ਟਰੇਨ ’ਚੋਂ ਡਿੱਗਣ ਨਾਲ ਨੌਜਵਾਨ ਦੀ ਦਰਦਨਾਕ ਮੌਤ
ਨੰਗਲ ਡੈਮ ਫਾਟਕ ਕੋਲ ਟ੍ਰੇਨ ਦੇ ਦਰਵਾਜੇ 'ਚੋਂ ਬਾਹਰ ਲਟਕ ਰਹੇ ਨੌਜਵਾਨ ਦੀ ਬੂਥ ਨਾਲ ਵੱਜਣ ਕਾਰਨ ਦਰਦਨਾਕ ਮੌਤ
Publish Date: Wed, 20 May 2026 04:44 PM (IST)
Updated Date: Wed, 20 May 2026 04:46 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਬੀਤੀ ਰਾਤ ਨੰਗਲ ਡੈਮ ਦੇ ਫਾਟਕ ਨਜ਼ਦੀਕ ਇੱਕ ਬਹੁਤ ਹੀ ਦੁਖਦਾਈ ਅਤੇ ਰੂਹ ਕੰਬਾਊ ਹਾਦਸਾ ਸਾਹਮਣੇ ਆਇਆ ਹੈ। ਊਨਾ ਤੋਂ ਦਿੱਲੀ ਵੱਲ ਜਾ ਰਹੀ ਟ੍ਰੇਨ ਵਿੱਚ ਸਵਾਰ ਇੱਕ ਨੌਜਵਾਨ, ਜੋ ਕਿ ਰੇਲ ਗੱਡੀ ਦੇ ਦਰਵਾਜ਼ੇ/ਖਿੜਕੀ ਕੋਲ ਖੜ੍ਹਾ ਸੀ, ਰੇਲਵੇ ਲਾਈਨ ਦੇ ਨਾਲ ਬਣੇ ਗੇਟਮੈਨ ਦੇ ਬੂਥ ਨਾਲ ਬੁਰੀ ਤਰ੍ਹਾਂ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਸਿੱਧਾ ਹੇਠਾਂ ਪਟੜੀ ਤੇ ਜਾ ਡਿੱਗਿਆ ਅਤੇ ਚਲਦੀ ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੇ ਸਰੀਰ ਦੇ ਦੋ ਟੁਕੜੇ ਹੋ ਗਏ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਮੌਜੂਦ ਚਸ਼ਮਦੀਦ ਗਵਾਹ ਇਮਰਾਨ ਖ਼ਾਨ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਕਿਸੇ ਨੂੰ ਛੱਡਣ ਲਈ ਨੰਗਲ ਵੱਲ ਜਾ ਰਿਹਾ ਸੀ। ਉਸ ਵੇਲੇ ਫਾਟਕ ਬੰਦ ਸੀ ਅਤੇ ਊਨਾ-ਬਰੇਲੀ ਵਾਲੀ ਟ੍ਰੇਨ ਉੱਥੋਂ ਲੰਘ ਰਹੀ ਸੀ। ਇਮਰਾਨ ਮੁਤਾਬਕ ਇੱਕ ਲੜਕਾ ਅਚਾਨਕ ਟ੍ਰੇਨ ਦੇ ਦਰਵਾਜ਼ੇ ਕੋਲ ਆਇਆ। ਸ਼ਾਇਦ ਡੈਮ ਦੇਖ ਕੇ ਜਾਂ ਹਵਾ ਲੈਣ ਲਈ ਉਹ ਬਾਹਰ ਵੱਲ ਝੁਕਿਆ, ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਅੱਗੇ ਰੇਲਵੇ ਦੀ ਸ਼ੈੱਡ ਹੈ। ਉਸ ਦਾ ਸਿਰ ਸਿੱਧਾ ਉਸ ਗੁੰਮਟੀ ਨਾਲ ਜਾ ਵੱਜਿਆ। ਦੇਖਦਿਆਂ-ਦੇਖਦਿਆਂ ਉਹ ਹੇਠਾਂ ਡਿੱਗਿਆ ਅਤੇ ਟ੍ਰੇਨ ਲੰਘਣ ਤੋਂ ਬਾਅਦ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਸ ਦੇ ਸਰੀਰ ਦੇ ਦੋ ਹਿੱਸੇ ਹੋ ਚੁੱਕੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਢਲੀ ਜਾਂਚ ਮੁਤਾਬਕ ਨੌਜਵਾਨ ਟ੍ਰੇਨ ਦੇ ਗੇਟ ਵਿੱਚ ਖੜ੍ਹਾ ਸੀ ਅਤੇ ਅਚਾਨਕ ਸੰਤੁਲਨ ਵਿਗੜਨ ਜਾਂ ਬਾਹਰ ਵੱਲ ਝੁਕਣ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਨਾਲ ਉਸਦੇ ਪਰਿਵਾਰਿਕ ਮੈਂਬਰ ਵੀ ਸਵਾਰ ਸਨ, ਜੋ ਹਾਦਸੇ ਤੋਂ ਬਾਅਦ ਅਗਲੇ ਸਟੇਸ਼ਨ ਤੇ ਉੱਤਰ ਕੇ ਰੇਲਵੇ ਚੌਂਕੀ ਪਹੁੰਚ ਗਏ ਹਨ। ਫਿਲਹਾਲ ਮ੍ਰਿਤਕ ਦੀ ਪੂਰੀ ਆਈਡੈਂਟਿਟੀ ਸਾਹਮਣੇ ਨਹੀਂ ਆ ਸਕੀ ਹੈ, ਪਰ ਦੇਖਣ ਵਿੱਚ ਉਹ ਪ੍ਰਵਾਸੀ ਪ੍ਰਤੀਤ ਹੋ ਰਿਹਾ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।