ਸਾਹਲੋਂ ’ਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ
ਸਾਹਲੋਂ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ
Publish Date: Thu, 07 May 2026 03:53 PM (IST)
Updated Date: Fri, 08 May 2026 04:03 AM (IST)

07ਐਨਐਸਆਰ10ਪੀ ਸਾਹਲੋਂ ਵਿਖੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਦੇ ਪ੍ਰਬੰਧਕ ਅਤੇ ਮਾਹਿਰ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ ਔੜ : ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਵੱਲੋਂ ਦੁਆਬਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਾਹਲੋਂ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ, ਜਿਸ ਦੀ ਪ੍ਰਧਾਨਗੀ ਪ੍ਰਿੰ. ਮਨਦੀਪ ਸਿੰਘ ਨੇ ਕੀਤੀ। ਕੈਂਪ ਦੌਰਾਨ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਰੈੱਡ ਕਰਾਸ ਸੰਸਥਾ ਮਨੁੱਖੀ ਜੀਵਨ ਨੂੰ ਬਚਾਉਣ ਲਈ ਸਮਾਜਿਕ ਭਲਾਈ ਦੇ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਨਾਲ ਪੀੜਤ ਲੋਕਾਂ ਦਾ ਇਲਾਜ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰਾਂ ਅਤੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਦੱਸਿਆ ਕਿ ਛੋਟੇ ਬੱਚੇ ਸਕੂਲ ’ਚ ਪੜ੍ਹਦੇ ਹੀ ਨਸ਼ੇ ਦੀ ਲਪੇਟ ’ਚ ਆ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਪੀਲੀਆ, ਐੱਚਆਈ ਵਰਗੀਆਂ ਭਿਆਨਕ ਬਿਮਾਰੀਆਂ ਲਗਦੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਾ ਇਕ ਅਜਿਹੀ ਚੀਜ ਹੈ। ਜੋ ਤੁਹਾਡੇ ਤੇ ਪਰਿਵਾਰ ਲਈ ਜ਼ਹਿਰ ਬਣ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਆਪਣੇ ਅਧਿਆਪਕਾਂ ਤੇ ਆਪਣੇ ਮਾਤਾ-ਪਿਤਾ ਨਾਲ ਗੱਲ ਕਰੋ। ਅੰਤ ’ਚ ਸਾਰਿਆਂ ਨੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ੇ ਤੋਂ ਦੂਰ ਰਹਿਣ ਲਈ ਪ੍ਰਣ ਲਿਆ। ਕੈਂਪ ਦੌਰਾਨ ਵਿਜੇ ਕੁਮਾਰ ਤੇ ਕਮਲਜੀਤ ਕੌਰ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ’ਚ ਇਲਾਜ ਕਰਵਾ ਸਕਦਾ ਹੈ। ਪ੍ਰਿੰ. ਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਦਿਆਂ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ। ਸਕੂਲ ਵੱਲੋਂ ਰੈੱਡ ਕਰਾਸ ਟੀਮ ਦਾ ਸਨਮਾਨ ਕੀਤਾ। ਇਸ ਮੌਕੇ ਕਮਲਜੀਤ ਕੌਰ ਕੌਂਸਲਰ, ਗੁਰਬਖਸ਼ ਕੌਰ ਸੋਢੀ ਸਕੱਤਰ ਸਕੂਲ, ਅਲੀਸ਼ਾ ਸਰੀਨ, ਆਰਤੀ ਦੇਵੀ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਤੇ ਵਿਦਿਆਰਥੀ ਹਾਜ਼ਰ ਸਨ।