ਨਵਾਂਸ਼ਹਿਰ ਦੀ ਖਸਤਾਹਾਲ ਸੜਕਾਂ ਖੋਲ੍ਹ ਰਹੀ ਆਪ ਸਰਕਾਰ ਤੇ ਪ੍ਰਸ਼ਾਸਨ ਦੀ ਪੋਲ

-ਵਿਧਾਇਕ ਨਛੱਤਰ ਪਾਲ ਤੇ ਸਾਬਕਾ ਵਿਧਾਇਕ ਅੰਗਦ ਸਿੰਘ ਦੇ ਘਰਾਂ ਵੱਲ ਜਾਂਦੀਆਂ ਸੜਕਾਂ ਦਾ ਮੰਦਾ ਹਾਲ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਭਾਵੇਂ ਪੰਜਾਬ ਦੀ ਆਪ ਸਰਕਾਰ ਵੱਲੋਂ ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲਾ ਸੂਬੇ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਪਰ ਅੱਜ ਪੌਣੇ ਪੰਜ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਜ਼ਿਲ੍ਹੇ ਦੀਆਂ ਖਸਤਾਹਾਲ ਸੜਕਾਂ ਜਿਵੇਂ ਨਵਾਂਸ਼ਹਿਰ-ਸਲੋਹ ਰੋਡ, ਨਵਾਂਸ਼ਹਿਰ ਤੋਂ ਰਾਹੋਂ ਰੋਡ, ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਤੋਂ ਔੜ ਵਾਇਆ ਕਰਿਆਮ ਰੋਡ ਦੀ ਖਸਤਾਹਾਲਤ ਸਰਕਾਰ ਦੀ ਕਾਰਗੁਜਾਰੀ ਤੇ ਸਵਾਲਿਆ ਨਿਸ਼ਾਨ ਲਗਾ ਰਹੀ ਹੈ। ਨਵਾਂਸ਼ਹਿਰ ਤੋਂ ਸਲੋਹ ਰੋਡ ਦੀ ਜੇਕਰ ਗੱਲ ਕਰੀਏ ਤਾਂ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਇਸ ਦਾ ਐਸਟੀਮੇਟ ਅਤੇ ਟੈਂਡਰ ਕਰਵਾ ਕੇ ਕੰਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਦੀ ਉਸਾਰੀ ਹਾਲੇ ਤੱਕ ਸ਼ੁਰੂ ਨਹੀਂ ਹੋ ਸਕੀ ਹੈ।
ਇਸ ਤਰ੍ਹਾਂ ਨਵਾਂਸ਼ਹਿਰ ਤੋਂ ਰਾਹੋਂ ਰੋਡ ਦਾ ਕਰੀਬ 8 ਕਿਲੋਮੀਟਰ ਤੱਕ ਦਾ ਸਫਰ ਕਰਨ ਵਾਲੇ ਵਾਹਨ ਚਾਲਕਾਂ ਅਤੇ ਲੋਕਾਂ ਦੀ ਜਾਨ ਹਰ ਸਮੇਂ ਤਲੀ ਤੇ ਧਰ ਕੇ ਲੰਘਣਾ ਪੈ ਰਿਹਾ ਹੈ। ਇਹੇ ਹਾਲਾਤ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ ਦੀ ਅਤੇ ਨਵਾਂਸ਼ਹਿਰ ਤੋਂ ਕਰਿਆਮ ਔੜ ਰੋਡ ਦੀ ਨਜ਼ਰ ਆ ਰਹੀ ਹੈ। ਭਾਵੇਂ ਆਪ ਸਰਕਾਰ ਪਿੰਡਾਂ ਵਿਚ ਜਿੰਮ ਅਤੇ ਖੇਡ ਸਟੇਡੀਅਮ ਖੋਲ੍ਹਣ ਲਈ ਗਰਾਂਟਾਂ ਦੇ ਗੱਫੇ ਵੰਡ ਰਹੀ ਹੈ ਪਰ ਇਲਾਕੇ ਦੀਆਂ ਖਸਤਾਹਾਲ ਸੜਕਾਂ ਵੱਲ ਆਪ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਜਿਸ ਕਾਰਨ ਪਿਛਲੇ ਚਾਰ ਸਾਲ 'ਚ ਹਲਕੇ 'ਚ ਹੋਏ ਵਿਕਾਸ ਕਾਰਜਾਂ ਦੀ ਪੋਲ ਖੁਲ੍ਹ ਗਈ ਹੈ। ਭਾਵੇਂ ਉਕਤ ਸੜਕਾਂ ਦੇ ਵੱਸਦੇ ਪਿੰਡਾਂ ਸਲੋਹ, ਪਿੰਡ ਬੇਗਮਪੁਰ, ਜਾਫਰਪੁਰ, ਹਿਆਲਾ, ਘੱਕੇਵਾਲ, ਕਰਿਆਮ, ਘਟਾਰੋਂ, ਮਹਿੰਦੀਪੁਰ, ਬਸਿਆਲਾ, ਦੇਨੋਵਾਲ ਕਲਾਂ ਦੇ ਨਾਲ ਨਾਲ ਇੰਨ੍ਹਾਂ ਸੜਕਾਂ ਦੇ ਸਥਿਤ ਧਾਰਮਿਕ ਅਸਥਾਨਾਂ ਸੂਰਜ ਕੁੰਡ, ਸ਼ਹੀਦਾਂ ਸਿੰਘਾਂ ਹਿਆਲਾ, ਦਾਣਾ ਮੰਡੀ ਰਾਹੋਂ, ਦਸ਼ਹਿਰਾ ਮੈਦਾਨ ਰਾਹੋਂ, ਤੋਂ ਇਲਾਵਾ ਇੰਨ੍ਹਾਂ ਸੜਕਾਂ ਰਾਹੀਂ ਸਕੂਲਾਂ, ਕਾਲਜਾਂ ਨੂੰ ਜਾਂਦੇ ਵਿਦਿਆਰਥੀਆਂ, ਮਾਪਿਆਂ, ਕਿਸਾਨਾਂ ਸਮੇਤ ਹੋਰਨਾਂ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਸਤਾਹਾਲ ਸੜਕਾਂ ਕਾਰਨ ਆਏ ਦਿਨ ਇਸ ਸੜਕ ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ ਪਰ ਨਾ ਤਾਂ ਇਸ ਸੜਕ ਦੀ ਰਿਪੇਅਰ ਜਾਂ ਮੁਰੰਮਤ ਵੱਲ ਆਪ ਸਰਕਾਰ ਦਾ ਧਿਆਨ ਜਾ ਰਿਹਾ ਹੈ ਨਾ ਹੀ ਕਿਸੇ ਅਫ਼ਸਰ ਵੱਲੋਂ ਇਸ ਦੇ ਨਿਰਮਾਣ ਵੱਲ ਬਣਦਾ ਗੌਰ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 2022 ਦੀਆਂ ਚੋਣਾਂ ਤੋਂ ਬਾਅਦ ਨਵਾਂਸ਼ਹਿਰ ਦਾ ਕਾਇਆ ਕਲਪ ਕਰਨ ਦੇ ਦਾਅਵੇ ਕਰਦਿਆਂ ਸੱਤਾ 'ਚ ਆਈ ਆਪ ਸਰਕਾਰ ਨੇ ਨਵਾਂਸ਼ਹਿਰ ਦੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਇਥੋਂ ਚੁਣ ਕੇ ਆਏ ਅਕਾਲੀ ਅਤੇ ਬਸਪਾ ਗੱਠਜੋੜ ਦੇ ਵਿਧਾਇਕ ਨਛੱਤਰ ਪਾਲ ਨੂੰ ਇਲਾਕੇ ਦੇ ਵਿਕਾਸ ਲਈ ਕੋਈ ਵੀ ਗਰਾਂਟ ਜਾਰੀ ਨਹੀਂ ਕੀਤੀ ਗਈ। ਜਿਸ ਕਾਰਨ ਇਲਾਕੇ ਦਾ ਵਿਕਾਸ ਠੱਪ ਹੋ ਗਿਆ। ਇਹੇ ਨਹੀਂ ਨਵਾਂਸ਼ਹਿਰ ਤੋਂ ਉਨ੍ਹਾਂ ਦੇ ਆਪਣੇ ਹਲਕੇ ਰਾਹੋਂ ਨੂੰ ਜਾਂਦੀ ਖਸਤਾਹਾਲ ਸੜਕ ਦੀ ਉਸਾਰੀ ਨਾ ਹੋਣ ਕਾਰਨ ਹੁਣ ਖੁਦ ਵਿਧਾਇਕ ਸਮੇਤ ਹੋਰ ਲੋਕ ਵੀ ਪਰੇਸ਼ਾਨ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਨਵਾਂਸ਼ਹਿਰ ਦੇ ਸਲੋਹ ਰੋਡ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਦੀ ਚਿੱਟੀ ਕੋਠੀ ਨੂੰ ਜਾਂਦੀ ਸੜਕ ਵੀ ਖਸਤਾਹਾਲ ਹੀ ਨਜ਼ਰ ਆ ਰਹੀ ਹੈ। ਇਲਾਕੇ ਦੇ ਲੋਕਾਂ ਸ਼ਾਮ ਲਾਲ, ਅਵਤਾਰ ਸਿੰਘ, ਪਰਮਜੀਤ ਸਿੰਘ, ਮੁਕੇਸ਼ ਕੁਮਾਰ, ਅਮਰਜੀਤ ਸਮੇਤ ਸਮੂਹ ਇਲਾਕਾ ਵਾਸੀਆਂ ਨੇ ਨਵਾਂਸ਼ਹਿਰ ਤੋਂ ਰਾਹੋਂ ਸੜਕ ਦੀ ਉਸਾਰੀ ਛੇਤੀ ਤੋਂ ਛੇਤੀ ਕਰਵਾਉਣ ਦੀ ਮੰਗ ਕੀਤੀ ਹੈ।
ਲੋਕਾਂ ਨੇ ਕਿਹਾ ਕਿ ਭਾਵੇਂ ਸੂਬਾ ਸਰਕਾਰ ਵੱਲੋਂ ਮਾਨਸੂਨ ਦੀ ਆਮਦ ਤੋਂ ਪਹਿਲਾ ਹਾੜ ਰੋਕੂ ਪ੍ਰਬੰਧਾਂ ਨੂੰ ਮੁਕੰਮਲ ਕਰਵਾਉਣ ਲਈ ਕਰੋੜਾ ਰੁਪਏ ਖਰਚਣ ਦੇ ਐਲਾਨ ਕੀਤੇ ਜਾ ਰਹੇ ਹਨ। ਪਰ ਇਲਾਕੇ ਦੀਆਂ ਖਸਤਾਹਾਲ ਸੜਕਾਂ ਵੱਲ ਨਾ ਤਾਂ ਆਪ ਸਰਕਾਰ ਧਿਆਨ ਦੇ ਰਹੀ ਹੈ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਅਫ਼ਸਰਾਨ ਸੰਜੀਦਾ ਨਜ਼ਰ ਆ ਰਹੇ ਹਨ। ਇਹੇ ਨਹੀਂ ਜੇਕਰ ਸਮੇਂ ਰਹਿੰਦੇ ਸੜਕ ਦੀ ਉਸਾਰੀ ਨਾ ਹੋਈ ਤਾਂ ਪ੍ਰੀਮਿਕਸ ਪਲਾਂਟਾਂ ਦੇ ਬੰਦ ਹੋਣ ਤੋਂ ਬਾਅਦ ਅਤੇ ਮਾਨਸੂਨ ਦੀ ਬਾਰਿਸ਼ ਦੌਰਾਨ ਇਸ ਸੜਕ ਦਾ ਹਾਲ ਹੋਰ ਵੀ ਮੰਦਾ ਹੋ ਜਾਣਾ ਹੈ। ਲੋਕਾਂ ਨੇ ਆਪ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਮੂਹ ਅਫ਼ਸਰਾਂ ਖਿਲਾਫ਼ ਰੋਸ ਜਤਾਉਂਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਸੁਣੀ ਗਈ ਤਾਂ ਮਜ਼ਬੂਰਨ ਉਨ੍ਹਾਂ ਨੂੰ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਇਲਾਕੇ ਦੀਆਂ ਖਸਤਾਹਾਲ ਸੜਕਾਂ ਦੀ ਉਸਾਰੀ ਛੇਤੀ ਤੋਂ ਛੇਤੀ ਕਰਵਾਉਣ ਦੀ ਮੰਗ ਕੀਤੀ ਹੈ। ਉਧਰ ਇਸ ਸਬੰਧ ਵਿਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਾਲ ਸੰਪਰਕ ਕਰਨ ਤੇ ਸੰਪਰਕ ਨਹੀਂ ਹੋ ਸਕਿਆ।