ਜਲਦੀ ਮੰਡੀਆਂ ਬੰਦ ਕਰਨ ਦੀ ਕੁੱਲ ਹਿੰਦ ਕਿਸਾਨ ਸਭਾ ਨੇ ਕੀਤੀ ਨਿਖੇਧੀ
ਜਲਦੀ ਮੰਡੀਆਂ ਬੰਦ ਕਰਨ ਦੀ ਕੁੱਲ ਹਿੰਦ ਕਿਸਾਨ ਸਭਾ ਨੇ ਕੀਤੀ ਨਿਖੇਧੀ
Publish Date: Sun, 03 May 2026 06:08 PM (IST)
Updated Date: Sun, 03 May 2026 06:11 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਪੰਜਾਬ ਸਰਕਾਰ ਵੱਲੋਂ ਇਸ ਵਾਰ ਅਨਾਜ ਮੰਡੀਆਂ ਜਲਦੀ ਬੰਦ ਕਰਨ ਦੀ ਕੁੱਲ ਹਿੰਦ ਕਿਸਾਨ ਸਭਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਅਜੇ ਵੱਡੇ ਪੱਧਰ ’ਤੇ ਕਣਕ ਮੰਡੀ ਵਿੱਚ ਆ ਰਹੀ ਹੈ ਅਤੇ ਮੰਡੀਆਂ ਘੱਟੋ ਘੱਟ 15 ਮਈ ਤੱਕ ਖੋਲੀਆਂ ਜਾਣ। ਜਾਣਕਾਰੀ ਦਿੰਦੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਪ੍ਰਧਾਨ ਗਿਆਨੀ ਰਾਮ ਪਾਲ ਸਿੰਘ ਭਲਾਣ, ਮਾਸਟਰ ਪਰਮਿੰਦਰ ਸਿੰਘ ਬੇਲਾ, ਓਮੀ ਸੈਣੀ, ਕੁਲਦੀਪ ਸਿੰਘ ਕੁਲਗਰਾ ਨੇ ਕਿਹਾ ਰੋਪੜ ਜ਼ਿਲ੍ਹੇ ਨਾਲ ਸਬੰਧਿਤ ਸਾਰੀਆਂ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਕਣਕ ਦੀ ਕਟਾਈ ਅਜੇ ਵੱਡੇ ਪੱਧਰ ’ਤੇ ਇਲਾਕੇ ਵਿੱਚ ਰਹਿੰਦੀ ਹੈ। ਖਾਸ ਕਰ ਕੇ ਬੂਟਿਆਂ ਦੇ ਖੇਤਾਂ ਵਿੱਚ ਕਣਕ ਦੀ ਫ਼ਸਲ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਪਹਿਲਾਂ ਹੀ ਲੇਟ ਸ਼ੁਰੂ ਕੀਤੀਆਂ ਗਈਆਂ ਅਤੇ ਜਲਦੀ ਬੰਦ ਕਰ ਦਿੱਤੀਆਂ। ਕੁਦਰਤੀ ਮੌਸਮ ਦੀ ਖਰਾਬੀ ਕਾਰਨ ਕਣਕ ਦੀ ਵਢਾਈ ਮੁਕੰਮਲ ਨਹੀਂ ਹੋ ਸਕੀ। ਕਿਸਾਨਾਂ ਦੇ ਅਜੇ ਕੰਮ ਮੁੱਕੇ ਨਹੀਂ, ਉਨ੍ਹਾਂ ਕਿਹਾ ਕਿ ਲੇਬਰ ਦੀ ਘਾਟ ਕਰ ਕੇ ਇਲਾਕੇ ਵਿੱਚ ਵੱਡੇ ਪੱਧਰ ’ਤੇ ਕਣਕ ਦੀ ਕਟਾਈ ਪਈ ਹੋਈ ਹੈ। ਛੇਤੀ ਮੰਡੀਆਂ ਬੰਦ ਕਰਨ ਨਾਲ ਜਿੱਥੇ ਸਰਕਾਰ ਨੂੰ ਚੂਨਾ ਲੱਗੇਗਾ, ਉੱਥੇ ਕਿਸਾਨਾਂ ਦੀ ਵੀ ਆਰਥਿਕ ਲੁੱਟ ਹੋਵੇਗੀ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ, ਖੇਤੀਬਾੜੀ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਅਜੇ ਅਨਾਜ ਮੰਡੀਆਂ ਕੁਝ ਦਿਨ ਹੋਰ ਚਾਲੂ ਰੱਖੀਆਂ ਜਾਣ ਤਾਂ ਜੋ ਕਿਸਾਨ ਆਪਣੀ ਫਸਲ ਮੰਡੀ ਵਿੱਚ ਵੇਚ ਸਕਣ। ਕਿਸਾਨ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕੁੱਲ ਹਿੰਦ ਕਿਸਾਨ ਸਭਾ ਦਾ ਸਾਥ ਦੇਣ ਅਤੇ ਕਿਸਾਨ ਸਭਾ ਦੇ ਮੈਂਬਰ ਬਣ ਕੇ, ਪਿੰਡ-ਪਿੰਡ ਯੂਨਿਟਾਂ ਦੀ ਸਥਾਪਨਾ ਕਰਨ ਤਾਂ ਜੋ ਸਰਕਾਰ ਨਾਲ ਸੰਘਰਸ਼ ਕਰ ਕੇ ਅਨਾਜ ਮੰਡੀਆਂ ਨੂੰ ਦੁਬਾਰਾ ਖੁਲਾਇਆ ਜਾ ਸਕੇ। ਇਸ ਮੌਕੇ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।