ਮਿਹਨਤਕਸ਼ ਲੋਕਾਂ ਦੀ ਲੁੱਟ ਵਿਰੁੱਧ ਸੀ ਪੀ ਆਈ ਐਮ ਦੇ ਚੱਲੇ ਜਥੇ ਦਾ ਪੁੱਜਣ ’ਤੇ ਕੀਤਾ ਨਿੱਘਾ ਸਵਾਗਤ

ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 24 ਮਾਰਚ ਨੂੰ ਦਿੱਲੀ ਰੈਲੀ ’ਚ ਸ਼ਾਮਲ ਹੋਵੋ : ਕਾਮਰੇਡ
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ
ਨੰਗਲ, ਕੇਂਦਰ ਦੀ ਮੋਦੀ ਸਰਕਾਰ ਅਤੇ ਸੁਬਾਈ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਵੱਲੋਂ ਸੂਬੇ ਵਿਚ ਕੀਤੇ ਜਾ ਰਹੇ ਜਥਾ ਮਾਰਚ ਦਾ ਅੱਜ ਦੇਰ ਸ਼ਾਮ ਇੱਥੇ ਪੁੱਜਣ ’ਤੇ ਮੁਹੱਲਾ ਰਾਜ ਨਗਰ ਵਿਚ ਜ਼ੋਰਦਾਰ ਸਵਾਗਤ ਕੀਤਾ ਅਤੇ ਜਥੇ ਦੇ ਨਾਲ ਆਏ ਹੋਏ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਅੱਜ ਜਥੇ ਦੀ ਅਗਵਾਈ ਸੀ ਪੀ ਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸਕੱਤਰੇਤ ਮੈਂਬਰ ਮੇਜਰ ਸਿੰਘ ਭੀਖੀਵਿੰਡ, ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਜਥਾ ਪੁੱਜਿਆ। ਇਸ ਮੌਕੇ ’ਤੇ ਜੁੜੇ ਇਕੱਠ ਵਿਚ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸੀ ਪੀ ਆਈ ਐਮ ਵੱਲੋਂ ਦੇਸ਼ ਪੱਧਰ ’ਤੇ 24 ਮਾਰਚ ਨੂੰ ਦਿੱਲੀ ਰਾਮਲੀਲਾ ਮੈਦਾਨ ਵਿਚ ਭਾਰੀ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਸ਼ਾਮਿਲ ਕਰਵਾਉਣ ਲਈ ਪਾਰਟੀ ਨੇ ਜਥਾ ਮਾਰਚ 11 ਮਾਰਚ ਤੋਂ ਆਰੰਭਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਿਹਨਤਕਸ਼ ਲੋਕਾਂ ਉੱਤੇ ਲਗਾਤਾਰ ਹਮਲੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਮਜ਼ਦੂਰਾਂ ਦੀ ਲੁੱਟ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਹਨਾਂ ਲੇਬਰ ਕੋਡਾ ਨਾਲ ਮਜ਼ਦੂਰਾਂ ਦੀਆਂ ਘੱਟੋ ਘੱਟ ਤਨਖਾਹ ਦੀ ਕੋਈ ਸਪੱਸ਼ਟਤਾ ਨਹੀਂ ਹੋਵੇਗੀ। ਤਨਖਾਹ ਸਮੇਂ ਸਿਰ ਦੇਣ ਦੀ ਗੱਲ ਦੂਰ ਰਹੀ ਮਿੱਲਾਂ ਦੇ ਮਾਲਕ ਗੈਰ ਕਾਨੂੰਨੀ ਕਟੌਤੀਆਂ ਓਵਰ ਟਾਈਮ ’ਤੇ ਡਬਲ ਰੇਟ ਵਰਗਿਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੋਵੇਗਾ। ਮਜ਼ਦੂਰਾਂ ਕੋਲੋਂ 12 ਘੰਟੇ ਕੰਮ ਲਿਆ ਜਾਵੇਗਾ। ਪੱਕੀਆਂ ਨੌਕਰੀਆਂ ਘੱਟ ਕੀਤੀਆਂ ਜਾ ਰਹੀਆਂ ਹਨ, ਠੇਕੇਦਾਰੀ ਸਿਸਟਮ ਨੂੰ ਵਧਾਇਆ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਤੋੜ ਦਿੱਤਾ ਹੈ। ਪਿਛਲੇ ਕਈ ਸਾਲਾਂ ਤੋਂ ਕੇਂਦਰ ਦੀ ਸਰਕਾਰ ਨੇ ਮਨਰੇਗਾ ਲਈ ਫੰਡ ਘਟਾਇਆ ਹੈ। ਹੁਣ ਵੀ ਬੀ ਜੀ ਗ੍ਰਾਮ ਜੀ ਐਕਟ ਬਣਾ ਕੇ 60 -40 ਦਾ ਅਨੁਪਾਤ ਕਰ ਦਿੱਤਾ ਹੈ। ਜਿਸ ਨਾਲ ਸੂਬਾ ਸਰਕਾਰਾਂ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਤੋਂ ਅਸਮਰਥ ਹੋ ਜਾਣਗੀਆਂ। ਉਹਨਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਬੀਜ ਬਿੱਲ 2025, ਬਿਜਲੀ ਸੋਧ ਬਿਲ 2025 ਨੂੰ ਰੱਦ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਮਰੀਕਾ ਨਾਲ ਜੋ ਖੇਤੀ ਸਬੰਧੀ ਸਮਝੌਤੇ ਕਰ ਰਹੀ ਹੈ। ਇਹ ਦੇਸ਼ ਦੀ ਕਿਸਾਨੀ ਲਈ ਮੌਤ ਦੇ ਵਾਰੰਟ ਸਾਬਤ ਹੋਣਗੇ। ਇਸ ਮੌਕੇ ’ਤੇ ਕਾਮਰੇਡ ਸੇਖੋਂ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਗੈਂਗਸਟਰਾਂ ਵੱਲੋਂ ਜਬਰਨ ਫਰੌਤੀਆਂ, ਕਤਲਾਂ ਦੀਆਂ ਵਾਰਦਾਤਾਂ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਸਰਕਾਰ ਬੇਵੱਸ ਨਜ਼ਰ ਆ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੀ ਠੁੱਸ ਹੋ ਗਈ ਹੈ।ਉਹਨਾਂ ਨੇ ਕਿਹਾ ਕਿ ਆਪ ਦੇ ਸਰਪੰਚ ਕੋਲੋਂ 18 ਕਿਲੋ ਹੈਰੋਇਨ ਫੜਨੀ ਵੀ ਪੰਜਾਬ ਦੇ ਲੋਕਾਂ ਲਈ ਇੱਕ ਸ਼ੀਸ਼ਾ ਹੈ ਕਿ ਸਰਪੰਚ ਆਪ ਹੀ ਨਸ਼ਿਆਂ ਦੇ ਜਾਲ ਵਿਚ ਲੋਕਾਂ ਨੂੰ ਫਸਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਸਰਕਾਰੀ ਜਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ ਅਤੇ ਪੰਜਾਬ ਸਿਰ ਲਗਾਤਾਰ ਕਰਜਾ ਵੱਧਦਾ ਜਾ ਰਿਹਾ। ਉਹਨਾਂ ਨੇ ਹਾਜ਼ਰ ਮਜ਼ਦੂਰਾਂ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ 24 ਮਾਰਚ ਦੀ ਦਿੱਲੀ ਰੈਲੀ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ। ਇਸ ਮੌਕੇ ਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਜਤਿੰਦਰ ਪਾਲ ਸਿੰਘ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ, ਜਿਲਾ ਸਕੱਤਰ ਕਾਮਰੇਡ ਬਜਿੰਦਰ ਪੰਡਤ, ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਸਤਨਾਮ ਸਿੰਘ ਤਹਿਸੀਲ ਸਕੱਤਰ, ਰਕੇਸ਼ ਬਾਲੀ ਕਲਸੇੜਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਜ਼ਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਭੰਗਲ, ਰਜਿੰਦਰ ਸਿੰਘ ਡੋਡ, ਸੁਖਦੇਵ ਸਿੰਘ, ਕੁਲਵੰਤ ਪਾਠਕ, ਮਹਿੰਦਰ ਸਿੰਘ ਸੰਗਤਪੁਰ, ਤਰਸੇਮ ਸੁਖਸਾਲ, ਸੁਰਜੀਤ ਸਿੰਘ ਨੰਗਲ, ਤਿਲਕ ਰਾਜ, ਰਘਵੀਰ ਸਿੰਘ ਦਰਸ਼ੀ, ਮਮਤਾ ਦੇਵੀ, ਰੀਨਾ, ਛੰਨੋ, ਅਨੀਤਾ, ਰੀਟਾ, ਨੀਤੂ, ਸੋਨੂ ਸਮੇਤ ਹੋਰ ਆਗੂ ਵੀ ਗਿਣਤੀ ਵਿਚ ਹਾਜ਼ਰ ਸਨ।