ਔੜ ਦੇ ਦੁਕਾਨਦਾਰ 'ਤੇ ਹੋਇਆ ਜਾਨਲੇਵਾ ਹਮਲਾ
ਔੜ ਵਿਖੇ ਦੁਕਾਨਦਾਰ 'ਤੇ ਹੋਇਆ ਜਾਨਲੇਵਾ ਹਮਲਾ
Publish Date: Wed, 22 Apr 2026 05:20 PM (IST)
Updated Date: Wed, 22 Apr 2026 05:22 PM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ ਔੜ : ਬੀਤੀ ਰਾਤ ਔੜ ਵਿਖੇ ਇਕ ਦੁਕਾਨਦਾਰ ’ਤੇ ਜਾਨਲੇਵਾ ਹਮਲਾ ਹੋਇਆ ਹੈ। ਅਨੰਦ ਗਰੋਸਰੀ ਹੱਬ ਦੇ ਮਾਲਕ ਰਾਮ ਲੁਭਾਇਆ ਨੇ ਦੱਸਿਆ ਕਿ ਬੀਤੀ ਰਾਤ ਲਗਭਗ 10.30 ਵਜੇ ਉਨ੍ਹਾਂ ਦਾ ਬੇਟਾ ਹਰੀਸ਼ ਆਨੰਦ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਜਾਣ ਲਈ ਦੁਕਾਨ ਦਾ ਸ਼ਟਰ ਲਗਾਉਣ ਲੱਗਾ ਸੀ। ਉਸੇ ਵਕਤ ਤਿੰਨ-ਚਾਰ ਵਿਅਕਤੀਆਂ ਵੱਲੋਂ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਤੇ ਬਾਅਦ ’ਚ ਉਹ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵੱਲੋਂ ਹਰੀਸ਼ ਆਨੰਦ ਦੇ ਮੂੰਹ ਤੇ ਬਹੁਤ ਬੁਰੀ ਤਰ੍ਹਾਂ ਵਾਰ ਕੀਤੇ, ਜਿਸ ਨਾਲ ਉਸ ਦੇ ਮੱਥੇ ਤੇ ਤਿੱਖੇ ਤੇ ਡੂੰਘੇ ਟੱਕ ਵੱਜੇ ਹਨ। ਜ਼ਖ਼ਮੀ ਹਰੀਸ਼ ਆਨੰਦ ਨੂੰ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ। ਉਸਦੇ ਮੂੰਹ ਤੇ ਲਗਪਗ 20 ਟਾਂਕੇ ਲੱਗੇ ਹਨ। ਪਿੰਡ ਦੇ ਸਰਪੰਚ ਕਮਲਜੀਤ ਦੁੱਗਲ ਤੇ ਸਾਬਕਾ ਸਰਪੰਚ ਜੀਵਨ ਕੁਮਾਰ ਬਿੱਟੂ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਔੜ ਚ ਬਹੁਤ ਹੋ ਰਹੀਆਂ ਹਨ, ਜਿਸ ਨਾਲ ਔੜ ਚ ਦਹਿਸ਼ਤ ਦਾ ਮਾਹੌਲ ਹੈ। ਹਰੀਸ਼ ਆਨੰਦ ਦੇ ਪਿਤਾ ਰਾਮ ਲੁਭਾਇਆ ਵੱਲੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਹਮਲਵਾਰਾਂ ਨੂੰ ਫੜਿਆ ਜਾਵੇ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਡੀਐੱਸਪੀ ਪੰਕਜ ਸ਼ਰਮਾ ਤੇ ਐੱਸਐੱਚਓ ਸੁਖਪਾਲ ਸਿੰਘ ਗਿੱਲ ਵੱਲੋਂ ਮੌਕੇ ਤੇ ਜਾ ਕੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲਣੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਭਰੋਸਾ ਦਿੱਤਾ ਕਿ ਹਮਲਾਵਰ ਜਲਦੀ ਫੜੇ ਜਾਣਗੇ।