ਬਾਲ ਮਜ਼ਦੂਰੀ ਰੋਕਣ ਦੇ ਨਾਲ ਵਿਕਲਪ ਵੀ ਜ਼ਰੂਰੀ
ਬਾਲ ਮਜ਼ਦੂਰੀ ਰੋਕਣ ਦੇ ਨਾਲ ਵਿਕਲਪ ਵੀ ਜ਼ਰੂਰੀ
Publish Date: Sun, 31 May 2026 04:51 PM (IST)
Updated Date: Mon, 01 Jun 2026 04:05 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਅੱਜ ਅੰਤਰਰਾਸ਼ਟਰੀ ਬਾਲ ਦਿਵਸ ਬੱਚਿਆਂ ਦੇ ਅਧਿਕਾਰਾਂ, ਸਿੱਖਿਆ, ਸੁਰੱਖਿਆ ਅਤੇ ਬਿਹਤਰ ਭਵਿੱਖ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਮੌਕਾ ਹੈ। ਭਾਵੇਂ ਕਾਨੂੰਨੀ ਤੌਰ ਤੇ ਬਾਲ ਮਜ਼ਦੂਰੀ ਤੇ ਰੋਕ ਹੈ ਅਤੇ ਸਰਕਾਰਾਂ ਵੱਲੋਂ ਬੱਚਿਆਂ ਨੂੰ ਦੁਕਾਨਾਂ, ਕਾਰਖਾਨਿਆਂ ਤੇ ਹੋਰ ਥਾਵਾਂ ਤੇ ਕੰਮ ਕਰਨ ਤੋਂ ਰੋਕਣ ਲਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਪਰ ਇਸ ਮੁੱਦੇ ਦਾ ਇੱਕ ਹੋਰ ਪੱਖ ਵੀ ਹੈ ਜਿਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਕਈ ਗਰੀਬ ਪਰਿਵਾਰਾਂ ਦੀ ਆਰਥਿਕ ਹਾਲਤ ਅਜਿਹੀ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਕਮਾਈ ਤੇ ਵੀ ਨਿਰਭਰ ਹੁੰਦੇ ਹਨ। ਅਜਿਹੇ ਵਿੱਚ ਜੇ ਬੱਚਿਆਂ ਨੂੰ ਕੰਮ ਤੋਂ ਤਾਂ ਰੋਕ ਦਿੱਤਾ ਜਾਵੇ, ਪਰ ਪਰਿਵਾਰ ਲਈ ਕੋਈ ਬਦਲਵਾਂ ਪ੍ਰਬੰਧ ਨਾ ਕੀਤਾ ਜਾਵੇ ਤਾਂ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਸਰਕਾਰੀ ਹਾਈ ਸਕੂਲ ਮਟੋਰ ਦੇ ਮੁੱਖ ਅਧਿਆਪਕ ਗੁਰ ਜਤਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਹਰ ਬੱਚੇ ਦਾ ਪਹਿਲਾ ਅਧਿਕਾਰ ਸਿੱਖਿਆ ਹੈ ਅਤੇ ਬੱਚਿਆਂ ਨੂੰ ਮਜ਼ਦੂਰੀ ਦੀ ਥਾਂ ਸਕੂਲਾਂ ਵਿੱਚ ਹੋਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਬਾਲ ਮਜ਼ਦੂਰੀ ਰੋਕਣਾ ਸਮੇਂ ਦੀ ਲੋੜ ਹੈ, ਪਰ ਇਸ ਦੇ ਨਾਲ ਗਰੀਬ ਪਰਿਵਾਰਾਂ ਦੀਆਂ ਆਰਥਿਕ ਮੁਸ਼ਕਲਾਂ ਨੂੰ ਵੀ ਸਮਝਣਾ ਪਵੇਗਾ। ਜੇ ਕਿਸੇ ਪਰਿਵਾਰ ਦੀ ਆਮਦਨ ਦਾ ਇੱਕ ਮਹੱਤਵਪੂਰਨ ਹਿੱਸਾ ਬੱਚੇ ਦੀ ਕਮਾਈ ਨਾਲ ਜੁੜਿਆ ਹੋਵੇ ਅਤੇ ਅਚਾਨਕ ਉਹ ਸਰੋਤ ਬੰਦ ਹੋ ਜਾਵੇ ਤਾਂ ਪਰਿਵਾਰ ਹੋਰ ਸੰਕਟ ਵਿੱਚ ਫਸ ਸਕਦਾ ਹੈ। ਇਸ ਲਈ ਸਰਕਾਰ ਨੂੰ ਅਜਿਹੇ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਲਈ ਵਿਸ਼ੇਸ਼ ਸਹਾਇਤਾ ਯੋਜਨਾਵਾਂ ਲਾਗੂ ਕਰਣੀਆਂ ਚਾਹੀਦੀਆਂ ਹਨ ਤਾਂ ਜੋ ਬੱਚੇ ਸਿੱਖਿਆ ਨਾਲ ਜੁੜੇ ਰਹਿਣ ਅਤੇ ਪਰਿਵਾਰ ਦੀਆਂ ਲੋੜਾਂ ਵੀ ਪੂਰੀਆਂ ਹੋ ਸਕਣ। ਐੱਸਜੀਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਅਨੁਸਾਰ ਬਾਲ ਮਜ਼ਦੂਰੀ ਸਮਾਜ ਦੀ ਆਰਥਿਕ ਅਸਮਾਨਤਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕਾਨੂੰਨ ਬਣਾ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ। ਜਦੋਂ ਕਿਸੇ ਬੱਚੇ ਨੂੰ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਉਸ ਨੂੰ ਸਿੱਖਿਆ, ਹੁਨਰ ਵਿਕਾਸ ਅਤੇ ਮਾਰਗਦਰਸ਼ਨ ਨਾਲ ਜੋੜਨਾ ਵੀ ਉਤਨਾ ਹੀ ਜ਼ਰੂਰੀ ਹੈ। ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਸਕੂਲ ਛੱਡ ਚੁੱਕੇ ਬੱਚੇ ਨਾ ਤਾਂ ਪੜ੍ਹਾਈ ਵੱਲ ਮੁੜਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਰੁਜ਼ਗਾਰਮੁਖੀ ਸਿਖਲਾਈ ਹੁੰਦੀ ਹੈ। ਅਜਿਹੇ ਬੱਚਿਆਂ ਦੇ ਗਲਤ ਸੰਗਤ ਜਾਂ ਨਸ਼ਿਆਂ ਵੱਲ ਜਾਣ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਵਿਹਾਰਕ ਹੁਨਰਾਂ ਦੀ ਸਿਖਲਾਈ ਵੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਬੱਚੇ ਆਪਣੇ ਭਵਿੱਖ ਨੂੰ ਸਹੀ ਦਿਸ਼ਾ ਦੇ ਸਕਣ। ਸਮਾਜ ਸੇਵੀ ਜਤਿੰਦਰ ਸਿੰਘ ਪ੍ਰਿੰਕਾ ਦਾ ਮੰਨਣਾ ਹੈ ਕਿ ਬਾਲ ਮਜ਼ਦੂਰੀ ਰੋਕਣ ਦੇ ਉਦੇਸ਼ ਤੇ ਕੋਈ ਸਵਾਲ ਨਹੀਂ ਹੈ ਪਰ ਇਸ ਦੇ ਲਾਗੂ ਕਰਨ ਦੇ ਢੰਗ ਬਾਰੇ ਵਿਚਾਰ ਕਰਨ ਦੀ ਲੋੜ ਹੈ। ਉਹ ਕਹਿੰਦੇ ਹਨ ਕਿ ਬਹੁਤ ਸਾਰੇ ਪਰਿਵਾਰ ਦਿਹਾੜੀ ਤੇ ਨਿਰਭਰ ਹਨ ਅਤੇ ਘਰ ਦੀ ਆਰਥਿਕਤਾ ਪਹਿਲਾਂ ਹੀ ਕਮਜ਼ੋਰ ਹੁੰਦੀ ਹੈ। ਅਜਿਹੇ ਪਰਿਵਾਰਾਂ ਦੇ ਬੱਚੇ ਜਦੋਂ ਛੋਟੇ-ਮੋਟੇ ਕੰਮ ਕਰਦੇ ਹਨ ਤਾਂ ਉਸ ਨਾਲ ਘਰ ਦਾ ਚੁੱਲ੍ਹਾ ਬਲਦਾ ਹੈ। ਜੇ ਉਨ੍ਹਾਂ ਨੂੰ ਕੰਮ ਤੋਂ ਰੋਕਿਆ ਜਾਂਦਾ ਹੈ ਤਾਂ ਸਰਕਾਰ ਨੂੰ ਪਰਿਵਾਰਾਂ ਲਈ ਵਿੱਤੀ ਸਹਾਇਤਾ, ਵਜ਼ੀਫ਼ੇ ਜਾਂ ਹੋਰ ਰਾਹਤ ਯੋਜਨਾਵਾਂ ਲਿਆਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਨੂੰ ਮਿਲ ਕੇ ਅਜਿਹੇ ਬੱਚਿਆਂ ਨੂੰ ਸਿੱਖਿਆ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਹ ਗਲਤ ਰਾਹਾਂ ਵੱਲ ਨਾ ਜਾਣ। ਤਿੰਨਾਂ ਵਿਅਕਤੀਆਂ ਨੇ ਇਕਸੁਰ ਵਿੱਚ ਕਿਹਾ ਕਿ ਬਾਲ ਮਜ਼ਦੂਰੀ ਦਾ ਖ਼ਾਤਮਾ ਜ਼ਰੂਰੀ ਹੈ ਪਰ ਇਸ ਦੇ ਨਾਲ ਗਰੀਬ ਪਰਿਵਾਰਾਂ ਲਈ ਮਜ਼ਬੂਤ ਬਦਲਵਾਂ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਸਿਰਫ਼ ਪਾਬੰਦੀ ਲਗਾ ਦੇਣਾ ਹੀ ਕਾਫ਼ੀ ਨਹੀਂ, ਸਗੋਂ ਬੱਚਿਆਂ ਨੂੰ ਸਿੱਖਿਆ, ਹੁਨਰ, ਮਾਰਗਦਰਸ਼ਨ ਅਤੇ ਪਰਿਵਾਰਾਂ ਨੂੰ ਆਰਥਿਕ ਸਹਾਰਾ ਦੇਣਾ ਵੀ ਲਾਜ਼ਮੀ ਹੈ। ਅੰਤਰਰਾਸ਼ਟਰੀ ਬਾਲ ਦਿਵਸ ਮੌਕੇ ਇਹ ਸੰਕਲਪ ਲੈਣ ਦੀ ਲੋੜ ਹੈ ਕਿ ਹਰ ਬੱਚੇ ਨੂੰ ਸੁਰੱਖਿਅਤ ਬਚਪਨ, ਚੰਗੀ ਸਿੱਖਿਆ ਅਤੇ ਉਜਲਾ ਭਵਿੱਖ ਮਿਲੇ, ਤਾਂ ਜੋ ਕੋਈ ਵੀ ਬੱਚਾ ਮਜ਼ਬੂਰੀ ਵੱਸ ਮਜ਼ਦੂਰੀ ਕਰਨ ਲਈ ਮਜਬੂਰ ਨਾ ਹੋਵੇ।