ਪੂਰੇ ਵਾਰਡਾਂ ’ਚ ਉਮੀਦਵਾਰ ਨਹੀਂ ਦੇ ਸਕੇ ਅਕਾਲੀ ਭਾਜਪਾ
ਪੂਰੇ ਵਾਰਡਾਂ ਵਿੱਚ ਉਮੀਦਵਾਰ ਨਹੀਂ ਦੇ ਸਕੇ ਅਕਾਲੀ ਭਾਜਪਾ
Publish Date: Sun, 17 May 2026 06:10 PM (IST)
Updated Date: Mon, 18 May 2026 04:09 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਗਰ ਕੌਂਸਲ ਚੋਣਾਂ ਵਿੱਚ ਪੂਰੇ ਵਾਰਡਾਂ ਲਈ ਆਪਣੇ ਉਮੀਦਵਾਰ ਵੀ ਖੜੇ ਨਹੀਂ ਕਰ ਸਕੇ। ਸ਼ਹਿਰ ਦੀ 13 ਵਾਰਡਾਂ ਵਾਲੀ ਨਗਰ ਕੌਂਸਲ ਚੋਣ ਵਿੱਚ ਦੋਵੇਂ ਪਾਰਟੀਆਂ ਨੂੰ ਰਲਾਕੇ ਵੀ ਪੂਰੇ ਵਾਰਡਾਂ ਲਈ ਉਮੀਦਵਾਰ ਨਹੀਂ ਮਿਲੇ। ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਕੇ ਚੋਣ ਪ੍ਰਚਾਰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਉੱਥੇ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਈ ਵਾਰਡ ਖਾਲੀ ਛੱਡੇ ਜਾਣ ਕਾਰਨ ਸਿਆਸੀ ਚਰਚਾਵਾਂ ਨੂੰ ਹੋਰ ਹਵਾ ਮਿਲ ਰਹੀ ਹੈ। ਲੋਕਾਂ ਵਿੱਚ ਇਹ ਗੱਲ ਆਮ ਤੌਰ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜਿਹੜੀਆਂ ਪਾਰਟੀਆਂ ਨਗਰ ਕੌਂਸਲ ਦੇ ਸਾਰੇ ਵਾਰਡਾਂ ’ਚ ਆਪਣੇ ਉਮੀਦਵਾਰ ਨਹੀਂ ਖੜੇ ਕਰ ਸਕੀਆਂ, ਉਹ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਿਵੇਂ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਵਲ ਸੱਤ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਅਕਾਲੀ ਦਲ ਨੇ ਵਾਰਡ ਨੰਬਰ 1 ਤੋਂ ਬਲਜੀਤ ਕੌਰ, ਵਾਰਡ ਨੰਬਰ 3 ਤੋਂ ਪ੍ਰਵੀਨ ਕੁਮਾਰੀ, ਵਾਰਡ ਨੰਬਰ 5 ਤੋਂ ਕੁਲਦੀਪ ਕੌਰ, ਵਾਰਡ ਨੰਬਰ 6 ਤੋਂ ਸਾਹਿਬ ਸਿੰਘ, ਵਾਰਡ ਨੰਬਰ 7 ਤੋਂ ਤਰਲੋਚਨ ਕੌਰ, ਵਾਰਡ ਨੰਬਰ 8 ਤੋਂ ਰਾਮ ਸਿੰਘ ਅਤੇ ਵਾਰਡ ਨੰਬਰ 13 ਤੋਂ ਸ਼ੀਲਾ ਕੌਰ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਕੇਵਲ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਇਨ੍ਹਾਂ ਵਿੱਚੋਂ ਵੀ ਦੋ ਉਮੀਦਵਾਰ ਇੱਕੋ ਵਾਰਡ ਨੰਬਰ 8 ਤੋਂ ਹਨ, ਜਿਨ੍ਹਾਂ ਵਿੱਚੋਂ ਇੱਕ ਕਵਰਿੰਗ ਉਮੀਦਵਾਰ ਵਜੋਂ ਦੱਸਿਆ ਜਾ ਰਿਹਾ ਹੈ। ਭਾਜਪਾ ਨੇ ਵਾਰਡ ਨੰਬਰ 8 ਤੋਂ ਜਸਪਾਲ ਸਿੰਘ ਅਤੇ ਸਿਮਰਨ, ਵਾਰਡ ਨੰਬਰ 9 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 10 ਤੋਂ ਸਤਵਿੰਦਰ ਸਿੰਘ ਅਤੇ ਵਾਰਡ ਨੰਬਰ 11 ਤੋਂ ਅੰਮ੍ਰਿਤ ਲਾਲ ਨੂੰ ਮੈਦਾਨ ਵਿੱਚ ਉਤਾਰਿਆ ਹੈ। ਭਾਵੇਂ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਹੈ ਪਰ ਅਕਾਲੀ ਦਲ ਅਤੇ ਭਾਜਪਾ ਵੱਲੋਂ ਅਜੇ ਤੱਕ ਉਹ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਜੋ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰਾਂ ’ਚ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਸਿਆਸੀ ਮਾਹੌਲ ’ਚ ਇਹ ਵੀ ਚਰਚਾ ਹੈ ਕਿ ਦੋਵੇਂ ਪਾਰਟੀਆਂ ਦੀ ਨਗਰ ਕੌਂਸਲ ਚੋਣਾਂ ’ਚ ਕਮਜ਼ੋਰ ਤਿਆਰੀ ਉਨ੍ਹਾਂ ਦੇ ਜਮੀਨੀ ਹਾਲਾਤਾਂ ਨੂੰ ਦਰਸਾਉਂਦੀ ਹੈ।