ਦੋ ਸਾਲਾਂ ਤੋਂ ਲਟਕਿਆ ਐਲਗਰਾ ਪੁਲ਼, ਹਜ਼ਾਰਾਂ ਲੋਕ ਪਰੇਸ਼ਾਨ
ਦੋ ਸਾਲਾਂ ਤੋਂ ਲਟਕਿਆ ਐਲਗਰਾ ਪੁੱਲ, ਹਜ਼ਾਰਾਂ ਲੋਕ ਪਰੇਸ਼ਾਨ
Publish Date: Sun, 10 May 2026 05:55 PM (IST)
Updated Date: Mon, 11 May 2026 04:06 AM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਕਰੀਬ ਦੋ ਸਾਲਾਂ ਤੋਂ ਅਧੂਰੇ ਪਏ ਐਲਗਰਾ ਪੁੱਲ ਕਾਰਨ ਇਲਾਕੇ ਦੇ ਹਜ਼ਾਰਾਂ ਲੋਕ ਰੋਜ਼ਾਨਾ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਹੁਣ ਅਧੂਰੇ ਪੁੱਲ ਤੋਂ ਪਹਿਲਾਂ ਲੱਗੀਆਂ ਰੋਕਾਂ ਹਟਾ ਕੇ ਅਪਰੋਚ ਰੋਡ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਇਸ ਪੂਰੀ ਕਾਰਵਾਈ ਨੂੰ “ਹਾਸੋਹੀਣਾ ਵਿਕਾਸ” ਕਰਾਰ ਦਿੰਦਿਆਂ ਕਿਹਾ ਕਿ ਇਹ ਆਮ ਲੋਕਾਂ ਦੀ ਬਜਾਏ ਮਾਈਨਿੰਗ ਜੋਨ ਨੂੰ ਫਾਇਦਾ ਪਹੁੰਚਾਉਣ ਵਾਲਾ ਕਦਮ ਲੱਗਦਾ ਹੈ।ਗੌਰਵ ਰਾਣਾ ਨੇ ਕਿਹਾ ਕਿ ਅਸਲ ਵਿਕਾਸ ਉਹ ਹੁੰਦਾ ਹੈ, ਜੋ ਸਹੀ ਮਾਇਨੇ ਵਿੱਚ ਲੋਕਾਂ ਦੇ ਕੰਮ ਆਵੇ, ਨਾ ਕਿ ਮਾਈਨਿੰਗ ਮਾਫੀਆ ਦੀ ਸਹੂਲਤ ਲਈ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਲਮਾਂ ਤੋਂ ਲੈ ਕੇ ਐਲਗਰਾ ਪੁੱਲ ਤੱਕ ਜਿਹੜੀ ਸੜਕ ਦਾ ਨਿਰਮਾਣ ਕਾਹਲੀ-ਕਾਹਲੀ ਵਿੱਚ ਕੀਤਾ ਜਾ ਰਿਹਾ ਹੈ, ਉਹ ਆਪਣੇ ਆਪ ਵਿੱਚ ਕਈ ਵੱਡੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੁੱਲ ਦਾ ਉਹ ਹਿੱਸਾ, ਜੋ ਪਹਿਲਾਂ ਧੱਸ ਗਿਆ ਸੀ, ਉਸ ਦੇ ਖੂਹਾਂ ਦਾ ਨਿਰਮਾਣ ਅਜੇ ਵੀ ਜਾਰੀ ਹੈ ਅਤੇ ਉੱਪਰ ਸਲੈਬ ਪੈਣੀ ਬਾਕੀ ਹੈ। ਅਜਿਹੀ ਸਥਿਤੀ ਵਿੱਚ ਪੁੱਲ ਵਾਲੇ ਪਾਸੇ ਜਾਣ ਤੋਂ ਲੋਕਾਂ ਨੂੰ ਰੋਕਣ ਲਈ ਲੱਗੀਆਂ ਰੋਕਾਂ ਹਟਾ ਕੇ ਅੱਗੇ ਤੱਕ ਸੜਕ ਦੀ ਪਟਾਈ ਕਰਨਾ ਬੇਹੱਦ ਖ਼ਤਰਨਾਕ ਅਤੇ ਗੈਰ-ਜ਼ਿੰਮੇਵਾਰਾਨਾ ਕਦਮ ਹੈ। ਰਾਣਾ ਨੇ ਕਿਹਾ ਕਿ ਭਾਵੇਂ ਵਿਭਾਗ ਵੱਲੋਂ ਅੱਗੇ ਜਾ ਕੇ ਛੋਟੀਆਂ ਰੋਕਾਂ ਲਗਾਈਆਂ ਗਈਆਂ ਹਨ, ਪਰ ਰਾਤ ਦੇ ਸਮੇਂ ਅਣਜਾਣ ਲੋਕ ਗਲਤੀ ਨਾਲ ਕਾਫੀ ਅੱਗੇ ਤੱਕ ਪੁੱਲ ਵਾਲੇ ਪਾਸੇ ਚਲੇ ਜਾ ਸਕਦੇ ਹਨ। ਇਹ ਇਲਾਕਾ ਸੁਣਸਾਨ ਵੀ ਹੈ, ਜਿਸ ਕਾਰਨ ਅਜਿਹੀ ਸਥਿਤੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਸਵਾਂ ਨਦੀ ਵਿੱਚੋਂ ਲੰਘਣ ਤੋਂ ਆਮ ਲੋਕ ਪਹਿਲਾਂ ਹੀ ਡਰਦੇ ਹਨ, ਕਿਉਂਕਿ ਉੱਥੇ ਮਾਈਨਿੰਗ ਗਤਿਵਿਧੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਹੁਣ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਸੜਕ ਆਮ ਜਨਤਾ ਦੀ ਸਹੂਲਤ ਲਈ ਬਣਾਈ ਜਾ ਰਹੀ ਹੈ ਜਾਂ ਮਾਈਨਿੰਗ ਮਟੀਰੀਅਲ ਢੋਣ ਵਾਲੇ ਭਾਰੀ ਟਿੱਪਰਾਂ ਲਈ। ਰਾਣਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਪੁੱਲ ਦਾ ਨਿਰਮਾਣ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਹਜ਼ਾਰਾਂ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਮਿਲ ਸਕੇ। ਉਸ ਤੋਂ ਬਾਅਦ ਹੀ ਸੜਕ ਦਾ ਨਿਰਮਾਣ ਹੋਣਾ ਚਾਹੀਦਾ ਹੈ। ਉਹਨਾਂ ਇਹ ਵੀ ਚਿੰਤਾ ਜਤਾਈ ਕਿ ਜਦੋਂ ਤੱਕ ਪੁੱਲ ਤਿਆਰ ਹੋਵੇਗਾ, ਉਦੋਂ ਤੱਕ ਭਾਰੀ ਟਿੱਪਰਾਂ ਦੀ ਆਵਾਜਾਈ ਕਾਰਨ ਇਹ ਨਵੀਂ ਸੜਕ ਮੁੜ ਟੁੱਟ-ਫੁੱਟ ਦਾ ਸ਼ਿਕਾਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਰਸਤੇ ਤੋਂ 50 ਟਨ ਤੋਂ ਲੈ ਕੇ 100 ਟਨ ਤੱਕ ਭਾਰ ਵਾਲੇ ਟਿੱਪਰ ਲੰਘਦੇ ਹਨ ਤੇ ਜੇਕਰ ਪਹਿਲਾਂ ਹੀ ਸੜਕ ਉੱਤੇ ਇਹ ਭਾਰੀ ਲੋਡ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ’ਚ ਮੁੜ ਸਰਕਾਰੀ ਪੈਸੇ ਦੀ ਬਰਬਾਦੀ ਹੋਵੇਗੀ।