਬਾਅਦ ਤਿੰਨੇ ਨੌਜਵਾਨਾਂ ਨੇ ਲੋਹੰਡ ਖੱਡ ਤੋਂ ਸਤਲੁਜ ਦਰਿਆ ਨੂੰ ਜਾ ਰਹੇ ਪਾਣੀ ਵਿੱਚ ਨਹਾਉਣ ਦਾ ਫੈਸਲਾ ਕੀਤਾ ਅਤੇ ਉਨਾਂ ਵੱਲੋਂ ਆਪਣੀ ਗੱਡੀ ਉਸ ਪਾਸੇ ਨੂੰ ਘੁਮਾ ਲਈ ਆਪਣੀ ਕਾਰ ਨੂੰ ਸਾਈਡ ਤੇ ਖੜਾ ਕਰਕੇ ਉਹ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਤੋਂ ਲੋਹੰਡ ਖੱਡ ਵਿੱਚ ਛੱਡੇ ਪਾਣੀ ਵਿੱਚ ਨਹਾਉਣਾ ਲੱਗ ਪਏ। ਇਸ ਦੌਰਾਨ ਉਸ ਦਾ ਛੋਟਾ ਭਰਾ ਸਮਦ ਜਿਸ ਦੀ ਆਖਰੀ ਵੀਡੀਓ ਵੀ ਪਾਣੀ ਵਿੱਚ ਤੈਰਦੇ ਦੀ ਸਾਹਮਣੇ ਆਈ, ਹੈ, ਡੂੰਘੇ ਪਾਣੀ ਵਿੱਚ ਚਲ ਗਿਆ ਅਤੇ ਪਾਣੀ ਦੇ ਤੇਜ ਬਹਾਅ ਵਿੱਚ ਉਹ ਅੱਗੇ ਨੂੰ ਰੁੜ ਗਿਆ, ਜਿਸ ਦਾ ਹੁਣ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਵੱਲੋਂ ਸੁਹੇਲ ਦੇ ਬਿਆਨ ਲਿਖਣ ਤੋਂ ਬਾਅਦ ਪਾਣੀ ਵਿੱਚ ਰੁੜੇ ਸਮਦ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਰਾਹੁਲ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਵਿੱਚ ਉਹ ਡੂੰਘੇ ਪਾਣੀ ਵਿੱਚ ਨਹਾਉਣ ਤੋਂ ਗੁਰੇਜ਼ ਕਰਨ ਕਿਉਂਕਿ ਪਹਿਲਾਂ ਵੀ ਲੋਹੰਡ ਖੱਡ ਵਿੱਚ ਨਹਾਉਂਦੇ ਸਮੇਂ ਕਈ ਵਿਅਕਤੀ ਰੁੜ ਚੁੱਕੇ ਹਨ। ਜ਼ਿਕਰ ਯੋਗ ਹੈ ਕਿ ਲੋਹੰਡ ਖੱਡ ਤੋਂ ਸਤਲੁਜ ਦਰਿਆ ਨੂੰ ਜਾਂਦੇ ਪਾਣੀ ਵਿੱਚ ਹਰ ਸਾਲ ਕੋਈ ਨਾ ਕੋਈ ਨਹਾਉਣ ਸਮੇਂ ਵਿਅਕਤੀ ਤੇਜ਼ ਪਾਣੀ ਵਿੱਚ ਰੁੜ ਜਾਂਦਾ ਹੈ। ਕਈ ਨੌਜਵਾਨ ਇੱਥੇ ਨਹਾਉਂਦੇ ਸਮੇਂ ਆਪਣੀ ਜਾਨ ਗਵਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਵੀ ਬਾਹਰੋਂ ਆਉਣ ਵਾਲੇ ਲੋਕ ਜਿਨ੍ਹਾਂ ਨੂੰ ਇਸ ਦੀ ਡੁੰਘਾਈ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਇੱਥੇ ਆ ਕੇ ਨਹਾਉਣ ਲੱਗ ਜਾਂਦੇ ਹਨ। ਜਿਸ ਕਾਰਨ ਕੋਈ ਨਾ ਕੋਈ ਵਿਅਕਤੀ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ ਜਾਂਦਾ ਹੈ ਅਤੇ ਬਾਅਦ ਵਿੱਚ ਉਸ ਦੀ ਲਾਸ਼ ਹੀ ਮਿਲਦੀ ਹੈ। ਪੁਲਿਸ ਪ੍ਰਸ਼ਾਸਨ ਨੂੰ ਇਸ ਜਗ੍ਹਾ ਤੇ ਚੇਤਾਵਨੀ ਬੋਰਡ ਲਗਾਉਣੇ ਚਾਹੀਦੇ ਹਨ ਅਤੇ ਵਾਰ ਵਾਰ ਨਹਾਉਣ ਲਈ ਪਹੁੰਚ ਰਹੇ ਨੌਜਵਾਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਅਜਿਹੇ ਹਾਦਸੇ ਰੋਜਾਨਾ ਵਾਪਰਦੇ ਰਹਿਣਗੇ।