ਸ੍ਰੀ ਕੀਰਤਪੁਰ ਸਾਹਿਬ ’ਚ 400 ਸਾਲਾ ਸ਼ਤਾਬਦੀ ਸਮਾਗਮ ਕਰਵਾਇਆ
ਸ਼੍ਰੀ ਕੀਰਤਪੁਰ ਸਾਹਿਬ 400 ਸਾਲਾ ਸ਼ਤਾਬਦੀ ਸਮਾਗਮਾਂ ਦੀ ਸ਼ਲਾਘਾ
Publish Date: Sun, 03 May 2026 07:02 PM (IST)
Updated Date: Sun, 03 May 2026 07:05 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਨਾਲ ਪਵਿੱਤਰ ਹੋਈ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਨਾਏ ਗਏ 400 ਸਾਲਾ ਸਥਾਪਨਾ ਦਿਵਸ ਦੇ ਸ਼ਤਾਬਦੀ ਸਮਾਗਮ ਧੂਮਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਸਮਾਪਤ ਹੋ ਗਏ। ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਇਨ੍ਹਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰ ਕੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕੀਤੀਆਂ। ਸਮਾਗਮਾਂ ਦੌਰਾਨ ਆਧਿਆਤਮਿਕ ਧਾਰਮਿਕ ਮਾਹੌਲ, ਕੀਰਤਨ ਦਰਬਾਰ ਅਤੇ ਢਾਡੀ ਦਰਬਾਰ ਨੇ ਸਾਰੇ ਇਲਾਕੇ ਨੂੰ ਗੁਰਮਤਿ ਰੰਗ ਵਿੱਚ ਰੰਗ ਦਿੱਤਾ। ਐੱਸਜੀਪੀਸੀ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਹਰ ਪਾਸੇ ਹੋਈ ਵੱਡੀ ਸ਼ਲਾਘਾ : ਇਨ੍ਹਾਂ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਸੰਪੂਰਨਤਾ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ’ਤੇ ਕੀਤੇ ਗਏ ਪ੍ਰਬੰਧਾਂ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਲਾਕਾ ਵਾਸੀਆਂ ਅਤੇ ਸੰਗਤਾਂ ਦਾ ਕਹਿਣਾ ਹੈ ਕਿ ਐੱਸਜੀਪੀਸੀ ਵੱਲੋਂ ਹਰ ਛੋਟੀ-ਵੱਡੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸੁਚਾਰੂ ਪ੍ਰਬੰਧ ਕੀਤੇ ਗਏ, ਜਿਸ ਨਾਲ ਸਮਾਗਮ ਬਿਨਾਂ ਕਿਸੇ ਰੁਕਾਵਟ ਦੇ ਸਫਲ ਰਹੇ। ਲੱਖਾਂ ਸੰਗਤਾਂ ਲਈ ਸੁਚੱਜੇ ਪ੍ਰਬੰਧ, ਟੈਂਟ ’ਤੇ ਰਹਿਣ-ਸਹਿਣ ਦੀ ਵਧੀਆ ਸਹੂਲਤ : ਸੰਗਤਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਵਾਟਰ ਪਰੂਫ ਟੈਂਟ ਲਾਏ ਗਏ ਤਾਂ ਜੋ ਮੌਸਮ ਦੇ ਬਦਲਾਅ ਦਾ ਕੋਈ ਅਸਰ ਨਾ ਪਵੇ। ਇਸ ਦੇ ਨਾਲ ਹੀ ਵੱਡੇ ਪੱਧਰ ’ਤੇ ਜੋੜਾ ਘਰ ਅਤੇ ਗਠੜੀ ਘਰ ਬਣਾਏ ਗਏ, ਜਿੱਥੇ ਸੰਗਤ ਆਪਣਾ ਸਾਮਾਨ ਬੇਫ਼ਿਕਰੀ ਨਾਲ ਰੱਖ ਸਕਦੀ ਸੀ। ਇਨ੍ਹਾਂ ਸਮਾਗਮਾਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਰੈਣ ਸਬਾਈ ਕੀਰਤਨ ਦਰਬਾਰ ਧਾਰਮਿਕ ਸਮਾਗਮ ਢਾਡੀ ਦਰਬਾਰ ਦੀ ਇਲਾਕੇ ਦੇ ਲੋਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਤਾਬਦੀ ਸਮਾਗਮਾਂ ਦੌਰਾਨ ਮਹਾਪੁਰਸ਼ਾਂ ਅਤੇ ਸਿੱਖ ਪ੍ਰਚਾਰਕ ਵੀ ਪਹੁੰਚੇ। ਵੱਡੇ ਪੱਧਰ ’ਤੇ ਗੁਰਦੁਆਰਾ ਸਾਹਿਬ ਨੂੰ ਰੁਸ਼ਨਾਇਆ ਗਿਆ : ਸ਼ਤਾਬਦੀ ਸਮਾਗਮਾਂ ਨੂੰ ਮਨਾਉਂਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਰਤਪੁਰ ਸਾਹਿਬ ਦੇ ਸਾਰੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਦੀਪਮਾਲਾ ਕਰ ਕੇ ਸਜਾਇਆ ਗਿਆ ਸੀ, ਜੋ ਕਿ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ ਲੈ ਕੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਤੱਕ ਸੜਕ ਉੱਤੇ ਵੀ ਦੀਪਮਾਲਾ ਕੀਤੀ ਗਈ, ਜੋ ਕਿ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਸੀ। ਲੰਗਰਾਂ ’ਚ ਦਿਨ-ਰਾਤ ਲਗਾਤਾਰ ਸੇਵਾ, ਲੱਖਾਂ ਸੰਗਤਾਂ ਨੇ ਛਕਿਆ ਲੰਗਰ : ਸੰਗਤ ਦੀ ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਦਿਨ-ਰਾਤ ਲਗਾਤਾਰ ਲੰਗਰ ਚੱਲਦਾ ਰਿਹਾ। ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਲੰਗਰ ਛਕ ਕੇ ਗੁਰੂ ਘਰ ਦੀ ਮਿਹਰ ਪ੍ਰਾਪਤ ਕੀਤੀ। ਲੰਗਰ ਸੇਵਾ ਵਿੱਚ ਸੇਵਾਦਾਰਾਂ ਦੀ ਨਿਸ਼ਕਾਮ ਭਾਵਨਾ ਖਾਸ ਤੌਰ ’ਤੇ ਦੇਖਣਯੋਗ ਸੀ। ਸਫ਼ਾਈ, ਸੁਰੱਖਿਆ ਅਤੇ ਆਵਾਜਾਈ ਦੇ ਪ੍ਰਬੰਧ ਰਹੇ ਬੇਹੱਦ ਉੱਤਮ ਸਮਾਗਮਾਂ ਦੌਰਾਨ ਸਫ਼ਾਈ ਪ੍ਰਬੰਧਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਹਰ ਥਾਂ ਸੁਚੱਜਾ ਮਾਹੌਲ ਬਣਾਇਆ ਰੱਖਿਆ ਗਿਆ। ਪੀਣ ਵਾਲੇ ਪਾਣੀ ਦੀ ਸਹੂਲਤ, ਸੁਰੱਖਿਆ ਬੰਦੋਬਸਤ ਅਤੇ ਆਵਾਜਾਈ ਦੇ ਸੁਚਾਰੂ ਪ੍ਰਬੰਧਾਂ ਨੇ ਸੰਗਤਾਂ ਨੂੰ ਕਾਫ਼ੀ ਸਹੂਲਤ ਪ੍ਰਦਾਨ ਕੀਤੀ। ਇਸ ਕਾਰਨ ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ। ਵੱਖ-ਵੱਖ ਸੰਸਥਾਵਾਂ ਵੱਲੋਂ ਲਗਾਏ ਲੰਗਰਾਂ ਦੀ ਹੋਈ ਖੂਬ ਪ੍ਰਸ਼ੰਸਾ ਸਮਾਗਮਾਂ ਦੌਰਾਨ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਮਹਾਂਪੁਰਸ਼ਾਂ ਵੱਲੋਂ ਲਗਾਏ ਗਏ ਲੰਗਰਾਂ ਦੀ ਵੀ ਖੂਬ ਪ੍ਰਸ਼ੰਸਾ ਕੀਤੀ ਗਈ। ਹਰ ਪਾਸੇ ਸੇਵਾ ਭਾਵਨਾ ਅਤੇ ਸਾਂਝ ਦਾ ਸੁੰਦਰ ਦ੍ਰਿਸ਼ ਨਜ਼ਰ ਆਇਆ, ਜਿਸ ਨੇ ਸਿੱਖੀ ਦੇ ਅਸੂਲਾਂ ਨੂੰ ਹੋਰ ਮਜ਼ਬੂਤ ਕੀਤਾ। ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੀ ਸੇਵਾ ਭਾਵਨਾ ਕਾਬਿਲ-ਏ-ਤਾਰੀਫ਼ ਬਾਬਾ ਸਤਨਾਮ ਸਿੰਘ ਮੁਖੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਬਾਬਿਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਕੋਟ ਸਾਹਿਬ ਦੇ ਨੇੜੇ ਲਗਾਏ ਗਏ ਲੰਗਰਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਪ੍ਰਸਾਦ ਛਕਿਆ। ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਸ਼ਤਾਬਦੀ ਸਮਾਗਮਾਂ ਦੌਰਾਨ ਰੋਜ਼ਾਨਾ ਮੈਂਗੋ ਸ਼ੇਕ, ਟਿੱਕੀਆਂ ਗੋਲ ਗੱਪੇ ਆਦਿ ਤੋਂ ਇਲਾਵਾ ਵੱਖ-ਵੱਖ ਪਕਵਾਨ ਇਨ੍ਹਾਂ ਲੰਗਰਾਂ ਵਿੱਚ ਸੰਗਤਾਂ ਨੂੰ ਵਰਤਾਏ ਗਏ, ਸੰਪਰਦਾ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਲਗਾਏ ਲੰਗਰਾਂ ਨੇ ਮੋਹਿਆ ਸੰਗਤਾਂ ਦਾ ਮਨ ਸ਼ਤਾਬਦੀ ਸਮਾਗਮਾਂ ਦੌਰਾਨ ਸੰਪਰਦਾ ਦਲ ਬਾਬਾ ਬਿਧੀ ਚੰਦ ਜੀ ਦੇ ਮੁੱਖੀ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਯੋਗ ਅਗਵਾਈ ਵਿੱਚ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਸੰਪਰਦਾ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਲਗਾਏ ਗਏ ਲੰਗਰਾਂ ਨੇ ਸੰਗਤਾਂ ਦੇ ਦਿਲ ਜਿੱਤ ਲਏ। ਜ਼ਿਕਰ ਯੋਗ ਹੈ ਕਿ ਦਲ ਬਾਬਾ ਬਿਧੀ ਚੰਦ ਜੀ ਦੇ ਸੇਵਾਦਾਰਾਂ ਵੱਲੋਂ ਕੀਰਤਪੁਰ ਸਾਹਿਬ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਹਨਾਂ ਲੰਗਰਾਂ ਲਈ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ ਅਤੇ ਇਹਨਾਂ ਲੰਗਰਾਂ ਵਿੱਚ ਸਕੂਲੀ ਵਿਦਿਆਰਥੀਆਂ ਨੇ ਵੀ ਰੋਜਾਨਾ ਪ੍ਰਸ਼ਾਦਾ ਛਕਿਆ, ਇੱਥੇ ਚੱਲ ਰਹੀ ਨਿਰੰਤਰ ਸੇਵਾ ਨੇ ਸਿੱਖੀ ਦੇ ਉੱਚੇ ਆਦਰਸ਼ਾਂ ਨੂੰ ਜੀਵੰਤ ਕੀਤਾ ਅਤੇ ਸੇਵਾਦਾਰਾਂ ਦੀ ਲਗਨ ਸਪੱਸ਼ਟ ਤੌਰ ‘ਤੇ ਨਜ਼ਰ ਆਈ। ਸੰਤ ਭੂਰੀ ਵਾਲਿਆਂ ਨੇ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਵਿਖੇ ਲਗਾਇਆ ਲੰਗਰ ਬਿਬਾਣਗੜ੍ਹ ਸਾਹਿਬ ਵਿਖੇ ਸੰਤ ਭੂਰੀ ਵਾਲਿਆਂ ਵੱਲੋਂ ਲਗਾਏ ਗਏ ਲੰਗਰਾਂ ਦੀ ਵੀ ਹਰ ਪਾਸੇ ਚਰਚਾ ਰਹੀ। ਇੱਥੇ ਸੇਵਾਦਾਰਾਂ ਵੱਲੋਂ ਬੜੀ ਨਿਮਰਤਾ ਅਤੇ ਪ੍ਰੇਮ ਨਾਲ ਕੀਤੀ ਗਈ ਸੇਵਾ ਨੇ ਸੰਗਤਾਂ ਨੂੰ ਆਤਮਿਕ ਤੌਰ ‘ਤੇ ਪ੍ਰਸੰਨ ਕੀਤਾ। ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਬਾਬਾ ਗੁਰਦਿੱਤਾ ਜੀ ਵਿਖੇ ਲਗਾਏ ਗਏ ਲੰਗਰ ਸ਼ਤਾਬਦੀ ਸਮਾਗਮਾਂ ਦੌਰਾਨ ਬਾਬਾ ਗੁਰਦਿੱਤਾ ਜੀ ਵਿਖੇ ਸਰਾਂ ਦੀ ਸੇਵਾ ਕਰ ਰਹੇ ਕਾਰ ਸੇਵਾ ਦਿੱਲੀ ਵਾਲੇ ਬਾਬਿਆਂ ਵੱਲੋਂ ਵੀ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਸਾਹਿਬ ਵਿਖੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਛਕਿਆ, ਕੀਰਤਪੁਰ ਸਾਹਿਬ ਵਿਖੇ ਪਹਿਲੀ ਵਾਰ ਨਿਹੰਗ ਸਿੰਘਾਂ ਵੱਲੋਂ ਕੱਢੇ ਗਏ ਮਹੱਲੇ ਦੀ ਚਰਚਾ ਚਾਰ ਚੁਫੇਰੇ ਸ਼ਤਾਬਦੀ ਸਮਾਗਮਾਂ ਦੀ ਸਮਾਪਤੀ ਉਪਰੰਤ ਸੰਪਰਦਾ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਮਹੱਲਾ ਕੱਢਿਆ ਗਿਆ ਅਤੇ ਇਸ ਮਹੱਲੇ ਦੌਰਾਨ ਕਰਵਾਈਆਂ ਗਈਆਂ ਘੋੜ ਦੌੜਾਂ, ਨੇਜੇਬਾਜੀ ਅਤੇ ਗੱਤਕਾ ਸਭ ਤੋਂ ਵੱਡੇ ਖਿੱਚ ਦੇ ਕੇਂਦਰ ਬਣੇ । ਦਲ ਬਾਬਾ ਬਿਧੀ ਚੰਦ ਜੀ ਦੇ ਨਿਹੰਗ ਸਿੰਘਾਂ ਅਤੇ ਘੋੜਸਵਾਰਾਂ ਨੇ ਆਪਣੀ ਦਲੇਰੀ, ਫੁਰਤੀ ਅਤੇ ਰਵਾਇਤੀ ਕਲਾ ਦਾ ਪ੍ਰਦਰਸ਼ਨ ਕਰਕੇ ਸੰਗਤਾਂ ਨੂੰ ਮੋਹ ਲਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਪਹਿਲੀ ਵਾਰ ਨਿਹੰਗ ਸਿੰਘਾਂ ਵੱਲੋਂ ਘੋੜ ਦੌੜ ਨੇਜੇਬਾਜੀ ਅਤੇ ਜੰਗਜੂ ਕਰਤੱਬ ਦਿਖਾਏ ਗਏ ਹਨ, ਸਮਾਗਮ ਬਣੇ ਧਾਰਮਿਕ ਏਕਤਾ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਇਨ੍ਹਾਂ ਸਮਾਗਮਾਂ ਨੇ ਧਾਰਮਿਕ ਏਕਤਾ, ਸੇਵਾ ਭਾਵਨਾ ਅਤੇ ਆਪਸੀ ਸਾਂਝ ਦਾ ਸੁਨੇਹਾ ਦਿੱਤਾ। ਹਰ ਵਰਗ ਦੇ ਲੋਕਾਂ ਨੇ ਇਕੱਠੇ ਹੋ ਕੇ ਸੇਵਾ ਅਤੇ ਸਿਮਰਨ ਵਿੱਚ ਹਿੱਸਾ ਲਿਆ, ਜੋ ਸਿੱਖੀ ਦੀ ਮਹਾਨ ਪਰੰਪਰਾ ਨੂੰ ਦਰਸਾਉਂਦਾ ਹੈ। ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸ ਵਿੱਚ ਯਾਦਗਾਰ ਰਹਿਣਗੇ ਇਹ ਸ਼ਤਾਬਦੀ ਸਮਾਗਮ ਇਹ 400 ਸਾਲਾ ਸ਼ਤਾਬਦੀ ਸਮਾਗਮ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸ ਵਿੱਚ ਸਦਾ ਲਈ ਯਾਦਗਾਰ ਰਹਿਣਗੇ। ਇਨ੍ਹਾਂ ਨੇ ਨਾ ਸਿਰਫ ਧਾਰਮਿਕ ਮਾਹੌਲ ਨੂੰ ਮਜ਼ਬੂਤ ਕੀਤਾ ਹੈ, ਸਗੋਂ ਸੰਗਤਾਂ ਵਿੱਚ ਸੇਵਾ ਅਤੇ ਏਕਤਾ ਦੀ ਭਾਵਨਾ ਨੂੰ ਵੀ ਹੋਰ ਮਜ਼ਬੂਤ ਬਣਾਇਆ ਹੈ। ਕੈਪਸ਼ਨ: ਸ਼ਤਾਬਦੀ ਸਮਾਗਮਾਂ ਦੌਰਾਨ ਕਾਰ ਸੇਵਾ ਵਾਲਿਆਂ ਦੇ ਲੰਗਰ ਵਿੱਚ ਬੈਠੇ ਸੰਤ ਮਹਾਂਪੁਰਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮਾਂ ਦੇ ਸੰਬੰਧ ਵਿੱਚ ਲਗਾਏ ਗਏ ਟੈਂਟ ਅਤੇ ਗੁਰਦੁਆਰਾ ਸਾਹਿਬ ਦੀ ਕੀਤੀ ਗਈ ਦੀਪਮਾਲਾ