ਨਜਾਇਜ ਉਸਾਰੀ ਨੂੰ ਲੈ ਕੇ ਆਪ ਆਗੂ ਤੇ ਬੀਬੀਐੱਮਬੀ ਅਧਿਕਾਰੀ ਆਹਮੋ ਸਾਹਮਣੇ
ਕਥਿਤ ਨਜਾਇਜ ਉਸਾਰੀ ਨੂੂੰ ਲੈ ਕੇ ਆਪ ਆਗੂ ਅਤੇ ਬੀਬੀਐੱਮਬੀ ਅਧਿਕਾਰੀ ਆਹਮੋ ਸਾਹਮਣੇ
Publish Date: Sat, 23 May 2026 05:59 PM (IST)
Updated Date: Sat, 23 May 2026 06:01 PM (IST)

ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ ਨੰਗਲ : ਨੰਗਲ ਦੇ ਕਿਲਨ ਏਰੀਆ ਵਿੱਚ ਉਸ ਵੇਲੇ ਮਾਹੌਲ ਤਣਾਅ ਪੂਰਨ ਬਣ ਗਿਆ ਜਦੋਂ ਇੱਕ ਪਲਾਟ ਉਪਰ ਉਸਾਰੀ ਨੂੂੰ ਲੈ ਕੇ ਬੀਬੀਐੱਮਬੀ ਇਨਫੋਰਮੈਂਟ ਵਿੰਗ ਦੇ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਜਿਲ੍ਹਾਂ ਪ੍ਰਧਾਨ ਡਾ. ਸੰਜੀਵ ਗੌਤਮ ਵਿਚਾਲੇ ਤਿੱਖੀ ਬਹਿਸ ਹੋ ਗਈ। ਜਾਣਕਾਰੀ ਮੁਤਾਬਿਕ ਉਕਤ ਕਲੋਨੀ ਵਿੱਚ ਰਹਿਣ ਵਾਲੇ ਇੱਕ ਵਿਆਕਤੀ ਵਲੋਂ ਆਪਣੇ ਪੁਰਾਣੇ ਮਕਾਨ ਨੂੰ ਜੋ ਕਿ ਕਾਫੀ ਖਸਤਾ ਹਾਲਤ ਵਿੱਚ ਸੀ ਨੂੰ ਢਾਹ ਕੇ ਮੁੜ ਉੁਸਾਰੀ ਕੀਤੀ ਜਾ ਰਹੀ ਸੀ, ਜਿਸਦੀ ਭਿਣਕ ਪੈਂਦਿਆਂ ਹੀ ਬੀਬੀਐੱਮਬੀ ਦੇ ਅਧਿਕਾਰੀ ਦਲਵੀਰ ਸਿੰਘ ਪਾਬਲਾ ਜੂਨੀਅਰ ਇੰਜਨੀਅਰ ਆਪਣੇ ਮੁਲਾਜਮਾਂ ਦੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ । ਉਨ੍ਹਾਂ ਕਥਿਤ ਤੌਰ ’ਤੇ ਨਜਾਇਜ਼ ਕਬਜ਼ਾ ਕਰਨ ਵਾਲੇ ਪਰਿਵਾਰ ਨੂੰ ਉਸਾਰੀ ਕਰਨ ਤੋਂ ਰੋਕ ਦਿੱਤਾ । ਇਸ ਸੰਬੰਧੀ ਜਦੋਂ ਆਪ ਦੇ ਜਿਲ੍ਹਾਂ ਪ੍ਰਧਾਨ ਡਾ. ਸੰਜੀਵ ਗੌਤਮ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਬੀਬੀਐੱਮਬੀ ਅਧਿਕਾਰੀਆਂ ਨਾਲ ਤਿੱਖੀ ਬਹਿਸ ਕੀਤੀ ਅਤੇ ਇਸ ਉਸਾਰੀ ਨੂੰ ਸਹੀ ਕਰਾਰ ਦਿੱਤਾ ਅਤੇ ਆਖਿਆ ਕਿ ਵਿਭਾਗ ਦਾ ਇਸ ਜਗ੍ਹਾ ਨਾਲ ਕੋਈ ਲੈਣਾ ਦੇਣਾ ਨਹੀ ਹੈ, ਜਦੋਂ ਕਿ ਅਧਿਕਾਰੀਆਂ ਨੇ ਇਸ ਨੂੰ ਗੈਰ ਕਾਨੂੰਨੀ ਦੱਸਦਿਆਂ ਉਸਾਰੀ ਰੋਕਣ ਲਈ ਆਖਿਆ । ਇਸ ਮੌਕੇ ਲੋਕਾਂ ਦਾ ਵੱਡਾ ਇੱਕਠ ਹੋ ਗਿਆ ਅਤੇ ਸਥਿਤੀ ਤਣਾਅ ਪੂਰਨ ਬਣ ਗਈ । ਬਾਕਸ: ਕੀ ਕਹਿੰਦੇ ਹਨ ਡਾ. ਸੰਜੀਵ ਗੌਤਮ: ਇਸ ਆਪ ਆਂਗੂ ਡਾ. ਗੌਤਮ ਨੇ ਕਿਹਾ ਕਿ ਇਹ ਜ਼ਮੀਨ ਪੰਜਾਬ ਸਰਕਾਰ ਦੀ ਹੈ ਜਿਸ ਉੱਤੇ ਬੀਬੀਐੱਮਬੀ ਦਾ ਕੋਈ ਅਧਿਕਾਰ ਨਹੀ ਹੈ। ਮੇਰੇ ਵਲੋਂ ਅਧਿਕਾਰੀਆਂ ਨੂੰ ਖੁੱਲ੍ਹਾ ਚੈਲਿੰਜ ਕੀਤਾ ਗਿਆ, ਜੇਕਰ ਉਨ੍ਹਾਂ ਕੋਲ ਮਾਲਕੀ ਦੇ ਕਾਗਜ਼ਾਤ ਹਨ ਤਾ ਉਹ ਜਨਤਾ ਸਾਹਮਣੇ ਵਿਖਾਉਣ, ਪਰ ਅਧਿਕਾਰੀ ਅਸਮਰੱਥ ਰਹੇ । ਚੇਤਾਵਨੀ ਭਰੇ ਲਹਿਜ਼ੇ ਵਿੱਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਨਾਲ ਖੜ੍ਹੀ ਹੈ ਅਤੇ ਕਿਸੇ ਨਾਲ ਵੀ ਬੀਬੀਐੱਮਬੀ ਵਲੋਂ ਕੀਤੇ ਜਾਣ ਵਾਲਾ ਧੱਕਾ ਸਹਿਣ ਨਹੀ ਕੀਤਾ ਜਾਵੇਗਾ। ਬਾਕਸ: ਕੀ ਕਹਿੰਦੇ ਹਨ ਜੂਨੀਅਰ ਇੰਜਨੀਅਰ ਦਲਬੀਰ ਸਿੰਘ ਪਾਬਲਾ: ਬੀਬੀਐੱਮਬੀ ਦੇ ਜੂਨੀਅਰ ਇੰਜਨੀਅਰ ਦਲਬੀਰ ਸਿੰਘ ਪਾਬਲਾ ਨੇ ਕਿਹਾ ਕਿ ਇਹ ਜ਼ਮੀਨ ਬੀਬੀਐੱਮਬੀ ਵਿਭਾਗ ਦੀ ਹੈ ਜਿਸ ਉੱਪਰ ਨਜਾਇਜ਼ ਉਸਾਰੀ ਕੀਤੀ ਜਾ ਰਹੀ ਸੀ ਜਿਸਨੂੰ ਰੋਕਣ ਲਈ ਕਈ ਵਾਰ ਪਹਿਲਾਂ ਵੀ ਵਿਭਾਗ ਵਲੋਂ ਨੋਟਿਸ ਦੇ ਕੇ ਅਤੇ ਜਬਾਨੀ ਤੌਰ ’ਤੇ ਆਖਿਆ ਗਿਆ ਸੀ ,ਪਰ ਉਨ੍ਹਾਂ ਵਲੋਂ ਕੰਮ ਜਾਰੀ ਰੱਖਿਆ ਗਿਆ। ਅੱਜ ਉੁਹ ਸਮੇਤ ਫੋਰਸ ਇਸ ਜਗ੍ਹਾ ’ਤੇ ਪਹੁੰਚੇ ਸਨ, ਪਰ ਉੁਸਾਰੀ ਚੱਲ ਰਹੀ ਸੀ ,ਜਿਸਨੂੰ ਰੁਕਵਾੳਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ’ਤੇ ਲੋਕਾਂ ਦਾ ਇੱਕਠ ਹੋ ਗਿਆ ਅਤੇ ਆਪ ਆਗੂ ਡਾ. ਸੰਜੀਵ ਗੌਤਮ ਉਨ੍ਹਾਂ ਦੀ ਅਗਵਾਈ ਕਰਨ ਲੱਗੇ ਅਤੇ ਕਾਫੀ ਤਲਖਕਲਾਮੀ ਹੋਈ । ਉਨ੍ਹਾਂ ਕਿਹਾ ਕਿ ਵਿਭਾਗ ਦੀ ਜ਼ਮੀਨ ਉੱਪਰ ਕਿਸੇ ਨੂੰ ਵੀ ਕਬਜ਼ਾ ਨਹੀ ਕਰਨ ਦਿੱਤਾ ਜਾਵੇਗਾ।