ਪਿੰਡ ਦੋਲੋਵਾਲ ਕਰੈਸ਼ਰਾ ਨਜ਼ਦੀਕ ਇੱਕ ਲਾਸ਼ ਬਰਾਮਦ, ਨਜ਼ਦੀਕ ਮੋਟਰਸਾਈਕਲ ਬਰਾਮਦ
ਪਿੰਡ ਦੋਲੋਵਾਲ ਕਰੈਸ਼ਰਾ ਨਜ਼ਦੀਕ ਇੱਕ ਲਾਸ਼ ਬਰਾਮਦ, ਨਜ਼ਦੀਕ ਮੋਟਰਸਾਈਕਲ ਬਰਾਮਦ
Publish Date: Sat, 11 Apr 2026 05:22 PM (IST)
Updated Date: Sat, 11 Apr 2026 05:26 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਪਿੰਡ ਦੋਲੋਵਾਲ ਖੱਡ ਵਿਚ ਕਰੈਸ਼ਰਾਂ ਦੇ ਨਜ਼ਦੀਕ ਇੱਕ ਲਾਸ਼ ਬਰਾਮਦ ਹੋਈ ਹੈ, ਪਿੰਡ ਵਾਲਿਆਂ ਨੇ ਜਦੋਂ ਲਾਸ਼ ਦੇਖੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਕੇ ਜਾਂਚ ਵਿਚ ਜੁੱਟ ਗਿਆ ਹੈ। ਜਦੋਂ ਪਿੰਡ ਵਾਲਿਆਂ ਨੇ ਲਾਸ਼ ਦੇਖੀ ਤਾਂ ਪਿੰਡ ਵਿਚ ਸਨਸਨੀ ਫੈਲ ਗਈ, ਜਦੋਂ ਥਾਣਾ ਮੁੱਖੀ ਰਾਹੁਲ ਸ਼ਰਮਾ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਲਾਸ਼ ਮੂੰਦੇ ਦੇ ਮੂੰਹ ਪਾਣੀ ਦੇ ਵਿਚ ਡਿੱਗੀ ਹੋਈ ਸੀ, ਦੇਖਣ ਤੋਂ ਲੱਗਦਾ ਸੀ ਕਿ ਇਹ ਕਿਸੇ ਔਰਤ ਦੀ ਲਾਸ਼ ਹੈ, ਜਿਸ ਨੇ ਜਾਮਣੀ ਰੰਗ ਦੀ ਟੀ ਸ਼ਰਟ ਅਤੇ ਲੋਅਰ ਪਾਈ ਹੋਈ ਸੀ ਅਤੇ ਪੀਲੇ ਰੰਗ ਦਾ ਸਰੀਰ ‘ਤੇ ਪਰਨਾ ਲਪੇਟਿਆ ਹੋਇਆ ਸੀ, ਸਿਰ ‘ਤੇ ਔਰਤਾਂ ਵਾਂਗ ਜੂੜਾ ਕੀਤਾ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਫੋਰੈਂਸਿਕ ਟੀਮਾਂ ਮੌਕੇ ‘ਤੇ ਬੁਲਾਈਆਂ। ਫੋਰੈਂਸਿਕ ਟੀਮਾਂ ਅਤੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਜਦੋਂ ਲਾਸ਼ ਨੂੰ ਬਾਹਰ ਕੱਢਿਆ ਤਾਂ ਇਹ ਲਾਸ਼ ਨੌਜਵਾਨ ਲੜਕੇ ਦੀ ਸੀ। ਨਜ਼ਦੀਕ ਹੀ ਇੱਕ ਮੋਟਰਸਾਈਕਲ ਹੀਰੋ ਡੀਲਕਸ ਮਾਰਕਾ ਖੜ੍ਹਾ ਸੀ ਜਿਸ ਦਾ ਨੰਬਰ ਪੀ,ਬੀ 16 ਜੀ 3257 ਹੈ। ਪੁਲਿਸ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਮੋਟਰਸਾਈਕਲ ਸ੍ਰੀ ਅਨੰਦਪੁਰ ਸਾਹਿਬ ਦੇ ਨੰਬਰ ਦਾ ਹੈ ਜੋ ਕਿ ਔਰਤ ਦੇ ਨਾਮ ’ਤੇ ਰਜਿਸਟਰਡ ਹੈ। ਥਾਣਾ ਮੁੱਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਜਾਣਕਾਰੀ ਅਨੁਸਾਰ ਮਰਨ ਵਾਲੇ ਨੌਜਵਾਨ ਦਾ ਨਾਮ ਦਿਲਸ਼ੇਰ ਸਿੰਘ ਸ਼ੈਰੀ ਹੈ ਜੋ ਕਿ ਪਿੰਡ ਦਬੂੜ ਦਾ ਰਹਿਣ ਵਾਲਾ ਹੈ। ਪਹਿਲੀ ਨਜ਼ਰ ਤੋਂ ਇਹ ਮਾਮਲਾ ਨਸ਼ੇ ਦੀ ਓਵਰਡੋਜ ਦਾ ਲੱਗਦਾ ਹੈ। ਪੁਲਿਸ ਨਜ਼ਦੀਕੀ ਪਿੰਡ ਵਾਲਿਆਂ ਦੇ ਬਿਆਨ ਵੀ ਦਰਜ ਕਰ ਰਹੀ ਹੈ। ਪਿੰਡ ਦੇ ਨਜ਼ਦੀਕ ਲਾਸ਼ ਬਰਾਮਦ ਹੋਣ ਕਾਰਨ ਪਿੰਡ ਵਾਲਿਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਾਫੀ ਲੰਮੇ ਸਮੇਂ ਤੋਂ ਇਸ ਜਗ੍ਹਾ ‘ਤੇ ਬਾਹਰੀ ਨੌਜਵਾਨਾਂ ਦਾ ਆਉਣਾ ਜਾਣਾ ਜਾਰੀ ਹੈ, ਅਤੇ ਪਿੰਡ ਦੇ ਲੋਕ ਮੱਝਾਂ ਚਰਾਉਣ ਜਾ ਆਪਣੇ ਖੇਤ ਬੰਨੇ ਜਾਣ ਤੋਂ ਵੀ ਡਰਦੇ ਹਨ। ਥਾਣਾ ਮੁੱਖੀ ਨੇ ਦੱਸਿਆ ਕੀ ਨਜ਼ਦੀਕੀ ਸੀਸੀਟੀਵੀ ਕੈਮਰੇ ਦੇਖੇ ਜਾਣਗੇ ਅਤੇ ਲਾਸ਼ ਦੀ ਪਹਿਚਾਣ ਤੋਂ ਬਾਅਦ ਉਕਤ ਨੌਜਵਾਨ ਦੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ ਅਤੇ ਪੁਲਿਸ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਰਹੀ ਹੈ।