ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ’ਤੇ ‘ਆਪ’ ਦਾ ਦਬਦਬਾ 13 ਵਿੱਚੋਂ 11 ਵਾਰਡਾਂ ’ਚ ਜਿੱਤ ਦਰਜ
ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ’ਤੇ ‘ਆਪ’ ਦਾ ਦਬਦਬਾ 13 ਵਿੱਚੋਂ 11 ਵਾਰਡਾਂ ’ਚ ਜਿੱਤ ਦਰਜ
Publish Date: Fri, 29 May 2026 04:00 PM (IST)
Updated Date: Fri, 29 May 2026 04:02 PM (IST)

ਦੋ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਰਹੇ ਜੇਤੂ ਕਮਲਜੀਤ ਸਿੰਘ ਬਿਨਾਂ ਮੁਕਾਬਲਾ ਚੁਣੇ ਗਏ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13 ਵਿੱਚੋਂ 11 ਵਾਰਡਾਂ ’ਤੇ ਜਿੱਤ ਹਾਸਲ ਕਰਕੇ ਕੌਂਸਲ ’ਤੇ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਪਹਿਲਾਂ ਹੀ ਬਿਨ੍ਹਾਂ ਮੁਕਾਬਲਾ ਚੁਣੇ ਜਾ ਚੁੱਕੇ ਸਨ, ਜਦਕਿ ਬਾਕੀ 12 ਵਾਰਡਾਂ ਦੇ ਅੱਜ ਆਏ ਚੋਣ ਨਤੀਜੇ ਵੀ ਪਾਰਟੀ ਦੇ ਹੱਕ ਵਿੱਚ ਰਹੇ। ਇਸਤੋਂ ਇਲਾਵਾ ਸ਼ਹਿਰ ਦੇ ਦੋ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ। ਕਾਂਗਰਸ ਨੇ ਇਹ ਚੋਣ ਪਾਰਟੀ ਨਿਸ਼ਾਨ ’ਤੇ ਨਹੀਂ ਲੜੀ, ਜਦਕਿ ਭਾਜਪਾ ਨੇ 4 ਵਾਰਡਾਂ ਵਿਚ ਅਤੇ ਸ਼੍ਰੋਮਣੀ ਅਕਾਲੀ ਦਲ ਨੇ 6 ਵਾਰਡਾਂ ਵਿਚ ਚੋਣ ਲੜੀ ਸੀ, ਪ੍ਰੰਤੂ ਦੋਵੇਂ ਪਾਰਟੀਆਂ ਨੂੰ ਜਿੱਤ ਨਸੀਬ ਨਹੀਂ ਮਿਲੀ। ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਅਮਨਦੀਪ ਕੌਰ ਨੇ 355 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਗੁਰਪ੍ਰੀਤ ਕੌਰ 94 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੀ। ਵਾਰਡ ਨੰਬਰ 2 ਵਿੱਚ ਕੌਂਸਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ 369 ਵੋਟਾਂ ਪ੍ਰਾਪਤ ਕਰਕੇ ਪਰਮਵੀਰ ਸਿੰਘ ਰਾਣਾ (231 ਵੋਟਾਂ) ਨੂੰ ਹਰਾਇਆ। ਵਾਰਡ ਨੰਬਰ 3 ਵਿੱਚ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਪਤਨੀ ਕੁਲਵੰਤ ਕੌਰ 254 ਵੋਟਾਂ ਨਾਲ ਜੇਤੂ ਰਹੀ, ਜਦਕਿ ਅਕਾਲੀ ਦਲ ਦੀ ਪਰਵੀਨ ਕੁਮਾਰੀ ਨੂੰ 132 ਵੋਟਾਂ ਮਿਲੀਆਂ। ਵਾਰਡ ਨੰਬਰ 4 ਵਿੱਚ ਕਮਲਜੀਤ ਸਿੰਘ ਬਿਨ੍ਹਾਂ ਮੁਕਾਬਲਾ ਕੌਂਸਲਰ ਚੁਣੇ ਗਏ। ਵਾਰਡ ਨੰਬਰ 5 ਵਿੱਚ ਹਰਪਾਲ ਕੌਰ ਨੇ 249 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਕੁਲਦੀਪ ਕੌਰ ਨੂੰ 146 ਵੋਟਾਂ ਮਿਲੀਆਂ। ਵਾਰਡ ਨੰਬਰ 6 ਵਿੱਚ ਇੰਦਰਜੀਤ ਸਿੰਘ ਨੇ 311 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਮਹਿੰਦਰ ਸਿੰਘ ਵਾਲੀਆ 143 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ। ਵਾਰਡ ਨੰਬਰ 7 ਵਿੱਚ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਨੇ 220 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਮਨਪ੍ਰੀਤ ਕੌਰ ਨੂੰ 177 ਵੋਟਾਂ ਮਿਲੀਆਂ। ਵਾਰਡ ਨੰਬਰ 8 ਵਿੱਚ ਆਮ ਆਦਮੀ ਪਾਰਟੀ ਦੇ ਸੁਨੀਲ ਕੁਮਾਰ ਨੇ 435 ਵੋਟਾਂ ਨਾਲ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਅਤੇ ਇਥੇ ਰਾਮ ਸਿੰਘ 174 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ। ਵਾਰਡ ਨੰਬਰ 9 ਵਿੱਚ ਆਜ਼ਾਦ ਉਮੀਦਵਾਰ ਜਸਵੀਰ ਕੌਰ ਨੇ 338 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਕਮਲਦੀਪ ਕੌਰ ਨੂੰ 262 ਵੋਟਾਂ ਮਿਲੀਆਂ। ਵਾਰਡ ਨੰਬਰ 10 ਵਿੱਚ ਸੁਖਦੇਵ ਸਿੰਘ ਨੇ 386 ਵੋਟਾਂ ਨਾਲ ਜਿੱਤ ਦਰਜ ਕੀਤੀ ਅਤੇ ਮਦਨ ਲਾਲ 246 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ। ਵਾਰਡ ਨੰਬਰ 11 ਵਿੱਚ ਦੀਪਕ ਆਂਗਰਾ ਨੇ 396 ਵੋਟਾਂ ਹਾਸਲ ਕਰਕੇ ਜਸਵਿੰਦਰ ਸਿੰਘ (263 ਵੋਟਾਂ) ਨੂੰ ਪਿੱਛੇ ਛੱਡਿਆ। ਵਾਰਡ ਨੰਬਰ 12 ਵਿੱਚ ਜਤਿਨ ਕੌਸ਼ਲ 359 ਵੋਟਾਂ ਨਾਲ ਜੇਤੂ ਰਹੇ, ਜਦਕਿ ਨੀਰਜਾ ਮਹਿਤਾ ਦੂਜੇ ਸਥਾਨ ’ਤੇ ਰਹੀ। ਵਾਰਡ ਨੰਬਰ 13 ਵਿੱਚ ਅਰਸ਼ਵਰਿੰਦਰ ਕੌਰ ਨੇ 344 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਸਰਬਜੀਤ ਕੌਰ ਨੂੰ 306 ਵੋਟਾਂ ਮਿਲੀਆਂ। ਇਨ੍ਹਾਂ ਨਤੀਜਿਆਂ ਨਾਲ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਵਿੱਚ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਟੀਮ ਵੱਲੋਂ ਲੜੀਆਂ ਗਈਆਂ ਇਨ੍ਹਾਂ ਚੋਣਾਂ ਨੂੰ ਪਾਰਟੀ ਲਈ ਵੱਡੀ ਸਿਆਸੀ ਸਫਲਤਾ ਮੰਨਿਆ ਜਾ ਰਿਹਾ ਹੈ। ਨਤੀਜੇ ਐਲਾਨੇ ਜਾਣ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਢੋਲ ਵਜਾ ਕੇ ਜਸ਼ਨ ਮਨਾਇਆ, ਜਦਕਿ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦਾ ਭਰੋਸਾ ਦਿੱਤਾ। ਉਪਰੰਤ ਜੇਤੂਆਂ ਵੱਲੋ ਗੁਰੂ ਕਰਨਾ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ।