ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਨੂਰਪੁਰਬੇਦੀ ’ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ
Publish Date: Mon, 06 Oct 2025 06:16 PM (IST)
Updated Date: Tue, 07 Oct 2025 04:05 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ’ਚ ਅੱਜ ਨੂਰਪੁਰਬੇਦੀ ਸ਼ਹਿਰ ’ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਹਿਤ ਹੋਰਨਾਂ ਸਖਸ਼ੀਅਤਾਂ ਨੇ ਸ਼ਰਧਾਪੂਰਵਕ ਭਾਗ ਲਿਆ। ਉਕਤ ਸ਼ੋਭਾ ਯਾਤਰਾ ਸ਼ਹਿਰ ਦੇ ਪ੍ਰਾਚੀਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋਈ, ਜੋ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਚੋਂ ਹੁੰਦੀ ਹੋਈ ਵਾਪਿਸ ਮੰਦਰ ਵਿਖੇ ਸੰਪੰਨ ਹੋਈ। ਸ਼ੋਭਾ ਯਾਤਰਾ ’ਚ ਲਵ ਕੁਸ਼, ਵੀਰ ਹਨੂੰਮਾਨ ਅਤੇ ਮਹਾਰਿਸ਼ੀ ਵਾਲਮੀਕਿ ਸਹਿਤ ਵੱਖ ਵੱਖ ਝਾਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਸ਼ੋਭਾ ਯਾਤਰਾ ਨਾਲ ਚਲ ਰਹੀਆਂ ਸੰਗਤਾਂ ਵੱਲੋਂ ਮਹਾਰਿਸ਼ੀ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਰਿਹਾ ਸੀ। ਇਸ ਦੌਰਾਨ ਸ਼ੋਭਾ ਯਾਤਰਾ ’ਚ ਸ਼ਾਮਲ ਸੰਗਤਾਂ ਦਾ ਜਿੱਥੇ ਸ਼ਹਿਰਵਾਸੀਆਂ ਵੱਲੋਂ ਵੱਖ ਵੱਖ ਥਾਈਂ ਭਰਵਾਂ ਸਵਾਗਤ ਕੀਤਾ ਗਿਆ, ਉਥੇ ਹੀ ‘ਜੈ ਮਹਾਰਿਸ਼ੀ ਵਾਲਮੀਕਿ ਜੀ’ ਦੇ ਜੈਕਾਰਿਆਂ ਨੇ ਸਮੁੱਚਾ ਮਾਹੌਲ ਭਗਤੀ ਦੇ ਰੰਗ ’ਚ ਰੰਗ ਦਿੱਤਾ। ਇਸ ਤੋਂ ਪਹਿਲਾਂ ਪਵਨ ਕੁਮਾਰ ਨੇ ਸ਼ੋਭਾ ਯਾਤਰਾ ਦੀ ਆਰੰਭਤਾ ਕਰਵਾਈ ਅਤੇ ਸੰਗਤਾਂ ਨੂੰ ਮਹਾਰਿਸ਼ੀ ਵਾਲਮੀਕਿ ਜੀ ਦੀ ਉਪਦੇਸ਼ਕ ਜੀਵਨ ਕਥਾ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ। ਪ੍ਰਬੰਧਕਾਂ ਨੇ ਦੱਸਿਆ ਕਿ 7 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਮਹਾਰਿਸ਼ੀ ਵਾਲਮੀਕਿ ਮੰਦਰ ਨੂਰਪੁਰਬੇਦੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ ਅਤੇ ਦਿਨ ਸਮੇਂ ਅਤੁੱਟ ਲੰਗਰ ਲਗਾਇਆ ਜਾਵੇਗਾ। ਜਦਕਿ ਰਾਤ ਸਮੇਂ ਜਾਗਰਣ ਦੌਰਾਨ ਵੱਖ-ਵੱਖ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰ ਕੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ।